ਓਟਾਵਾ, 18 ਜੂਨ
ਕੈਨੇਡਾ ਦੀ ਮੁੱਖ ਜਨ ਸਿਹਤ ਅਧਿਕਾਰੀ ਥੈਰੇਸਾ ਟੈਮ ਨੇ ਦੇਸ਼ ਵਿੱਚ ਸ਼ੁੱਕਰਵਾਰ ਤੱਕ ਮੌਂਕੀਪੌਕਸ ਦੇ ਕੁੱਲ 168 ਕੇਸਾਂ ਦੀ ਪੁਸ਼ਟੀ ਕੀਤੀ ਹੈ। ਸਿਨਹੂਆ ਨਿਊਜ ਏਜੰਸੀ ਅਨੁਸਾਰ ਇੱਕ ਸਿਹਤ ਸੰਮੇਲਨ ਵਿੱਚ ਉਨ੍ਹਾਂ ਕਿਹਾ ਕਿ ਇਹ ਪੁਸ਼ਟੀ ਕੀਤੇ ਕੇਸ ਕੌਮੀ ਪੱਧਰ ’ਤੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਦੋ, ਅਲਬਰਟਾ ਤੋਂ ਚਾਰ, ਓਂਟਾਰੀਓ 21 ਅਤੇ ਕਿਊਬਿਕ ਤੋਂ 141 ਮਾਮਲੇ ਸ਼ਾਮਲ ਹਨ। ਟੈਮ ਨੇ ਕਿਹਾ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਹੇ ਹਨ ਕਿ ਇਹ ਵਾਇਰਸ ਕਿਵੇਂ ਫ਼ੈਲਦਾ ਹੈ। ਉਨ੍ਹਾਂ ਕਿਹਾ, ‘‘ਅਸੀਂ ਮੌਂਕੀਪੌਕਸ ਦੇ ਵਧ ਰਹੇ ਕੇਸਾਂ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਾਂ, ਜਿਸ ਵਿੱਚ ਸੂੁਬਿਆਂ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਵੀ ਸ਼ਾਮਲ ਹੈ।’’ ਕੈਨੇਡਾ ਦੀ ਜਨ ਸਿਹਤ ਏਜੰਸੀ ਨੂੰ ਰਿਪੋਰਟ ਅਨੁਸਾਰ ਇਹ ਸਾਰੇ ਕੇਸ ਪੁਰਸ਼ਾਂ ਨਾਲ ਸਬੰਧਤ ਹਨ ਤੇ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਉਮਰ 20 ਤੋਂ 69 ਸਾਲ ਦੇ ਵਿਚਕਾਰ ਹੈ। -ਆਈਏਐੱਨਐੱਸ