ਹਰਜੀਤ ਲਸਾੜਾ
ਬ੍ਰਿਸਬਨ, 17 ਜੂਨ
ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ਦੀ ਰਹਿਣ ਵਾਲੀ ਪਿੰਕੀ ਸਿੰਘ ਨੂੰ ਸਮਾਜ ਲਈ ਉਸ ਦੀਆਂ ਵਿਲੱਖਣ ਸੇਵਾਵਾਂ ਵਾਸਤੇ ਇਸ ਸਾਲ ‘ਮੈਡਲ ਆਫ਼ ਦਿ ਆਰਡਰ ਆਫ਼ ਆਸਟਰੇਲੀਆ’ (ਓਏਐਮ) ਨਾਲ ਸਨਮਾਨਿਤ ਕੀਤਾ ਜਾਵੇਗਾ। ਉਹ 2016 ਵਿੱਚ ਭਾਰਤੀ ਮੂਲ ਦੇ ਬੱਸ ਡਰਾਈਵਰ ਮਰਹੂਮ ਮਨਮੀਤ ਅਲੀਸ਼ੇਰ ਦੀ ਹੱਤਿਆ ਬਾਰੇ ਫੰਡ ਇਕੱਠਾ ਕਰਨ ਅਤੇ ਜਾਗਰੂਕਤਾ ਵਿੱਚ ਸਰਗਰਮੀ ਨਾਲ ਸ਼ਾਮਲ ਸਨ। ਭਾਰਤ ਵਿੱਚ ਜਨਮੀ ਗੁਰਪ੍ਰੀਤ ਪਿੰਕੀ ਸਿੰਘ, ਮਹਾਰਾਣੀ ਐਲਿਜ਼ਾਬੈੱਥ ਦੇ ਜਨਮ ਦਿਨ ਮੌਕੇ ਹੋਣ ਵਾਲੇ ਸਨਮਾਨ ਸਮਾਰੋਹ ਦੌਰਾਨ ਸਨਮਾਨ ਹਾਸਲ ਕਰਨ ਵਾਲਿਆਂ ਵਿੱਚੋਂ ਇੱਕ ਹੋਣਗੇ। ਇਹ ਸਨਮਾਨ ਇਸ ਸਾਲ ਅਕਤੂਬਰ ਵਿੱਚ ਦਿੱਤਾ ਜਾਵੇਗਾ। ਪਿੰਕੀ ਸਿੰਘ ਦਾ ਕਹਿਣਾ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਉਹ ਹਮੇਸ਼ਾ ਸੇਵਾ ਭਾਵਨਾ ਵਿੱਚ ਵਿਸ਼ਵਾਸ ਰੱਖਦੀ ਹੈ। ਮਹਾਰਾਣੀ ਦੇ ਜਨਮ ਦਿਨ ਲਈ ਸਨਮਾਨ ਸੂਚੀ ਵਿੱਚ ਗੁਰਪ੍ਰੀਤ ਪਿੰਕੀ ਸਿੰਘ ਸਣੇ 13 ਭਾਰਤੀ-ਆਸਟਰੇਲਿਆਈ ਵਿਅਕਤੀ ਸ਼ਾਮਲ ਹਨ ਜਿਨ੍ਹਾਂ ਵਿੱਚ ਪ੍ਰੋ. ਸੁਰੇਸ਼ ਕੁਮਾਰ ਭਾਰਗਵ, ਆਸ਼ਾ ਭੱਟ, ਕਲੀਨਿਕਲ ਪ੍ਰੋਫੈਸਰ ਸਮੀਰ ਭੋਲੇ, ਬਾਬੇਟ ਅਵਿਤਾ ਫ੍ਰਾਂਸਿਸ, ਡਾ. ਜੈਕਬ ਜੌਰਜ, ਡਾ. ਮਾਰਲੀਨ ਕੰਗਾ, ਡਾ. ਸਮਿਤਾ ਸ਼ਾਹ ਆਦਿ ਸ਼ਾਮਲ ਹਨ।