ਸੰਯੁਕਤ ਰਾਸ਼ਟਰ/ਪੇਈਚਿੰਗ, 17 ਜੂਨ
ਚੀਨ ਨੇ ਲਸ਼ਕਰ-ਏ-ਤਇਬਾ ਦੇ ਸੀਨੀਅਰ ਪਾਕਿਸਤਾਨੀ ਅਤਿਵਾਦੀ ਅਬਦੁੱਲ ਰਹਿਮਾਨ ਮੱਕੀ ਨੂੰ ਸੰਯੁਕਤ ਰਾਸ਼ਟਰ ਦੀ ਪਾਬੰਦੀ ਕਮੇਟੀ ਤਹਿਤ ਆਲਮੀ ਅਤਿਵਾਦੀ ਐਲਾਨੇ ਜਾਣ ਸਬੰਧੀ ਭਾਰਤ ਤੇ ਅਮਰੀਕਾ ਵੱਲੋਂ ਪੇਸ਼ ਸਾਂਝੇ ਮਤੇ ਨੂੰ ਰੋਕ ਦਿੱਤਾ ਹੈ। ਚੀਨ ਨੇ ਆਪਣੇ ਇਸ ਕਦਮ ਨੂੰ ਢੁਕਵਾਂ ਤੇ ਨਿਯਮਾਂ ਦੇ ਅਨੁਸਾਰ ਕਰਾਰ ਦਿੱਤਾ ਹੈ। ਅਮਰੀਕਾ ਨੇ ਮੱਕੀ ਨੂੰ ਅਤਿਵਾਦੀ ਐਲਾਨਿਆ ਹੋਇਆ ਹੈ। ਮੱਕੀ ਲਸ਼ਕਰ-ਏ-ਤਇਬਾ ਦੇ ਸਰਗਨੇ ਤੇ 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦਾ ਰਿਸ਼ਤੇਦਾਰ ਹੈ। ਅਮਰੀਕਾ ਲਸ਼ਕਰ-ਏ-ਤਇਬਾ ਨੂੰ ਵੀ ਵਿਦੇਸ਼ੀ ਅਤਿਵਾਦੀ ਸੰਗਠਨ (ਐੱਫਟੀਓ) ਐਲਾਨ ਚੁੱਕਿਆ ਹੈ, ਜਿਸ ਵਿੱਚ ਮੱਕੀ (74) ਕਈ ਅਹਿਮ ਭੂਮਿਕਾਵਾਂ ਨਿਭਾਉਂਦਾ ਰਿਹਾ ਹੈ। ਭਾਰਤ ਤੇ ਅਮਰੀਕਾ ਦੋਵਾਂ ਨੇ ਮੱਕੀ ਨੂੰ ਆਪੋ-ਆਪਣੇ ਦੇਸ਼ ਦੇ ਕਾਨੂੰਨਾਂ ਤਹਿਤ ਅਤਿਵਾਦੀ ਐਲਾਨ ਰੱਖਿਆ ਹੈ। -ਪੀਟੀਆਈ