ਲਾਹੌਰ, 16 ਜੁਲਾਈ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦੋ ਵਿਅਕਤੀਆਂ ਵੱਲੋਂ ਘੱਟ ਗਿਣਤੀ ਹਿੰਦੂ ਭਾਈਚਾਰੇ ਨਾਲ ਸਬੰਧਿਤ ਦੋ ਨਾਬਾਲਗ ਭੈਣਾਂ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਕੀਤਾ ਗਿਆ। ਇਸ ਖੇਤਰ ਦੇ ਪੁਲੀਸ ਅਧਿਕਾਰੀ ਇਰਸ਼ਾਦ ਯਾਕੂਬ ਨੇ ਦੱਸਿਆ 16 ਅਤੇ 17 ਸਾਲ ਦੀਆਂ ਦੋਵੇਂ ਭੈਣਾਂ ਪੰਜ ਜੂਨ ਨੂੰ ਸਵੇਰੇ ਬਹਾਵਲਨਗਰ ਫੋਰਟ ਅੱਬਾਸ ਵਿੱਚ ਸਥਿਤ ਆਪਣੇ ਘਰੋਂ ਖੇਤਾਂ ਨੂੰ ਗਈਆਂ ਸਨ। ਇਸ ਦੌਰਾਨ ਦੋ ਵਿਅਕਤੀਆਂ ਨੇ ਬੰਦੂਕ ਦਿਖਾ ਕੇ ਉਨ੍ਹਾਂ ਨੂੰ ਕਥਿਤ ਅਗਵਾ ਕਰ ਲਿਆ ਅਤੇ ਦੋਵਾਂ ਭੈਣਾਂ ਨਾਲ ਜਬਰ-ਜਨਾਹ ਕਰਨ ਮਗਰੋਂ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਉਮਰ ਅਸ਼ਫ਼ਾਕ ਅਤੇ ਕਾਸ਼ਿਫ ਅਲੀ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੈਡੀਕਲ ਜਾਂਚ ਵਿੱਚ ਵੀ ਦੋਵਾਂ ਲੜਕੀਆਂ ਨਾਲ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ। ਪੁਲੀਸ ਨੇ ਦੱਸਿਆ ਕਿ ਉਮਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਕਾਸਿਫ਼ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਅਦਾਲਤ ਤੋਂ ਜ਼ਮਾਨਤ ਲੈ ਲਈ ਹੈ। ਕਾਸ਼ਿਫ਼ ਇਸ ਖੇਤਰ ਦੇ ਰਸੂਖ਼ਵਾਨ ਪਰਿਵਾਰ ਨਾਲ ਸਬੰਧਿਤ ਹੈ। -ਪੀਟੀਆਈ