ਪੰਚਕੂਲਾ (ਪੀ.ਪੀ. ਵਰਮਾ): ਹਰਿਆਣਾ ਦੀ ਰਿੱਧੀ ਅਤੇ ਰਾਜਸਥਾਨ ਦੇ ਕਪਿਸ਼ ਸਿੰਘ ਨੇ ਅੱਜ ਇੱਥੇ ਖੋਲੋ ਇੰਡੀਆ ਯੂਥ ਖੇਡਾਂ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਰੀਕਰਵ ਤੀਰਅੰਦਾਜ਼ੀ ਮੁਕਾਬਲਿਆਂ ’ਚ ਸੋਨ ਤਗ਼ਮੇ ਜਿੱਤੇ ਜਦਕਿ ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਨੇ ਮਿਕਸਡ ਤੀਰਅੰਦਾਜ਼ੀ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ। ਮੇਜ਼ਬਾਨ ਹਰਿਆਣਾ ਅਤੇ ਪਿਛਲੇ ਚੈਂਪੀਅਨ ਮਹਾਰਾਸ਼ਟਰ ਨੇ ਦਿਨ ਦੇ ਸੈਸ਼ਨ ਵਿੱਚ ਇਕ-ਇਕ ਸੋਨ ਤਗ਼ਮਾ ਹਾਸਲ ਕੀਤਾ। ਮਹਾਰਾਸ਼ਟਰ ਕੁੱਲ 38 ਸੋਨ ਤਗ਼ਮੇ, 35 ਚਾਂਦੀ ਦੇ ਤਗ਼ਮੇ ਅਤੇ 29 ਕਾਂਸੀ ਦੇ ਤਗ਼ਮੇ ਜਿੱਤ ਕੇ ਦੂਜੇ ਸਥਾਨ ’ਤੇ ਹੈ। ਤਾਮਿਲਨਾਡੂ ਦੀਆਂ ਕੁੜੀਆਂ ਨੇ ਫੁਟਬਾਲ ਦੇ ਫਾਈਨਲ ਮੈਚ ਵਿੱਚ ਝਾਰਖੰਡ ’ਤੇ 2-0 ਨਾਲ ਜਿੱਤ ਦਰਜ ਕਰ ਕੇ ਸੋਨ ਤਗ਼ਮਾ ਜਿੱਤਿਆ, ਜਿਸ ਵਿੱਚ ਇੱਕੋ ਨਾਮ ਦੀਆਂ ਦੋ ਕੁੜੀਆਂ ਸ਼ਨਮੁਗਾ ਪ੍ਰਿਯਾ ਅਤੇ ਸ਼ਨਮੁਗਾਪ੍ਰਿਯਾ ਨੇ ਇਕ-ਇਕ ਗੋਲ ਕੀਤੇ। ਖੇਡਾਂ ਦੀ ਸਮਾਪਤ ਤੋਂ ਇਕ ਦਿਨ ਪਹਿਲਾਂ ਸਵੇਰ ਦੇ ਸੈਸ਼ਨ ਵਿੱਚ ਖਿੱਚ ਦਾ ਮੁੱਖ ਕੇਂਦਰ ਤੀਰਅੰਦਾਜ਼ੀ ਮੁਕਾਬਲੇ ਸਨ ਜਿਸ ਵਿੱਚ ਚਾਰ ਸੋਨ ਤਗ਼ਮੇ ਦਾਅ ’ਤੇ ਲੱਗੇ ਸਨ। ਪੰਜਾਬ ਯੂਨੀਵਰਸਿਟੀ ਵਿੱਚ ਖੇਡੇ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਪਿਛਲੇ ਸਾਲ ਦੇ ਫਾਈਨਲ ਵਾਂਗ ਕੁੜੀਆਂ ’ਚ ਫਿਰ ਤੋਂ ਰਿੱਧੀ ਅਤੇ ਤਮੰਨਾ ਵਿਚਾਲੇ ਮੁਕਾਬਲਾ ਹੋਇਆ। ਰਿੱਧੀ ਨੇ 2-4 ਤੋਂ ਪੱਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ 6-4 ਨਾਲ ਪਿਛਲੀ ਹਾਰ ਦਾ ਬਦਲਾ ਲਿਆ। ਇਸੇ ਤਰ੍ਹਾਂ ਆਦਿਤੀ ਸਵਾਮੀ ਨੇ ਪੰਜਾਬ ਦੀ ਅਵਨੀਤ ਕੌਰ ਨੂੰ 144-137 ਨਾਲ ਹਰਾਇਆ।