ਪਰਮਜੀਤ ਸਿੰਘ
ਫਾਜ਼ਿਲਕਾ, 16 ਜੂਨ
ਪੰਜਾਬ ਸਟੂਡੈਂਟਸ ਯੂਨੀਅਨ ਨੇ ਦਲਿਤ ਵਿਦਿਆਰਥੀਆਂ ਦੇ ਪੇਪਰਾਂ ਦੇ ਰੋਲ ਨੰਬਰ ਅਤੇ ਵਜ਼ੀਫ਼ਾ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਐੱਮ ਆਰ ਸਰਕਾਰੀ ਕਾਲਜ ਦੀ ਮੈਨੇਜਮੈਂਟ ਖ਼ਿਲਾਫ਼ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਪੀਐੱਸਯੂ ਦੇ ਆਗੂ ਜਸਪ੍ਰੀਤ ਸਿੰਘ, ਮਮਤਾ ਰਾਣੀ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਮੁਤਾਬਕ ਜਦੋਂ ਤੱਕ ਦਲਿਤ ਵਿਦਿਆਰਥੀਆਂ ਦੇ ਖਾਤੇ ’ਚ ਵਜ਼ੀਫ਼ਾ ਸਕੀਮ ਦੀ ਰਾਸ਼ੀ ਨਹੀਂ ਆ ਜਾਂਦੀ, ਉਦੋਂ ਤੱਕ ਕੋਈ ਵੀ ਕਾਲਜ ਉਨ੍ਹਾਂ ਤੋਂ ਫ਼ੀਸ ਨਹੀਂ ਲੈ ਸਕਦਾ, ਪਰ ਐੱਮ ਆਰ ਸਰਕਾਰੀ ਕਾਲਜ ਵੱਲੋਂ ਇਨ੍ਹਾਂ ਵਿਦਿਆਰਥੀਆਂ ਤੋਂ ਫ਼ੀਸਾਂ ਭਰਵਾਈਆਂ ਜਾ ਰਹੀਆਂ ਹਨ।
ਕਾਲਜ ਮੈਨੇਜਮੈਂਟ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਵਜ਼ੀਫ਼ਾ ਨਹੀਂ ਆਇਆ, ਉਨ੍ਹਾਂ ਤੋਂ ਫ਼ੀਸ ਨਹੀਂ ਲਈ ਜਾਵੇਗੀ ਅਤੇ ਇਹਨਾਂ ਵਿਦਿਆਰਥੀਆਂ ਦੇ ਰੋਲ ਨੰਬਰ ਵੀ ਜਾਰੀ ਕਰ ਦਿੱਤੇ ਜਾਣਗੇ। ਵਿਦਿਆਰਥੀਆਂ ਨੇ ਮੰਗਾਂ ’ਤੇ ਸਹਿਮਤੀ ਬਣਨ ਮਗਰੋਂ ਧਰਨਾ ਸਮਾਪਤ ਕਰ ਦਿੱਤਾ।
ਇਸ ਮੌਕੇ ਗੁਰਵਿੰਦਰ ਸਿੰਘ, ਮਨੀਸ਼ਾ ਲਾਧੂਕਾ, ਕਮਲਪ੍ਰੀਤ, ਗੁਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਗਗਨ ਕਾਲਾਂਵਾਲੀ, ਰਾਜਪ੍ਰੀਤ ਝੋਕ, ਨੀਰਜ ਕੌਰ, ਹਰਪ੍ਰੀਤ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ।