ਖੇਡ ਪ੍ਰਤੀਨਿਧ
ਬਠਿੰਡਾ, 13 ਜੂਨ
ਬਠਿੰਡਾ ਦੇ ਪਰਸਰਾਮ ਨਗਰ ਗਲੀ ਨੰਬਰ 7 ਵਿੱਚ ਚਲਦੇ ਭਰੂਣ ਜਾਂਚ ਦੇ ਧੰਦੇ ਦਾ ਹਰਿਆਣਾ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ 3 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਮੁਲਜ਼ਮਾਂ ਵਿੱਚ ਮਕਾਨ ਮਾਲਕ ਵੀ ਸ਼ਾਮਲ ਹੈ ਜਿਸ ਦੇ ਘਰ ਵਿੱਚ ਇਹ ਗ਼ੈਰਕਾਨੂੰਨੀ ਕੰਮ ਕੀਤਾ ਜਾ ਰਿਹਾ ਸੀ। ਹਰਿਆਣਾ ਸਿਹਤ ਵਿਭਾਗ ਦੇ ਡਾ. ਪ੍ਰਭੂ ਦਿਆਲ ਨੋਡਲ ਅਫਸਰ ਪੀਐੱਨਡੀਟੀ ਸੈੱਲ ਹਿਸਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਰਾਜ ਦੀਆਂ ਗਰਭਵਤੀ ਮਹਿਲਾਵਾਂ ਨੂੰ ਕੋਈ ਰਾਣੀ ਨਾਂਅ ਦੀ ਮਹਿਲਾ ਇੱਥੇ ਲਿਆ ਕੇ ਅਲਟਰਾਸਾਊਂਡ ਕਰਵਾ ਕੇ ਭਰੂਣ ਜਾਂਚ ਕਰਵਾਉਂਦੀ ਹੈ। ਇਸ ਲਈ ਉਹ ਵਿਸ਼ੇਸ਼ ਟੀਮ ਦਾ ਗਠਨ ਕਰਕੇ ਇੱਥੇ ਪੁੱਜੇ। ਟੀਮ ਵਿੱਚ ਹਿਸਾਰ ਤੋਂ ਇਲਾਵਾ ਸਿਰਸਾ ਤੋਂ ਵੀ ਵਿਭਾਗ ਦੇ ਕਰਮਚਾਰੀ ਸ਼ਾਮਲ ਸਨ। ਬਠਿੰਡਾ ਸਿਹਤ ਵਿਭਾਗ ਤੇ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਸੀ। ਪੂਰੀ ਤਿਆਰੀ ਤਹਿਤ ਉਨ੍ਹਾਂ ਨੇ ਅੱਜ ਫਰਜ਼ੀ ਗਾਹਕ ਬਣਾ ਕੇ ਇੱਕ ਮਹਿਲਾ ਨੂੰ ਭੇਜਿਆ ਸੀ ਜਿਸਦਾ 30 ਹਜ਼ਾਰ ਰੁਪਏ ਲੈ ਕੇ ਅਲਟਰਾਸਾਊਂਡ ਦਾ ਨਾਟਕ ਕਰਦਿਆਂ ਲੜਕਾ ਹੋਣ ਦੀ ਗੱਲ ਕਹੀ। ਡਾ. ਦਿਆਲ ਨੇ ਕਿਹਾ ਕਿ ਜਦੋਂ ਮਹਿਲਾ ਨੂੰ ਅਲਟਰਾਸਾਊਂਡ ਤੋਂ ਬਾਅਦ ਵਾਪਸ ਛੱਡਣ ਆਏ ਤਾਂ ਉਨ੍ਹਾਂ ਨੇ ਇੱਕ ਬਜ਼ੁਰਗ ਨੂੰ ਫੜ ਲਿਆ ਤੇ ਉਸ ਤੋਂ ਅਲਟਰਾਸਾਊਂਡ ਵਾਲੀ ਥਾਂ ਬਾਰੇ ਪੁੱਛਿਆ। ਇਸ ਮਗਰੋਂ ਸਿਹਤ ਵਿਭਾਗ ਦੀ ਸਥਾਨਕ ਟੀਮ ਸਮੇਤ ਉੱਥੇ ਪੁੱਜ ਕੇ ਮਹਿਲਾ ਤੋਂ ਲਏ ਪੈਸੇ ਵੀ ਬਰਾਮਦ ਕਰ ਲਏ ਅਤੇ ਅਲਟਰਾਸਾਊਂਡ ਕਰਨ ਦਾ ਡਰਾਮਾ ਕਰਨ ਲਈ ਵਰਤਿਆ ਸਾਮਾਨ ਵੀ ਜ਼ਬਤ ਕਰ ਲਿਆ। ਮੌਕੇ ’ਤੇ ਚਰਨਜੀਤ ਸਿੰਘ (40) ਭੁੱਚੋ ਮੰਡੀ ਵਾਸੀ, ਰਾਜਪਾਲ ਕੌਰ ਉਰਫ ਰਾਣੀ ਅਤੇ ਮਕਾਨ ਮਾਲਕ ਹਰਚਰਨ ਸਿੰਘ ਨੂੰ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।