ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ 11 ਜੂਨ
ਪਿਛਲੇ ਦਿਨੀ ਘੱਲੂਘਾਰੇ ਹਫਤੇ ਦੌਰਾਨ ਰਾਜਪੁਰਾ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ਤੋਂ ਅਣਪਛਾਤਿਆਂ ਵੱਲੋਂ 1200 ਦੇ ਕਰੀਬ ਕਲਿੱਪ ਅਤੇ ਲਾਈਨਰ ਚੋਰੀ ਕਰਨ ਦੀ ਘਟਨਾ ਨੇ ਸੂਬੇ ਦੀ ਪੁਲੀਸ ਅਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਸੀ। ਇਸ ਬਾਰੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ ਪਰ ਪੁਲੀਸ ਦੀ ਤਫਤੀਸ਼ ਦੌਰਾਨ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਚੋਰ ਨਿਕਲੇ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਬਸੀ ਪਠਾਣਾ ਜੰਗਜੀਤ ਸਿੰਘ ਅਤੇ ਐੱਸਐੱਚਓ ਬਡਾਲੀ ਆਲਾ ਸਿੰਘ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪਿੰਡ ਚੋਲਟੀ ਖੇੜੀ ਨੇੜਿਓਂ ਲੰਘਦੀ ਰੇਲਵੇ ਲਾਈਨ ਤੋਂ ਚੋਰੀ ਹੋਏ ਕਲਿੱਪਾਂ ਅਤੇ ਲਾਈਨਰਾਂ ਸਬੰਧੀ ਵਾਰਦਾਤ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ। 10 ਅਪਰੈਲ ਨੂੰ ਥਾਣਾ ਸਰਹਿੰਦ ਦੀ ਪੁਲੀਸ ਵੱਲੋਂ ਬੈਟਰੀਆਂ ਚੋਰੀ ਹੋ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਸਬੰਧ ’ਚ ਸੋਮਾ ਸਿੰਘ ਵਾਸੀ ਪਿੰਡ ਹੰਸਾਲੀ, ਸੋਨੂੰ ਸੋਲੰਕੀ ਮੂਲ ਵਾਸੀ ਬੁਲੰਦਸ਼ਹਿਰ(ਯੂਪੀ) ਹਾਲ ਵਾਸੀ ਲੂਣ ਮਿਰਚ ਵਾਲੀ ਗਲੀ ਸਰਹਿੰਦ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਪੁੱਛ ਪੜਤਾਲ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਹੀ ਥਰਮਲ ਪਲਾਂਟ ਨੂੰ ਜਾਂਦੀ ਰੇਲਵੇ ਲਾਈਨ ਤੋਂ ਕਲਿੱਪ ਅਤੇ ਲਾਈਨਰ ਚੋਰੀ ਕਰਕੇ ਨਬੀਪੁਰ ਦੇ ਕਬਾੜੀਏ ਨੇਕ ਰਾਮ ਨੂੰ ਵੇਚੇ ਹਨ, ਜਿਸ ’ਤੇ ਥਾਣਾ ਬਡਾਲੀ ਆਲਾ ਸਿੰਘ ਦੀ ਪੁਲੀਸ ਵੱਲੋਂ ਇਨ੍ਹਾਂ ਨੂੰ ਜੇਲ ਤੋਂ ਪ੍ਰੋਡਕਸ਼ਨ ਵਾਰੰਟਾਂ ’ਤੇ ਲਿਆ ਕੇ ਪੁੱਛ ਪੜਤਾਲ ਕਰਦਿਆਂ ਸੋਮਾ ਸਿੰਘ, ਸੋਨੂੰ ਸੋਲੰਕੀ ਅਤੇ ਕਬਾੜੀਏ ਨੇਕ ਰਾਮ ਤੋਂ ਚੋਰੀ ਦੇ ਕੁੱਝ ਰੇਲਵੇ ਲਾਈਨਰ ਅਤੇ ਕਲਿੱਪ ਬਰਾਮਦ ਕਰ ਲਏ ਗਏ ਹਨ।