ਜਕਾਰਤਾ: ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਪੀ.ਵੀ ਸਿੰਧੂ ਤੇ ਲਕਸ਼ੈ ਸੇਨ ਅੱਜ ਇੱਥੇ ਇੰਡੋਨੇਸ਼ੀਆ ਮਾਸਟਰਜ਼ ਸੁਪਰ 500 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਹਾਰ ਗਏ। ਇਨ੍ਹਾਂ ਦੋ ਹਾਰਾਂ ਨਾਲ ਟੂਰਨਾਮੈਂਟ ਵਿੱਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ। ਸੇਨ ਨੂੰ ਚੀਨੀ ਤਾਈਪੇ ਦੇ ਚੋਊ ਤਿਏਨ ਚੇਨ ਨੇ ਹਰਾਇਆ ਜਦਕਿ ਸਿੰਧੂ ਨੂੰ ਥਾਈ ਖਿਡਾਰੀ ਰਚਾਨੋਕ ਇੰਤਾਨੋਨ ਤੋਂ 12-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਤਾਨੋਨ ਨੇ ਕਾਫੀ ਹਮਲਾਵਰ ਖੇਡ ਖੇਡੀ। ਮੈਚ ਦਾ ਫੈਸਲਾ ਲਗਪਗ ਅੱਧੇ ਘੰਟੇ ਵਿੱਚ ਹੋ ਗਿਆ। ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਮਗਾ ਜੇਤੂ ਸੇਨ ਨੇ ਦੂਜੀ ਗੇਮ ’ਚ ਸ਼ਾਨਦਾਰ ਵਾਪਸੀ ਕੀਤੀ ਪਰ ਚੀਨੀ ਤਾਈਪੇ ਦੇ ਚੋਊ ਨੇ ਫੈਸਲਾਕੁਨ ਗੇਮ ’ਚ ਬਿਹਤਰ ਪ੍ਰਦਰਸ਼ਨ ਕਰਦਿਆਂ ਇਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ’ਚ 21-16, 12-21, 21-14 ਨਾਲ ਜਿੱਤ ਦਰਜ ਕੀਤੀ। -ਪੀਟੀਆਈ