ਜਗਮੋਹਨ ਸਿੰਘ
ਘਨੌਲੀ, 11 ਜੂਨ
ਘਨੌਲੀ ਖੇਤਰ ਦੇ ਕੁੱਝ ਪਿੰਡਾਂ ਦੇ ਲੋਕ ਅੰਬੂਜਾ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਰੂਪਨਗਰ ਦੇ ਪ੍ਰਦੂਸ਼ਣ ਖ਼ਿਲਾਫ਼ ਜਿਥੇ ਰੋਸ ਪ੍ਰਗਟਾ ਰਹੇ ਹਨ, ਉੱਥੇ ਹੀ ਸੀਮਿੰਟ ਫੈਕਟਰੀ ਦੁਆਰਾ ਨੇੜਲੇ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਅੰਬੂਜਾ ਸੀਮਿੰਟ ਯੂਨਿਟ ਦਬੁਰਜੀ ਦੇ ਮੁਖੀ ਸਸ਼ੀ ਭੂਸ਼ਣ ਮੁਖੀਜਾ ਅਤੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਮੁਖੀ ਵਿਸ਼ਨੂੰ ਤ੍ਰਿਵੇਦੀ ਨੇ ਦੱਸਿਆ ਕਿ ਕੰਪਨੀ ਦੀ ਸੀਐੱਸਆਰ ਸਕੀਮ ਤਹਿਤ ਅੰਬੂਜਾ ਸੀਮਿੰਟ ਫਾਊਂਡੇਸ਼ਨ ਵੱਲੋਂ ਦੋ ਦਰਜਨ ਪਿੰਡਾਂ ਦੀਆਂ ਔਰਤਾਂ ਨੂੰ ਸਿਲਾਈ ਕਢਾਈ, ਕੋਟੀਆਂ ਬੁਣਨ, ਆਚਾਰ, ਚਟਣੀ, ਮੁਰੱਬਾ, ਸਰਫ, ਸਾਬਣ, ਫਿਨਾਇਲ ਬਣਾਉਣ, ਬਿਊਟੀ ਪਾਰਲਰ ਸਮੇਤ ਕਈ ਹੋਰ ਕਿੱਤਿਆਂ ਦੀ ਟਰੇਨਿੰਗ ਦੇ ਕੇ ਆਤਮ ਨਿਰਭਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਸ਼ਸ਼ਕਤੀਕਰਨ ਤਹਿਤ ਪਿੰਡਾਂ ’ਚ ਔਰਤਾਂ ਦੇ ਲਗਭਗ 95 ਸਵੈ ਸਹਾਇਤਾ ਸਮੂਹ ਬਣਾ ਕੇ ਇਨ੍ਹਾਂ ਸਮੂਹਾਂ ਨਾਲ ਜੁੜੀਆਂ 1195 ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਤੇ ਸਵੈ-ਸਹਾਇਤਾ ਸਮੂਹਾਂ ਦੁਆਰਾ ਤਿਆਰ ਕੀਤੇ ਸਾਮਾਨ ਦੀ ਮਾਰਕੀਟਿੰਗ ਕਰਨ ਤੇ ਲਘੂ ਉਦਯੋਗ ਸ਼ੁਰੂ ਕਰਨ ਲਈ ਬੈਕਾਂ ਤੋਂ ਘੱਟ ਵਿਆਜ ਤੇ ਕਰਜ਼ੇ ਦਾ ਪ੍ਰਬੰਧ ਕਰਵਾਕੇ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਫਾਰਮਰ ਪ੍ਰੋਡਿਊਸਰ ਕੰਪਨੀ ਬਣਾਈ ਹੈ, ਜਿਸ ਨਾਲ 450 ਕਿਸਾਨ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਫਲ, ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਰਵਾਇਤੀ ਫਸਲੀ ਚੱਕਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ। ਫਾਊਡੇਸ਼ਨ ਦਾ ਕਿਸਾਨਾਂ ਦੇ ਖੇਤਾਂ ਵਿੱਚ ਸੇਬਾਂ ਦੇ ਬਾਗ ਲਗਾਉਣ ਦਾ ਤਜਰਬਾ ਬਹੁਤ ਹੀ ਕਾਰਗਰ ਸਾਬਤ ਹੋਇਆ ਹੈ ਤੇ ਹੁਣ ਫਾਊਂਡੇਸ਼ਨ ਵੱਲੋਂ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਸੇਬਾਂ ਦੇ ਬਾਗ ਲਗਾਉਣ ਦੇ ਚਾਹਵਾਨ ਕਿਸਾਨਾਂ ਦੇ ਖੇਤਾਂ ਵਿੱਚ ਕੋਲਡ ਸਟੋਰ ਸਥਾਪਤ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਦੇ ਮੰਡੀਕਰਨ ਲਈ ਅਨਾਜ ਮੰਡੀ ਘਨੌਲੀ ਵਿਖੇ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੁਆਰਾ ਕਿਸਾਨਾਂ ਦੀ ਆਪਣੀ ਆੜ੍ਹਤ ਦੀ ਦੁਕਾਨ ਖੁੱਲ੍ਹਵਾਈ ਗਈ ਹੈ, ਉਸੀ ਤਰਜ਼ ਤੇ ਫਲਾਂ ਤੇ ਸਬਜ਼ੀਆਂ ਦੀ ਪੈਦਾਵਾਰ ਦੇ ਮੰਡੀਕਰਨ ਲਈ ਵੀ ਫਾਊਂਡੇਸ਼ਨ ਦੁਆਰਾ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਸੀਐੱਸਆਰ ਫੰਡਾਂ ਦੀ ਪੂਰੇ ਪਾਰਦਰਸ਼ੀ ਢੰਗ ਨਾਲ ਸੁਚੱਜੀ ਵਰਤੋਂ ਕੀਤੀ ਜਾ ਰਹੀ ਹੈ।