ਨਵੀਂ ਦਿੱਲੀ, 8 ਜੂਨ
ਭਾਰਤ ਅਤੇ ਵੀਅਤਨਾਮ ਨੇ 2030 ਤੱਕ ਰੱਖਿਆ ਸਬੰਧਾਂ ਦੇ ਘੇਰੇ ਨੂੰ ਹੋਰ ਵਿਆਪਕ ਬਣਾਉਣ ਲਈ ਇਕ ‘ਵਿਜ਼ਨ’ ਦਸਤਾਵੇਜ਼ ਅਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਨੂੰ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਲਈ ਲੌਜਿਸਟਿਕ ਸਪੋਰਟ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਵੀਅਤਨਾਮੀ ਹਮਰੁਤਬਾ ਜਨਰਲ ਫਾਨ ਵਾਨ ਗਿਆਂਗ ਨਾਲ ਹਨੋਈ ’ਚ ਮੁਲਾਕਾਤ ਕੀਤੀ ਅਤੇ ਦੋਵੇਂ ਮੁਲਕਾਂ ਵਿਚਕਾਰ ਰੱਖਿਆ ਤੇ ਸੁਰੱਖਿਆ ਸਹਿਯੋਗ ਵਧਾਉਣ ’ਤੇ ਸਹਿਮਤੀ ਬਣਨ ਮਗਰੋਂ ਇਨ੍ਹਾਂ ਸਮਝੌਤਿਆਂ ’ਤੇ ਦਸਤਖ਼ਤ ਕੀਤੇ। ਦੱਖਣੀ ਚੀਨੀ ਸਾਗਰ ’ਚ ਚੀਨ ਦੇ ਵਧਦੇ ਹਮਲਾਵਰ ਰਵੱਈਏ ਦਰਮਿਆਨ ਦੋਵੇਂ ਮੁਲਕਾਂ ਦੇ ਰਣਨੀਤਕ ਸਬੰਧਾਂ ’ਚ ਇਸ ਪ੍ਰਗਤੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਹ ਅਜਿਹਾ ਪਹਿਲਾ ਵੱਡਾ ਸਮਝੌਤਾ ਹੈ ਜੋ ਵੀਅਤਨਾਮ ਨੇ ਕਿਸੇ ਮੁਲਕ ਨਾਲ ਕੀਤਾ ਹੈ। ਰਾਜਨਾਥ ਅਤੇ ਜਨਰਲ ਗਿਆਂਗ ਵਿਚਕਾਰ ਗੱਲਬਾਤ ਤੋਂ ਬਾਅਦ ਰੱਖਿਆ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਵੀਅਤਨਾਮ ਵਿਚਕਾਰ ਰੱਖਿਆ ਅਤੇ ਸੁਰੱਖਿਆ ਸਹਿਯੋਗ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸਥਿਰਤਾ ਲਈ ਅਹਿਮ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਮੰਗਲਵਾਰ ਨੂੰ ਤਿੰਨ ਦਿਨਾਂ ਦੌਰੇ ’ਤੇ ਵੀਅਤਨਾਮ ਪਹੁੰਚੇ ਅਤੇ ਉਨ੍ਹਾਂ ਰਾਸ਼ਟਰਤੀ ਗੁਯੇਨ ਸ਼ੁਆਨ ਫੁਕ ਨਾਲ ਵੀ ਮੀਟਿੰਗ ਕੀਤੀ। ਦੋਵੇਂ ਰੱਖਿਆ ਮੰਤਰੀਆਂ ਨੇ ਰੱਖਿਆ ਭਾਈਵਾਲੀ ਬਾਰੇ ਸਾਂਝੇ ਵਿਜ਼ਨ ਦਸਤਾਵੇਜ਼ ’ਤੇ ਦਸਤਖ਼ਤ ਕੀਤੇ ਜੋ ਰੱਖਿਆ ਅਤੇ ਫ਼ੌਜੀ ਸਬੰਧਾਂ ਨੂੰ ਵੱਖ ਵੱਖ ਖੇਤਰਾਂ ’ਚ ਵਿਸਥਾਰ ਪ੍ਰਦਾਨ ਕਰੇਗਾ। ਦੋਵੇਂ ਆਗੂ ਭਾਰਤ ਵੱਲੋਂ ਵੀਅਤਨਾਮ ਨੂੰ 50 ਕਰੋੜ ਡਾਲਰ ਦਾ ਕਰਜ਼ਾ ਫ਼ੌਰੀ ਦੇਣ ਸਬੰਧੀ ਵੀ ਸਹਿਮਤ ਹੋ ਗਏ। ਰਾਜਨਾਥ ਸਿੰਘ ਨੇ ਦੋ ਸਿਮੁਲੇਟਰ ਅਤੇ ਏਅਰ ਫੋਰਸ ਆਫਿਸਰਜ਼ ਟਰੇਨਿੰਗ ਸਕੂਲ ’ਚ ਭਾਸ਼ਾ ਤੇ ਆਈਟੀ ਲੈਬਾਰਟਰੀ ਦੀ ਸਥਾਪਨਾ ਲਈ ਮਾਲੀ ਗਰਾਂਟ ਤੋਹਫ਼ੇ ’ਚ ਦੇਣ ਦਾ ਐਲਾਨ ਕੀਤਾ। -ਪੀਟੀਆਈ