ਲਖਵਿੰਦਰ ਸਿੰਘ ਲੱਖਾ ਸਲੇਮਪੁਰੀ
ਗ਼ਜ਼ਲ
ਮੈਨੂੰ ਮੇਰੇ ਦੁਸ਼ਮਣ ਚੰਗੇ ਲੱਗਦੇ ਨੇ।
ਯਾਰ ਦਿਲਾਂ ਵਿੱਚ ਪ੍ਰੇਮ ਦੇ ਦੀਵੇ ਜਗਦੇ ਨੇ।
ਆਪਣੇ ਤਾਂ ਬਣ ਗਏ ਨੇ ਪੁੱਤਰ ਪੈਸੇ ਦੇ
ਦਿਨ-ਰਾਤੀਂ ਜੋ ਮੈਨੂੰ ਰਹਿੰਦੇ ਠੱਗਦੇ ਨੇ।
ਮਿੱਠੇ ਫ਼ਲ ਨੂੰ ਵੱਟੇ ਵੱਜਣੇ ਭੁੱਲ ਗਏ
ਵਹਿਣ ਤਾਂ ਨੀਵੇਂ ਪਾਸੇ ਵੱਲ ਹੀ ਵਗਦੇ ਨੇ।
ਅਣਖ, ਜ਼ਮੀਰਾਂ, ਕੋਲ ਜਿਨ੍ਹਾਂ ਦੇ ਹਿੰਮਤ ਹੈ
ਸੂਰਜ ਵਾਂਗਰ ਰਹਿੰਦੇ ਜਗਦੇ ਮਗਦੇ ਨੇ।
ਜਿਸਦੇ ਪੱਲੇ ਹੋਵੇ ਪਿਆਰ ਮੁਹੱਬਤ ਜੀ
ਸਚਿਆਰਾਂ ਵਿੱਚ ਬੈਠੈ ਓਹੀਓ ਫੱਬਦੇ ਨੇ।
ਸੁਣ ਲਖਵਿੰਦਰ ਕਰ ਨਾ ਭਰੋਸਾ ਉਨ੍ਹਾਂ ‘ਤੇ
ਵਾਕਿਫ਼ ਜੋ ਤੇਰੀ ਹਰ ਇੱਕ ਰਗ-ਰਗ ਦੇ ਨੇ।
ਸੰਪਰਕ: +447438398345
ਜਸਵੰਤ ਗਿੱਲ
ਇਨਕਲਾਬੀ ਕੁੜੀ ਦੇ ਨਾਂ
ਤੇਰੀ ਸੂਰਤ ਨਾਲੋਂ ਜ਼ਿਆਦਾ
ਸੀਰਤ ਉੱਤੇ ਡੁੱਲ੍ਹ ਗਿਆ ਨੀਂ।
ਤੇਰੇ ਇਨਕਲਾਬੀ ਬੋਲਾਂ ਅੱਗੇ
ਗ਼ਮ ਮੈਂ ਸਾਰਾ ਭੁੱਲ ਗਿਆ ਨੀਂ।
ਤੂੰ ਲੱਗੀ ਨਾ ਮੈਨੂੰ ਕਿਸੇ
ਬੋਤਲ ਸ਼ਰਾਬ ਜਿਹੀ।
ਸੱਚ ਜਾਣੀ ਤੂੰ ਪਾਸ਼ ਦੀ
ਲਿਖੀ ਕਿਤਾਬ ਜਿਹੀ।
ਤੂੰ ਮੱਥਾ ਲਾਉਣਾ ਜ਼ੁਲਮ ਨਾਲ
ਹੈ ਬਗ਼ਾਵਤ ਉੱਠ ਰਹੀ।
ਤੇਰੇ ਅੰਦਰ ਕਵਿਤਾਵਾਂ ਦਾ
ਝੱਖੜ ਝੁੱਲ ਗਿਆ ਨੀਂ।
ਤੇਰੀ ਸਿਫ਼ਤ ਕਿਉਂ ਨਾ ਕਰਨ
ਅੱਜ ਦੇ ਕਲਾਕਾਰ ਕੁੜੇ।
ਬੇਵਫ਼ਾ ਤੇ ਨਸ਼ੇ ਵਰਗੀ ਨਾ
ਹੁੰਦੀ ਹਰ ਨਾਰ ਕੁੜੇ।
ਤੂੰ ਜਾਲਮ ਦੇ ਨਾਲ ਲੜਦੀ
ਕਿਸੇ ਨੂੰ ਦਿਸਦੀ ਨਾ।
ਪਤਾ ਨਈਂ ਕਿਹੜਾ ਪੰਨਾ
ਇਨ੍ਹਾਂ ਕੋਲੋਂ ਖੁੱਲ੍ਹ ਗਿਆ ਨੀਂ।
ਤੈਨੂੰ ਦੱਸਦੇ ਨੇ ਜਿਹੜੇ ਕੋਈ
ਚੀਜ਼ ਨਸ਼ੀਲੀ ਕੁੜੀਏ।
ਘਰ ਇਨ੍ਹਾਂ ਦੇ ਵੀ ਹੋਣੀ ਕੋਈ
ਚੀਜ਼ ਜ਼ਹਿਰੀਲੀ ਕੁੜੀਏ।
ਤੇਰੀ ਸੂਰਤ ਨਾਲੋਂ ਜ਼ਿਆਦਾ
ਸੀਰਤ ਉੱਤੇ ਡੁੱਲ੍ਹ ਗਿਆ ਨੀਂ।
ਸੰਪਰਕ: 97804-51878
ਚਰਨਜੀਤ ਸਮਾਲਸਰ
ਮਾਏ ਨੀਂ…
ਮਾਏ ਨੀਂ
ਮੈਂ ਹਿਜਰਾਂ ਸੰਗ ਵਿਆਹੀ
ਏਧਰ ਪਾਸੇ ਮੈਂ ਤੜਫੇਂਦੀ
ਓਧਰ ਤੜਫੇ ਮਾਹੀ।
ਮਾਏ ਨੀਂ…
ਨਾ ਮੇਰਾ ਕੋਈ ਅੰਗੀ ਸਾਕੀ
ਨਾ ਉਮਰਾਂ ਦਾ ਕੋਈ ਸਾਥੀ
ਜ਼ਿੰਦਗੀ ਦੀ ਪਗਡੰਡੀ ਉੱਤੇ
ਤੁਰ ਪਈ ਔਝੜ ਰਾਹੀਂ।
ਮਾਏ ਨੀਂ…
ਵਿੱਚ ਵਿਛੋੜੇ ਤਨ-ਮਨ ਘੁਣਿਆਂ
ਲੰਬੀਆਂ ਰਾਤਾਂ ਮੈਨੂੰ ਪੁਣਿਆ
ਚੜ੍ਹਦੀ ਉਮਰੇ ਜੋਬਨ ਜਲਦਾ
ਵਸਲਾਂ ਭੱਠੀ ਤਾਈ।
ਮਾਏ ਨੀਂ…
ਜੋਬਨ ਮੀਂਹ ਦੇ ਪਾਣੀ ਵਾਂਗੂੰ
ਰੁੱਸ ਕੇ ਤੁਰ ਗਏ ਹਾਣੀ ਵਾਂਗੂੰ
ਸੁਪਨੇ ਦੇ ਵਿੱਚ ਰੋਜ਼ ਦਸੀਂਦਾ
ਉਂਜ ਨਾ ਵੱਤੀ ਵਾਹੀ।
ਮਾਏ ਨੀਂ…
ਸੋਹਲ ਬਦਨ ‘ਤੇ ਗਹਿਣੇ ਚੁਭਦੇ
ਨੀਂ ਉਮਰਾਂ ਦੇ ਸੁਪਨੇ ਡੁੱਬ ਗਏ
ਮਹਿਕ ਭਰੀ ਫੁਲਵਾੜੀ ਅੰਮੀਏ
ਕੀਹਦੇ ਲਈ ਸਜਾਈ।
ਮਾਏ ਨੀਂ…
ਧੁਖਦੀ ਹਾਂ ਮੈਂ ਧੂਣੀ ਵਾਂਗਰ
ਜਿੰਦ ਨਿਮਾਣੀ ਪੂਣੀ ਵਾਂਗਰ
ਗ਼ਮ ਦੇ ਰੋਜ਼ ਗਲੋਟੇ ਲਾਹਾਂ
ਯਾਦਾਂ ਚਰਖੀ ਡਾਹੀ।
ਮਾਏ ਨੀਂ…
‘ਚਰਨਜੀਤ’ ਮੈਂ ਕਿੱਧਰ ਜਾਵਾਂ
ਕਾਲੀਆਂ ਰਾਤਾਂ ਔਖੀਆਂ ਰਾਹਵਾਂ
ਵਾਂਗ ਪ੍ਰੇਤ ਡਰਾਉਂਦੀ ਮੈਨੂੰ
ਗ਼ਮ ਦੀ ਇਹ ਪਰਛਾਈ।
ਮਾਏ ਨੀਂ…
ਮਾਏ ਨੀਂ…
ਮੈਂ ਹਿਜਰਾਂ ਸੰਗ ਵਿਆਹੀ
ਏਧਰ ਪਾਸੇ ਮੈਂ ਤੜਫੇਂਦੀ
ਓਧਰ ਤੜਫੇ ਮਾਹੀ।
**
ਅਸੀਂ ਕੌਣ ਹਾਂ…?
ਜਦੋਂ ਅਸੀਂ ਰਲ ਕੇ
ਆਪਣੀ ਹੋਂਦ ਦੀ ਪਰਿਭਾਸ਼ਾ ਸਿਰਜੀ
ਉਦੋਂ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…?
ਜਦੋਂ ਅਸੀਂ ਤੈਅ ਕਰ ਲਿਆ
ਗ਼ੁਰਬਤ ਤੋਂ ਗਿਆਨ ਤੱਕ ਦਾ ਸਫ਼ਰ
ਉਦੋਂ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…?
ਜਦੋਂ ਅਸੀਂ ਇਕੱਠੇ ਹੋ ਕੇ
ਤੇਰੀ ਹਰ ਸਾਜ਼ਿਸ਼ ਖੁੰਢੀ ਕੀਤੀ
ਉਦੋਂ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…?
ਜਦੋਂ ਅਸੀਂ ਕਾਫ਼ਲੇ ਬਣਾ
ਪੈਰਾਂ ਨੂੰ ਨਵੇਂ ਰਾਹਾਂ ‘ਤੇ ਪਾਇਆ
ਉਦੋਂ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…?
ਜਦੋਂ ਅਸੀਂ ਪਰਿੰਦਿਆਂ ਸੰਗ ਭਰੀ
ਧਰਤੀ ਤੋਂ ਅੰਬਰ ਤੱਕ ਪਰਵਾਜ਼
ਉਦੋਂ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…?
ਜਦੋਂ ਅਸੀਂ ਦਿੱਲੀ ਦੇ ਤਖ਼ਤ ਨੂੰ
ਤਖ਼ਤੇ ‘ਤੇ ਲੈ ਆਂਦਾ
ਉਦੋਂ ਤੈਨੂੰ ਦੱਸਾਂਗੇ
ਅਸੀਂ ਕੌਣ ਹਾਂ…?
ਸੰਪਰਕ: 98144-00878
News Source link
#ਕਵ #ਕਆਰ