ਸਟੈਵੇਂਜਰ (ਨਾਰਵੇ): ਭਾਰਤੀ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਅੱਜ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਕਲਾਸੀਕਲ ਵਰਗ ਦੇ ਪੰਜਵੇਂ ਗੇੜ ਵਿੱਚ ਦੁਨੀਆਂ ਦੇ ਅੱਵਲ ਦਰਜੇ ਦੇ ਖਿਡਾਰੀ ਮੈਗਨਸ ਕਾਰਲਸਨ ਨੂੰ ਹਰਾ ਦਿੱਤਾ। ਇਸ ਤੋਂ ਪਹਿਲਾਂ ਹੋਏ ਬਲਿਟਜ਼ ਵਰਗ ਵਿੱਚ ਨਾਰਵੇ ਦੇ ਖਿਡਾਰੀ ਨੂੰ ਹਰਾਉਣ ਮਗਰੋਂ ਆਨੰਦ ਨੇ ਆਰਮਗੇਡੋਨ ਵਿੱਚ 50 ਚਾਲਾਂ ’ਚ ਜਿੱਤ ਹਾਸਲ ਕੀਤੀ। ਕਲਾਸੀਕਲ ਵਰਗ ਦਾ ਨਿਯਮਤ ਮੁਕਾਬਲਾ ਡਰਾਅ ਰਹਿਣ ਮਗਰੋਂ ਆਰਮਗੇਡੋਨ ਖੇਡਿਆ ਗਿਆ ਸੀ। ਇਸ ਜਿੱਤ ਮਗਰੋਂ ਆਨੰਦ 10 ਅੰਕਾਂ ਨਾਲ ਅੰਕ ਸੂਚੀ ’ਚ ਸਿਖਰ ’ਤੇ ਪਹੁੰਚ ਗਿਆ ਹੈ। ਕਾਰਲਸਨ 9.5 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ।
ਇਸ ਦੌਰਾਨ ਆਲ ਇੰਡੀਆ ਚੈੱਸ ਫੈਡਰੇਸ਼ਨ ਨੇ ਐੱਫਆਈਡੀਏ ਦੇ ਮੀਤ ਪ੍ਰਧਾਨ ਦੇ ਅਹੁਦੇ ਲਈ ਵਿਸ਼ਵਨਾਥਨ ਆਨੰਦ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ। ਇਸ ਤੋਂ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਏਆਈਸੀਐੱਫ ਦੇ ਸਾਬਕਾ ਸਕੱਤਰ ਭਰਤ ਸਿੰਘ ਚੌਹਾਨ ਇਸ ਅਹੁਦੇ ਲਈ ਢੁਕਵੇਂ ਉਮੀਦਵਾਰ ਹਨ। -ਪੀਟੀਆਈ