ਲੰਡਨ, 7 ਜੂਨ
ਸਿਆਸੀ ਤੌਰ ’ਤੇ ਘਿਰੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੀ ਹੀ ਪਾਰਟੀ ‘ਕੰਜ਼ਰਵੇਟਿਵ’ ਦੇ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ਖ਼ਿਲਾਫ਼ ਲਿਆਂਦਾ ਬੇਭਰੋਸਗੀ ਮਤਾ ਜਿੱਤ ਲਿਆ ਹੈ। ਹਾਲਾਂਕਿ ਇਸ ਵੋਟ ਤੋਂ ਬਾਅਦ ਸੱਤਾ ’ਤੇ ਜੌਹਨਸਨ ਦੀ ਪਕੜ ਕਮਜ਼ੋਰ ਹੋਈ ਹੈ ਕਿਉਂਕਿ ਪਾਰਟੀ ਅੰਦਰਲੀ ਖਿੱਚੋਤਾਣ ਉੱਭਰ ਕੇ ਸਾਹਮਣੇ ਆ ਗਈ ਹੈ। ਸੋਮਵਾਰ ਰਾਤ ਹੋਈ ਵੋਟਿੰਗ ਵਿਚ ਜੌਹਨਸਨ ਦੇ ਹੱਕ ਵਿਚ 211 ਸੰਸਦ ਮੈਂਬਰਾਂ ਨੇ ਵੋਟ ਪਾਈ ਜਦਕਿ ਵਿਰੋਧ ’ਚ 148 ਵੋਟਾਂ ਪਈਆਂ। ਇਸ ਤਰ੍ਹਾਂ 63 ਵੋਟਾਂ ਦੇ ਬਹੁਮਤ ਨਾਲ ਜੌਹਨਸਨ ਨੇ ਬੇਭਰੋਸਗੀ ਮਤੇ ਦਾ ਅੜਿੱਕਾ ਪਾਰ ਕਰ ਲਿਆ। ਇਸ ਤੋਂ ਪਹਿਲਾਂ ਜੌਹਨਸਨ (57) ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਨਿੱਜੀ ਤੌਰ ’ਤੇ ਬੇਨਤੀਆਂ ਕਰ ਕੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਵਿਚ ਭਰੋਸਾ ਜ਼ਾਹਿਰ ਕਰਨ ਦੀ ਅਪੀਲ ਕੀਤੀ ਸੀ। ਜੌਹਨਸਨ ਖ਼ਿਲਾਫ਼ ਇਹ ਮਤਾ ‘ਪਾਰਟੀਗੇਟ’ ਘੁਟਾਲੇ ਕਾਰਨ ਲਿਆਂਦਾ ਗਿਆ ਸੀ। ਉਨ੍ਹਾਂ ’ਤੇ ਕਰੋਨਾ ਨੇਮਾਂ ਦੀ ਉਲੰਘਣਾ ਕਰ ਕੇ ਡਾਊਨਿੰਗ ਸਟਰੀਟ ਤੇ ਹੋਰ ਸਰਕਾਰੀ ਦਫ਼ਤਰਾਂ ਵਿਚ ਪਾਰਟੀਆਂ ਕਾਰਨ ਦਾ ਦੋਸ਼ ਲਾਇਆ ਗਿਆ ਸੀ। ਜੌਹਨਸਨ ਨੇ ਵੋਟਿੰਗ ਤੋਂ ਬਾਅਦ ਕਿਹਾ, ‘ਮੈਨੂੰ ਲੱਗਦਾ ਹੈ ਕਿ ਇਹ ਸਿਆਸਤ ਤੇ ਦੇਸ਼ ਲਈ ਬਹੁਤ ਚੰਗਾ ਨਤੀਜਾ ਹੈ।’ ਇਸ ਫ਼ੈਸਲਾਕੁਨ ਵੋਟਿੰਗ ਤੋਂ ਬਾਅਦ ਹੁਣ ਅਸੀਂ ਉਨ੍ਹਾਂ ਮੁੱਦਿਆਂ ਉਤੇ ਧਿਆਨ ਕੇਂਦਰਤ ਕਰ ਸਕਦੇ ਹਾਂ ਜੋ ਅਸਲ ’ਚ ਲੋਕਾਂ ਨਾਲ ਜੁੜੇ ਹੋਏ ਹਨ। -ਪੀਟੀਆਈ