ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੂਨ
ਨਰਮਾ ਪੱਟੀ ਵਿੱਚ ਅਚਾਨਕ ਹੀ ਬੀ.ਟੀ ਕਾਟਨ ‘ਤੇ ਗੁਲਾਬੀ ਸੁੰਡੀ ਦਾ ਹਮਲਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਲਾਕੇ ਵਿੱਚ ਕੁਝ ਕੁ ਥਾਵਾਂ ‘ਤੇ ਕਿਸਾਨਾਂ ਨੇ ਫ਼ਸਲਾਂ ਦੇ ਬਚਾਅ ਲਈ ਸਪਰੇਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਦੂਜੇ ਪਾਸੇ ਖੇਤੀ ਵਿਭਾਗ ਨੇ ਕਿਸਾਨਾਂ ਨੂੰ ਫ਼ਸਲ ‘ਤੇ ਸਪੇਰਆਂ ਕਰਨ ਤੋਂ ਵਰਜਿਆ ਹੈ। ਮਹਿਕਮੇ ਦੇ ਮਾਹਿਰਾਂ ਨੇ ਇਸ ਹਮਲੇ ਨੂੰ ਮਾਮੂਲੀ ਮੰਨਦਿਆਂ ਈਟੀਐੱਲ ਪੱਧਰ ਤੋਂ ਹੇਠਾਂ ਕਰਾਰ ਦਿੱਤਾ ਹੈ।
ਗੁਲਾਬੀ ਸੁੰਡੀ ਦੇ ਹਮਲੇ ਸਬੰਧੀ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਭਲਾਈਕੇ ਦੇ ਕਿਸਾਨ ਗੁਰਦੀਪ ਸਿੰਘ ਨੇ ਜਥੇਬੰਦੀ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਨੇ ਸਰ੍ਹੋਂ ਵਾਲੇ ਦੋ ਏਕੜ ਖੇਤ ਵਿੱਚ ਅਗੇਤਾ ਨਰਮਾ ਬੀਜਿਆ ਸੀ, ਜਿਸ ‘ਤੇ ਹੁਣ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੁਣੇ ਤੋਂ ਸੁੰਡੀ ਦੀ ਰੋਕਥਾਮ ਲਈ ਠੋਸ ਕਦਮ ਚੁੱਕੇ ਜਾਣ ਅਤੇ ਕਿਸਾਨਾਂ ਨੂੰ ਲੋੜੀਂਦੇ ਕੀਟਨਾਸ਼ਕ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀਂ ਸਬਸਿਡੀ ‘ਤੇ ਮੁਹੱਈਆ ਕਰਵਾਏ ਜਾਣ। ਇਸ ਸਬੰਧੀ ਖੇਤੀਬਾੜੀ ਮਹਿਕਮੇ ਦੇ ਜ਼ਿਲ੍ਹਾ ਅਫ਼ਸਰ ਡਾ. ਮਨਜੀਤ ਸਿੰਘ ਨੇ ਮੰਨਿਆ ਕਿ ਕਿਤੇ-ਕਿਤੇ ਗੁਲਾਬੀ ਸੁੰਡੀ ਦੇ ਉੱਡਦੇ ਪਤੰਗੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਇਸ ਮਾਮਲੇ ਨੂੰ ਲੈ ਕੇ ਹਰਕਤ ਵਿੱਚ ਆ ਗਿਆ ਹੈ। ਖੇਤੀਬਾੜੀ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਝੁਨੀਰ ਅਤੇ ਸਰਦੂਲਗੜ੍ਹ ਖੇਤਰ ਦੇ ਸਰ੍ਹੋਂ ਵਾਲੇ ਖੇਤਾਂ ਵਿੱਚ ਆਇਆ ਹੈ, ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਤੇ ਨਾ ਹੀ ਅਜੇ ਸਪਰੇਅ ਕਰਨ ਦਾ ਸਮਾਂ ਹੈ।