ਨਵੀਂ ਦਿੱਲੀ, 8 ਜੂਨ
ਕੈਪਟਨ ਕੇ.ਐੱਲ. ਰਾਹੁਲ ਤੇ ਸਪਿੰਨਰ ਕੁਲਦੀਪ ਯਾਦਵ ਨੂੰ ਸੱਟਾਂ ਲੱਗਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਜਾਣ ਵਾਲੀ ਟੀ-20 ਲੜੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਲੜੀ ਤਹਿਤ ਖੇਡੇ ਜਾਣ ਵਾਲੇ ਮੈਚ ਇਥੇ 9 ਜੂਨ ਤੋਂ ਸ਼ੁਰੂ ਹੋਣੇ ਹਨ। ਇਸੇ ਦੌਰਾਨ ਰਾਹੁਲ ਦੀ ਗੈਰਮੌਜੂਦਗੀ ਵਿੱਚ ਵਿਕਟਕੀਪਰ ਰਿਸ਼ਭ ਪੰਤ ਇਸ ਸੀਰੀਜ਼ ਵਿੱਚ ਟੀਮ ਦੀ ਕਪਤਾਨੀ ਕਰਨਗੇ ਤੇ ਹਾਰਦਿਕ ਪਾਂਡਿਆ ਟੀਮ ਦੇ ਉਪ ਕਪਤਾਨ ਹੋਣਗੇ। ਐਲਾਨੀ ਗਈ ਟੀਮ ਵਿੱਚ ਵਿਕਟਕੀਪਰ ਰਿਸ਼ਭ ਪੰਤ (ਕਪਤਾਨ), ਹਾਰਦਿਕ ਪਾਂਡਿਆ (ਉਪ ਕਪਤਾਨ), ਰੁਤੂਰਾਜ ਗਾਇਕਵਾਡ, ਇਸ਼ਾਨ ਕਿਸ਼ਨ, ਦੀਪਕ ਹੁਡਾ, ਸ਼੍ਰੇਆਸ ਅਈਅਰ, ਦਿਨੇਸ਼ ਕਾਰਤਿਕ (ਵਿਕਟ-ਕੀਪਰ), ਵੈਂਕਟੇਸ਼ ਅਈਅਰ, ਯੁਜ਼ਵੇਂਦਰ ਚਾਹਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਵੇਸ਼ ਖਾਨ, ਅਰਸ਼ਦੀਪ ਸਿੰਘ ਤੇ ਉਮਰਾਨ ਮਲਿਕ ਸ਼ਾਮਲ ਹਨ। ਇਸੇ ਦੌਰਾਨ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਕੇ.ਐੱਲ. ਰਾਹੁਲ ਤੇ ਕੁਲਦੀਪ ਯਾਦਵ ਨੂੰ ਐੱਨਸੀਏ ਵਿੱਚ ਰਿਪੋਰਟ ਕਰਨ ਲਈ ਕਿਹਾ ਹੈ ਜਿਥੇ ਮੈਡੀਕਲ ਟੀਮ ਉਨ੍ਹਾਂ ਦੀ ਜਾਂਚ ਕਰੇਗੀ। ਦੱਸਣਯੋਗ ਹੈ ਕਿ ਬੀਤੇ ਦਿਨ ਨੈੱਟ ਪ੍ਰੈਕਟਿਸ ਦੌਰਾਨ ਕੁਲਦੀਪ ਯਾਦਵ ਦੇ ਹੱਥ ’ਤੇ ਸੱਟ ਲੱਗ ਗਈ ਸੀ। -ੲੇਜੰਸੀ