ਗੁਰਮਲਕੀਅਤ ਸਿੰਘ ਕਾਹਲੋਂ
ਉਦੋਂ ਸਾਨੂੰ ਕੈਨੇਡਾ ਆਇਆਂ ਥੋੜ੍ਹੇ ਮਹੀਨੇ ਹੋਏ ਸਨ। ਮੁਬੱਸ਼ਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਬੇਕਾਬੂ ਹੋਈ ਕਾਰ ਮੂਹਰਿਓਂ ਧੱਕਾ ਦੇ ਕੇ ਮੇਰੇ ਬੇਟੇ ਨੂੰ ਬਚਾ ਲਿਆ ਸੀ। ਇਹੀ ਧੱਕਾ ਬਾਅਦ ਵਿੱਚ ਉਨ੍ਹਾਂ ਦੇ ਜਿਗਰੀ ਯਰਾਨੇ ਰਾਹੀਂ ਹੁੰਦਾ ਹੋਇਆ ਸਾਡੀ ਪਰਿਵਾਰਕ ਸਾਂਝ ਤੱਕ ਪਹੁੰਚ ਗਿਆ। ਮੁਬੱਸ਼ਰ ਪਹਿਲੀ ਵਾਰ ਸਾਡੇ ਘਰ ਆਇਆ ਤਾਂ ਸਾਡੇ ਦੋਹਾਂ (ਪਤੀ-ਪਤਨੀ) ਦੇ ਮਨ ਉਸ ਪ੍ਰਤੀ ਅਪਣੱਤ ਨਾਲ ਛਲਕਣ ਲੱਗ ਪਏ। ਸਾਲ ਕੁ ਬਾਅਦ ਉਸ ਦੇ ਮਾਪਿਆਂ ਨੂੰ ਮਿਲ ਕੇ ਸਾਨੂੰ ਇਹ ਪਛਤਾਵਾ ਹੋਣ ਲੱਗਾ ਕਿ ਅਸੀਂ ਐਨੇ ਚੰਗੇ ਲੋਕਾਂ ਨੂੰ ਐਨਾ ਪੱਛੜ ਕੇ ਕਿਉਂ ਮਿਲ ਰਹੇ ਆਂ।
ਮੁਬੱਸ਼ਰ ਦੇ ਮਾਪੇ ਫੈਸਲਾਬਾਦ (ਪਾਕਿਸਤਾਨ) ਤੋਂ ਸਨ ਤੇ 25 ਕੁ ਸਾਲ ਪਹਿਲਾਂ ਕੈਨੇਡਾ ਆ ਕੇ ਵੱਸੇ ਸਨ। ਉਸ ਦੇ ਡੈਡੀ ਯਾਸਿਰ ਨੇ ਦੱਸਿਆ ਕਿ ਦੋਹਾਂ ਭੈਣਾਂ ਤੋਂ ਛੋਟੇ ਮੁਬੱਸ਼ਰ ਨੇ ਸਕੂਲ ਦਾ ਮੂੰਹ ਕੈਨੇਡਾ ਆ ਕੇ ਹੀ ਵੇਖਿਆ ਸੀ। ਮੁੰਡਾ ਕੈਨੇਡੀਅਨ ਸੱਭਿਆਚਾਰ ਵਿੱਚ ਘੁਲ-ਮਿਲ ਕੇ ਸਹਿਜ ਹੋ ਗਿਆ ਸੀ। ਦਿਨ-ਬਦਿਨ ਯਾਸਿਰ ਹੋਰਾਂ ਨਾਲ ਸਾਡਾ ਮੇਲ-ਮਿਲਾਪ ਤੇ ਨੇੜਤਾ ਵਧਦੀ ਗਈ ਅਤੇ ਪਿਛੋਕੜ ਦੇ ਵਰਕੇ ਸਾਂਝੇ ਹੋਣ ਲੱਗ ਪਏ। ਉਨ੍ਹਾਂ ਦੇ ਵਡੇਰੇ ਭਾਰਤ ਵਾਲੇ ਪਾਸਿਓਂ ਉੱਜੜ ਕੇ ਤਾਂ ਨਹੀਂ ਸੀ ਗਏ, ਪਰ 1947 ਵਾਲੀ ਵੰਡ ਦਾ ਸੇਕ ਉੱਧਰ ਬੈਠਿਆਂ ਨੇ ਵੀ ਝੱਲਿਆ ਸੀ। ਉਦੋਂ ਸਾਡੇ ਵੱਡਿਆਂ ਨੂੰ ਪਾਕਿਸਤਾਨ ਦੇ ਉਸੇ ਜ਼ਿਲ੍ਹੇ ਦੇ ਪਿੰਡ ’ਚ ਵਸਦੇ ਰਸਦੇ ਘਰ ਛੱਡ ਕੇ ਖਾਲੀ ਹੱਥ ਚੜ੍ਹਦੇ ਪੰਜਾਬ ਆਉਣਾ ਪਿਆ ਤੇ ਬੜੀਆਂ ਔਖਿਆਈਆਂ ਝੱਲਣੀਆਂ ਪਈਆਂ ਸਨ। ਆਪਣਿਆਂ ਦੇ ਵਿਛੋੜਿਆਂ ਦੀ ਮਾਨਸਿਕ ਪੀੜ ਸਹਿਣੀ ਪਈ ਸੀ। ਡੈਡੀ ਦੱਸਦੇ ਹੁੰਦੇ ਸਨ ਕਿ ਮੇਰੇ ਦਾਦਾ ਜੀ ਕਈ ਸਾਲ ਰਾਤਾਂ ਨੂੰ ਉੱਠ ਕੇ ਇਕੱਲਿਆਂ ਈ ਓਧਰ ਦੀਆਂ ਗੱਲਾਂ ਯਾਦ ਕਰਨ ਲੱਗ ਪੈਂਦੇ ਸਨ। ਸਾਡੇ ਪਰਿਵਾਰ ਦੇ ਕਾਫਲੇ ’ਤੇ ਹੋਏ ਹਮਲੇ ਮੌਕੇ ਸਾਡੀ ਦਾਦੀ ਆਪਣੀ ਗੋਦੀ ਚੁੱਕੀ ਧੀ ਸਮੇਤ ਮਾਰੀ ਗਈ ਸੀ।
ਛੇ ਕੁ ਮਹੀਨੇ ਪਹਿਲਾਂ ਸਾਨੂੰ ਪਤਾ ਲੱਗਾ ਕਿ ਯਾਸਿਰ ਹੋਰੀਂ ਕੁਝ ਦਿਨਾਂ ਲਈ ਦੇਸ਼ ਜਾ ਰਹੇ ਨੇ। ਮਿਲ ਬੈਠਣ ਦੇ ਬਹਾਨੇ ਅਸੀਂ ਉਨ੍ਹਾਂ ਨੂੰ ਖਾਣੇ ’ਤੇ ਸੱਦ ਲਿਆ। ਉਨ੍ਹਾਂ ਦੱਸਿਆ ਕਿ ਕਰੋਨਾ ਕਾਰਨ ਪਿਛਲੇ ਸਾਲ ਉਨ੍ਹਾਂ ਦੀ ਰਿਸ਼ਤੇਦਾਰੀ ਵਿੱਚ ਤਿੰਨ ਮੌਤਾਂ ਹੋਈਆਂ ਸਨ। ਉਦੋਂ ਹਵਾਈ ਉਡਾਣਾਂ ’ਤੇ ਪਬੰਦੀਆਂ ਕਾਰਨ ਉਹ ਜਾ ਨਹੀਂ ਸੀ ਸਕੇ। ਦੋਹਾਂ ਨੇ ਗੈਰਹਾਜ਼ਰੀ ਦੌਰਾਨ ਉਨ੍ਹਾਂ ਦੇ ਘਰ ਦਾ ਚੱਕਰ ਲਾਉਂਦੇ ਰਹਿਣ ਅਤੇ ਮੁਬੱਸ਼ਰ ਦਾ ਖਿਆਲ ਰੱਖਣ ਦੀ ਜ਼ਿੰਮੇਵਾਰੀ ਸਾਡੇ ’ਤੇ ਪਾ ਦਿੱਤੀ, ਜਿਸ ਨੂੰ ਨਿਭਾਉਂਦਿਆਂ ਸਾਨੂੰ ਚੰਗਾ ਵੀ ਲੱਗਦਾ ਰਿਹਾ।
ਯਾਸਿਰ ਹੋਰੀਂ ਵਾਪਸ ਆਏ ਤਾਂ ਸਾਨੂੰ ਪਤਾ ਲੱਗਾ ਕਿ ਉਹ ਆਪਣੀ ਚਾਚੀ ਨੂੰ ਨਾਲ ਲੈ ਆਏ ਸਨ। ਹਫ਼ਤਾਵਾਰੀ ਛੁੱਟੀ ਆਈ ਤਾਂ ਅਸੀਂ ਉਨ੍ਹਾਂ ਦੇ ਘਰ ਦਾ ਪ੍ਰੋਗਰਾਮ ਬਣਾ ਲਿਆ। ਖੈਰ-ਸੁੱਖ ਤੋਂ ਬਾਅਦ ਕੁਝ ਦੇਰ ਪਾਕਿਸਤਾਨ ਵਿੱਚ ਹੋਏ ਸਿਆਸੀ ਫੇਰਬਦਲ ਦੀ ਚਰਚਾ ਹੋਈ। ਚਾਚੀ ਨੂੰ ਕਮਰੇ ਵਿੱਚੋਂ ਬੁਲਾਉਣ ਗਈ ਮੁਸ਼ੱਬਰ ਦੀ ਅੰਮੀ ਨੇ ਦੱਸਿਆ ਕਿ ਉਹ ਵਿਸਮਾਦੀ ਅਵਸਥਾ ਵਿੱਚ ਸੀ, ਜਿਸ ਕਰਕੇ ਉਸ ਨੇ ਬੁਲਾਉਣਾ ਠੀਕ ਨਹੀਂ ਸਮਝਿਆ, ਪਰ ਥੋੜ੍ਹੀ ਦੇਰ ਬਾਅਦ ਖੂੰਡੀ ਦੇ ਸਹਾਰੇ ਤੁਰਦੀ ਹੋਈ ਚਾਚੀ ਆਪ ਹੀ ਆ ਗਈ। ਅਸੀਂ ਦੋਵੇਂ ਹੱਥ ਜੋੜ ਖੜ੍ਹੇ ਹੋ ਗਏ। ਅਗਲੇ ਪਲ ਮੈਂ ਚਾਚੀ ਦੀਆਂ ਬਾਹਵਾਂ ਵਿੱਚ ਘੁੱਟਿਆ ਪਿਆ ਸਾਂ। ਚਾਚੀ ਕੁਝ ਬੋਲੀ ਤਾਂ ਨਾਂ, ਪਰ ਉਸ ਦੇ ਸਾਹਾਂ ’ਚੋਂ ਕਿਸੇ ਦਰਦ ਦੇ ਝਾਉਲੇ ਪੈ ਰਹੇ ਸੀ। ਚਾਚੀ ਦੀਆਂ ਬਾਹਾਂ ਦੀ ਪਕੜ ਮੇਰੇ ਤੋਂ ਢਿੱਲੀ ਹੋ ਕੇ ਮੇਰੀ ਪਤਨੀ (ਜੋਤੀ) ਦੁਆਲੇ ਕੱਸੀ ਗਈ। ਜੋਤੀ ਨੂੰ ਮਿਲਦਿਆਂ ਚਾਚੀ ਦੀਆਂ ਅੱਖਾਂ ’ਚੋਂ ਹੰਝੂ ਪਰਲ ਪਰਲ ਵਹਿਣ ਲੱਗ ਪਏ। ਕਿੰਨੀ ਦੇਰ ਬਾਅਦ ਯਾਸਿਰ ਨੇ ਉਸ ਨੂੰ ਫੜ ਕੇ ਸਹਾਰਾ ਦਿੰਦੇ ਹੋਏ ਬਹਾਇਆ। ਸਿੱਲੇ ਹੋਏ ਮਾਹੌਲ ਕਾਰਨ ਕੁਝ ਮਿੰਟ ਚੁੱਪ ਵਰਤ ਗਈ। ਯਾਸਿਰ ਨੇ ਚਾਚੀ ਨੂੰ ਪਾਣੀ ਦਾ ਗਿਲਾਸ ਫੜਾਇਆ। ਸਾਡੀ ਜਾਣ ਪਛਾਣ ਦੱਸਣ ਤੋਂ ਪਹਿਲਾਂ ਉਸ ਨੇ ਸਵਾਲ ਕਰ ਦਿੱਤਾ,
“ਚਾਚੀ ਤੂੰ ਇਹ ਤਾਂ ਪੁੱਛਿਆ ਈ ਨਹੀਂ ਕਿ ਭਾਈ ਸਾਬ ਕੌਣ ਨੇ ?’’
“ਲੈ ਆਪਣਿਆਂ ਬਾਰੇ ਵੀ ਕੁਝ ਪੁੱਛਣ-ਦੱਸਣ ਦੀ ਲੋੜ ਹੁੰਦੀ ਐ। ਮੈਂ ਤਾਂ ਕਿੰਨੀ ਦੇਰ ਤੋਂ ਮੁੰਡੇ ਦੀਆਂ ਗੱਲਾਂ ਸੁਣਦੀ ਸੁਣਦੀ ਚੇਤਿਆਂ ਵਿੱਚ ਗਵਾਚੀ ਹੋਈ ਸੀ।’’ ਚਾਚੀ ਦਾ ਸਹਿਜ-ਸੁਭਾਅ ਜਵਾਬ ਸੁਣ ਕੇ ਮੈਨੂੰ ਉਸ ਦੀ ਜੱਫੀ ’ਚੋਂ ਆਇਆ ਨਿੱਘ ਹੋਰ ਸੰਘਣਾ ਹੋ ਗਿਆ।
ਯਾਸਿਰ ਨੇ ਚਾਚੀ ਨੂੰ ਸਾਹਮਣੇ ਵਾਲੇ ਸੋਫੇ ’ਤੇ ਬੈਠਣ ਦਾ ਇਸ਼ਾਰਾ ਕੀਤਾ, ਪਰ ਇਸ਼ਾਰੇ ਨੂੰ ਅਣਗੌਲਿਆ ਕਰਕੇ ਉਹ ਮੇਰੇ ਤੇ ਜੋਤੀ ਦੇ ਵਿਚਕਾਰ ਬੈਠ ਗਈ। ਉਹ ਕਦੇ ਮੇਰੇ ਅਤੇ ਕਦੇ ਜੋਤੀ ਦੀਆਂ ਅੱਖਾਂ ਵਿੱਚ ਵੇਖਣ ਲੱਗ ਜਾਂਦੀ, ਜਿਵੇਂ ਅੱਖਾਂ ’ਚੋਂ ਕੁਝ ਲੱਭਣ ਦਾ ਯਤਨ ਕਰ ਰਹੀ ਹੋਵੇ। ਚਾਚੀ ਨੂੰ ਬੈਠਿਆਂ ਅਜੇ ਥੋੜ੍ਹੀ ਦੇਰ ਹੋਈ ਸੀ ਕਿ ਫੋਨ ’ਤੇ ਆਏ ਜ਼ਰੂਰੀ ਸੰਦੇਸ਼ ਕਾਰਨ ਸਾਨੂੰ ਉਸੇ ਵੇਲੇ ਉੱਥੋਂ ਵਾਪਸ ਆਉਣਾ ਪਿਆ। ਪਰ ਉਸ ਤੋਂ ਪਹਿਲਾਂ ਅਸੀਂ ਯਾਸਿਰ ਤੋਂ ਵਾਅਦਾ ਲਿਆ ਕਿ ਅਗਲੇ ਵੀਕਐਂਡ ਉਹ ਚਾਚੀ ਸਮੇਤ ਸਾਡੇ ਵੱਲ ਆਉਣਗੇ।
ਯਾਸਿਰ ਹੋਰਾਂ ਦੇ ਘਰੋਂ ਆ ਕੇ ਸਾਡੇ ਮਨਾਂ ’ਚ ਸ਼ਨਿਚਰਵਾਰ ਦੀ ਉਡੀਕ ਭਾਰੂ ਹੋਣ ਲੱਗੀ। ਰੋਜ਼ਾਨਾ ਘਟਦੇ ਦਿਨਾਂ ਨਾਲ ਤਸੱਲੀ ਮਹਿਸੂਸ ਹੁੰਦੀ। ਸ਼ਨਿਚਰਵਾਰ ਚੜ੍ਹਿਆ ਤਾਂ ਜਾਪਣ ਲੱਗਾ ਜਿਵੇਂ ਕੋਈ ਖਾਸ ਗੱਲ ਹੋਣ ਵਾਲੀ ਹੈ। ਜੋਤੀ ਦੋ ਵਾਰ ਪੁੱਛ ਚੁੱਕੀ ਸੀ ਕਿ ਉਹ ਕਿੰਨੇ ਵਜੇ ਆਉਣਗੇ। ਅੱਠ ਕੁ ਵੱਜੇ ਹੋਣਗੇ, ਫੋਨ ਵੱਜਿਆ ਤਾਂ ਸਾਡੇ ਤਿੰਨਾਂ ਦੇ ਕੰਨ ਖੜ੍ਹੇ ਹੋਏ। ਯਾਸਿਰ ਨੇ ਦੱਸਿਆ ਕਿ ਕੋਈ ਜ਼ਰੂਰੀ ਕੰਮ ਪੈ ਜਾਣ ਕਰਕੇ ਉਹ ਅੱਜ ਵਾਲੀ ਮਹਿਫ਼ਲ ਨਹੀਂ ਸਜਾ ਸਕਣਗੇ, ਪਰ ਹੁਣੇ ਕੁਝ ਮਿੰਟਾਂ ਬਾਅਦ ਦਰਸ਼ਨ ਕਰਕੇ ਜਾਣਗੇ ਤੇ ਚਾਚੀ ਨੂੰ ਸਾਡੇ ਵੱਲ ਛੱਡ ਜਾਣਗੇ। ਜੋਤੀ ਨੇ ਜਲਦੀ ਜਲਦੀ ਸਾਰੇ ਕੰਮ ਨਿਪਟਾ ਲਏ। ਥੋੜ੍ਹੀ ਦੇਰ ਬਾਅਦ ਬਾਹਰ ਕਾਰ ਦੇ ਦਰਵਾਜ਼ੇ ਬੰਦ ਹੋਣ ਦਾ ਖੜਕਾ ਸੁਣਿਆ। ਮੈਂ ਝੱਟ ਦਰਵਾਜ਼ਾ ਖੋਲ੍ਹਿਆ। ਕਾਰ ਕੋਲ ਖੜ੍ਹਾ ਯਾਸਿਰ ਕਿਸੇ ਦਾ ਫੋਨ ਸੁਣ ਰਿਹਾ ਸੀ। ਦੋਵੇਂ ਹੱਥ ਜੋੜ ਕੇ ਖੜ੍ਹੀ ਚਾਚੀ ਸਾਡੇ ਘਰ ਨੂੰ ਨਿਹਾਰ ਰਹੀ ਸੀ। ਉਸ ਦਾ ਚਿਹਰਾ ਅਜੀਬ ਜਿਹੇ ਸੰਕੇਤ ਦੇ ਰਿਹਾ ਸੀ। ਚਾਚੀ ਵੱਲ ਵੇਖ ਕੇ ਮੈਨੂੰ ਆਪਣੇ ਚੇਤੇ ਦੀ ਸਲੇਟ ’ਤੇ ਉੱਕਰੇ ਉਹ ਪਲ ਯਾਦ ਆਏ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਤੋਂ ਤੀਜੇ ਦਿਨ ਬਾਬੇ ਨਾਨਕ ਦੀ ਵਰੋਸਾਈ ਧਰਤੀ ’ਤੇ ਪੈਰ ਧਰਦਿਆਂ ਅਸੀਂ ਮਹਿਸੂਸ ਕਰ ਰਹੇ ਸੀ।
ਮੈਨੂੰ ਵੇਖ ਕੇ ਚਾਚੀ ਦੇ ਪੈਰਾਂ ’ਚ ਹਰਕਤ ਆਈ ਤੇ ਖੂੰਡੀ ’ਤੇ ਭਾਰ ਪਾਉਂਦਿਆਂ ਉਹ ਅੱਗੇ ਵਧਣ ਲੱਗੀ। ਮੈਂ ਕੋਲ ਜਾ ਕੇ ਪੈਰੀਂ ਹੱਥ ਲਾਏ ਤਾਂ ਉਸ ਨੇ ਜੱਫੀ ਵਿੱਚ ਲੈ ਲਿਆ। ਉਸ ਦੇ ਹੱਥੋਂ ਖੂੰਡੀ ਖਿਸਕਣ ਲੱਗੀ ਤਾਂ ਜੱਫੀ ਕੁਝ ਢਿੱਲੀ ਹੋਈ ਸੀ। ਉਸ ਦਾ ਧਿਆਨ ਯਾਸਿਰ ਵੱਲ ਗਿਆ ਤੇ ਇਸ਼ਾਰੇ ਨਾਲ ਕੁਝ ਕਿਹਾ। ਯਾਸਿਰ ਕਾਰ ’ਚੋਂ ਥੈਲਾ ਕੱਢ ਲਿਆਇਆ। ਇੱਕ ਹੱਥ ਥੈਲਾ ਫੜੀ ਚਾਚੀ ਦਾ ਦੂਜਾ ਹੱਥ ਫੜ ਕੇ ਸਹਾਰਾ ਦਿੰਦੇ ਹੋਏ ਮੈਂ ਉਸ ਨੂੰ ਅੰਦਰ ਲਿਜਾਣ ਲੱਗਾ। ਕਾਹਲੀ ’ਚ ਹੋਣ ਕਰਕੇ ਯਾਸਿਰ ਬਾਹਰੋਂ ਬਾਹਰ ਮੁੜ ਗਿਆ।
ਅੰਦਰ ਲੰਘੇ ਤਾਂ ਜੋਤੀ ਨੂੰ ਪੈਰਾਂ ਵੱਲ ਝੁਕਣ ਤੋਂ ਪਹਿਲਾਂ ਈ ਚਾਚੀ ਨੇ ਕਲਾਵੇ ਵਿੱਚ ਭਰ ਲਿਆ। ਬੇਟਾ ਆਇਆ ਤਾਂ ਸੋਫੇ ’ਤੇ ਬੈਠੀ ਨੇ ਹੀ ਉਸ ਨੂੰ ਵੀ ਨਾਲ ਬੈਠਾ ਲਿਆ ਤੇ ਕਿੰਨੀ ਦੇਰ ਉਸ ਦਾ ਸਿਰ ਪਲੋਸਦੀ ਰਹੀ। ਠੰਢੇ ਤੱਤੇ ਬਾਰੇ ਪੁੱਛੇ ਜਾਣ ’ਤੇ ਉਸ ਦੇ ਮੋਹ-ਭਰੇ ਜਵਾਬ ਨੇ ਸਾਨੂੰ ਬੜਾ ਕੁਝ ਸੋਚਣ ਲਈ ਮਜਬੂਰ ਕਰ ਦਿੱਤਾ।
“ਬੇਟਾ, ਜੋ ਤੇਰਾ ਜੀਅ ਕਰਦਾ ਲਈ ਆ, ਆਪਣੇ ਘਰ ਆਈ ਆਂ, ਮੇਰੇ ਤੋਂ ਕੋਈ ਨਾਂਹ ਕਿਵੇਂ ਹੋਜੂ।’’
ਇੱਕ ਦੋ ਗਲਾਂ ਕਰਕੇ ਉਸ ਨੇ ਆਪਣਾ ਥੈਲਾ ਫੜਿਆ ਤੇ ਲਾਹੌਰ ਤੋਂ ਲਿਆਂਦਾ ਸਾਮਾਨ ਮੇਜ਼ ’ਤੇ ਢੇਰੀ ਕਰਤਾ। ਉਸ ਦੇ ਅਪਣੱਤ ਭਰੇ ਇਸ਼ਾਰੇ ਮੂਹਰੇ ਸਾਡੇ ਮੂੰਹੋਂ ਖੇਚਲ ਆਦਿ ਕੁਝ ਵੀ ਨਾ ਕਹਿ ਹੋਇਆ। ਜੋਤੀ ਤਾਂ ਲਿਆਂਦੇ ਸੂਟ ਵੱਲ ਵੇਖ ਵੇਖ ਹੈਰਾਨ ਹੋਈ ਜਾ ਰਹੀ ਸੀ ਕਿ ਚਾਚੀ ਨੂੰ ਉਸ ਦੀ ਪਸੰਦ ਦਾ ਕਿਵੇਂ ਪਤਾ ਲੱਗ ਗਿਆ। ਜੋਤੀ ਨੇ ਕਿਸੇ ਦਾ ਸੂਟ ਵੇਖ ਕੇ, ਉਂਜ ਦੇ ਪ੍ਰਿੰਟ, ਰੰਗ ਤੇ ਕੱਪੜੇ ਵਾਲੇ ਸੂਟ ਦੀ ਰੀਝ ਪਾਲੀ ਹੋਈ ਸੀ। ਉਹ ਕਈ ਕਲਾਥ ਹਾਊਸ ਫਰੋਲ ਆਈ ਸੀ, ਪਰ ਕਿਤੋਂ ਵੀ ਉਂਜ ਦਾ ਕੱਪੜਾ ਮਿਲਿਆ ਨਹੀਂ ਸੀ। ਖੁਸ਼ੀ ਵਿੱਚ ਖੀਵੀ ਹੋਈ ਜੋਤੀ ਤੋਂ ਰਹਿ ਨਾ ਹੋਇਆ ਤੇ ਚਾਚੀ ਨੂੰ ਪੁੱਛ ਲਿਆ।
“ਚਾਚੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਆਹ ਸੂਟ ਤਾਂ ਮੇਰੀ ਖਾਸ ਪਸੰਦ ਸੀ?”
“ਲੈ ਬੇਟਾ, ਆਪਣਿਆਂ ਦੀ ਪਸੰਦ ਕੋਈ ਲੁਕੀ ਹੋਈ ਥੋੜ੍ਹਾ ਰਹਿੰਦੀ ਆ।’’ ਚਾਚੀ ਨੇ ਇਹ ਗੱਲ ਇੰਜ ਸਹਿਜ ਸੁਭਾਅ ਕਹਿ ਦਿੱਤੀ, ਜਿਵੇਂ ਜੋਤੀ ਉਸ ਦੇ ਹੱਥਾਂ ਵਿੱਚ ਖੇਡੀ ਹੋਵੇ, ਪਰ ਮੇਰੀ ਸੂਈ ਉਸ ਵੱਲੋਂ ਜ਼ੋਰ ਦੇ ਕੇ ਬੋਲੇ ਜਾ ਰਹੇ “ਆਪਣੇ” ਉਤੇ ਟਿਕ ਗਈ। ‘ਆਪਣਿਆਂ’ ਵਾਲੀਆਂ ਜੜ੍ਹਾਂ ਫਰਲੋਣ ਦੀ ਉਤਸੁਕਤਾ ਜਾਗ ਪਈ। ਮੈਂ ਇਹ ਬੁਝਾਰਤ ਬੁੱਝਣ ਦੇ ਮੌਕੇ ਦੀ ਤਾਕ ਲਾ ਲਈ।
ਥੈਲੇ ਵਾਲਾ ਕੰਮ ਨਿਬੇੜ ਕੇ ਚਾਚੀ ਉੱਠੀ ਘਰ ਦੀ ਇੱਕ ਇੱਕ ਚੀਜ਼ ਨੂੰ ਗਹੁ ਨਾਲ ਨਿਹਾਰਨ ਅਤੇ ਟੋਹ ਟੋਹ ਕੇ ਵੇਖਣ ਲੱਗ ਪਈ। ਜੋਤੀ ਵਾਲੀ ਅਲਮਾਰੀ ਵਿੱਚ ਟੰਗੇ ਉਸ ਦੇ ਸੂਟਾਂ ਨੂੰ ਵੇਖਕੇ ਚਾਚੀ ਦੇ ਚਿਹਰੇ ਦੇ ਤੇਵਰ ਉਭਰਦੇ ਅਤੇ ਬਦਲਦੇ ਰਹੇ। ਉਸ ਨੇ ਸਾਡੇ ਬੇਟੇ ਜਗਦੀਪ ਨੂੰ ਆਵਾਜ਼ ਮਾਰੀ ਤੇ ਆਪਣਾ ਕਮਰਾ ਵਿਖਾਉਣ ਨੂੰ ਕਿਹਾ। ਉਧਰੋਂ ਆ ਕੇ ਉਸ ਨੇ ਜੋਤੀ ਵਾਲੀ ਅਲਮਾਰੀ ਦੁਬਾਰਾ ਖੋਲ੍ਹ ਲਈ। ਇੰਜ ਲੱਗਦਾ ਸੀ ਜਿਵੇਂ ਉਹ ਕੋਈ ਗਵਾਚੀ ਹੋਈ ਚੀਜ਼ ਲੱਭ ਰਹੀ ਹੋਵੇ। ਥੋੜ੍ਹੀ ਦੇਰ ਬਾਅਦ ਉਹ ਰਸੋਈ ਵਿੱਚ ਖਾਣਾ ਬਣਾਉਂਦੀ ਜੋਤੀ ਦੇ ਕੋਲ ਜਾ ਖੜ੍ਹੀ। ਜੋਤੀ ਨੇ ਕੁਰਸੀ ਖਿੱਚ ਕੇ ਲਾਗੇ ਬਹਾ ਲਿਆ ਤੇ ਕੰਮ ਕਰੀ ਗਈ। ਆਉਣ ਤੋਂ ਬਾਅਦ ਧੀਏ ਕਹਿੰਦੀ ਰਹੀ ਚਾਚੀ, ਰਸੋਈ ਵਿੱਚ ਬਹਿੰਦਿਆਂ ਈ ਜੋਤੀ ਦਾ ਨਾਂ ਲੈ ਕੇ ਗੱਲਾਂ ਕਰਨ ਲੱਗ ਪਈ। ਉਸ ਦੇ ਮੂੰਹੋ ਆਪਣਾ ਨਾਂ ਸੁਣ ਕੇ ਜੋਤੀ ਦੀ ਅਪਣੱਤ ਹੋਰ ਤਿੱਖੀ ਹੋਣ ਲੱਗੀ। ਡਾਇਨਿੰਗ ਟੇਬਲ ’ਤੇ ਬੈਠਿਆਂ ਖਾਣਾ ਖਾਂਦਿਆਂ ਮੈਂ ਵੇਖਿਆ, ਚਾਚੀ ਹਰ ਗਰਾਹੀ ’ਚੋਂ ਅਨੰਦ ਮਹਿਸੂਸ ਕਰ ਰਹੀ ਸੀ। ਉਹ ਮਿੰਟ ਮਿੰਟ ਬਾਅਦ ਜੋਤੀ ਵੱਲ ਵੇਖ ਲੈਂਦੀ।
‘‘ਜੋਤੀ ਐਹ ਕਾਲੀ ਮਿਰਚ ਕਿੱਥੋਂ ਦੀ ਆ ?’’ ਜੋਤੀ ਨੂੰ ਸਮਝ ਨਾ ਆਈ ਕਿ ਚਾਚੀ ਨੇ ਪੁੱਛਿਆ ਕੀ ਆ।
ਮੂੰਹ ਵੱਲ ਤੱਕਦੀ ਵੇਖ ਕੇ ਉਹ ਫਿਰ ਬੋਲੀ, ‘‘ਮੇਰਾ ਮਤਲਬ ਆ ਇਹ ਕਿਹੜੇ ਦੇਸ਼ ਦੀ ਪੈਦਾਵਾਰ ਆ।’’
‘‘ਚਾਚੀ ਇਹ ਤਾਂ ਅਸੀਂ ਐਥੋਂ ਈ ਸਟੋਰਾਂ ’ਚੋਂ ਲਿਆਉਂਦੇ ਆਂ, ਕਦੇ ਪਤਾ ਨਈਂ ਕੀਤਾ ਕਿੱਥੇ ਉੱਗਦੀ ਆ।’’ ਜੋਤੀ ਦਾ ਜਵਾਬ ਹੈ ਤਾਂ ਸਪੱਸ਼ਟ ਸੀ, ਪਰ ਚਾਚੀ ਦੀ ਤਸੱਲੀ ਨਾ ਕਰਾ ਸਕਿਆ।
‘‘ਮੈਂ ਤਾਂ ਪੁੱਛਿਆ ਸੀ, ਕਿਉਂਕਿ ਇਸ ਦੇ ਸਵਾਦ ਤੋਂ ਲੱਗਦਾ, ਜਿਵੇਂ ਆਪਣੇ ਕਸ਼ਮੀਰ ’ਚੋਂ ਆਈ ਹੋਵੇ।’’
ਚਾਚੀ ਅਸੀਂ ਕਦੇ ਏਨਾ ਧਿਆਨ ਨਹੀਂ ਦਿੱਤਾ, ਹੁਣ ਸਟੋਰ ’ਤੇ ਗਈ ਤਾਂ ਪਤਾ ਕਰਕੇ ਆਵਾਂਗੀ। ਲੱਗਦਾ ਸੀ ਜਿਵੇਂ ਚਾਚੀ ਬੜਾ ਕੁਝ ਕਹਿਣ ਸੁਣਨ ਦੇ ਮੂਡ ਵਿੱਚ ਹੋਵੇ। ਖਾਣ ਪੀਣ ਮੁਕਾ ਕੇ ਅਸੀਂ ਲਿਵਿੰਗ ਰੂਮ ਵਿੱਚ ਆ ਬੈਠੇ।
‘‘ਪੁੱਤ ਚੜ੍ਹਦੇ ਪੰਜਾਬ ’ਚ ਕਿੱਥੇ ਰਹਿੰਦੇ ਸੀ ਤੁਸੀਂ ?’’ ਮੈਂ ਵੇਖਿਆ ਪੁੱਛਣ ਮੌਕੇ ਚਾਚੀ ਦੇ ਮੱਥੇ ਦੀਆਂ ਲਕੀਰਾਂ ਕਾਫ਼ੀ ਡੂੰਘੀਆਂ ਹੋ ਗਈਆਂ ਸਨ। ਕੋਈ ਉਤਸੁਕਤਾ ਉੱਭਰ ਆਈ ਸੀ ਉਸ ਦੇ ਮਨ ਵਿੱਚ, ਜਿਵੇਂ ਜੋਤੀ ਦੇ ਜਵਾਬ ’ਚੋਂ ਉਸ ਨੂੰ ਕੁਝ ਮਿਲ ਜਾਣਾ ਹੋਵੇ। ਮੈਂ ਦੱਸਿਆ ਕਿ ਸਾਡੇ ਵਡੇਰੇ ਦੇਸ਼ ਦੀ ਵੰਡ ਮੌਕੇ ਬਾਰ ’ਚੋਂ ਉੱਜੜ ਕੇ ਤੇ ਕੁਝ ਜੀਅ ਗਵਾ ਕੇ ਹੁਸ਼ਿਆਰਪੁਰ ਜ਼ਿਲ੍ਹੇ ਪਹੁੰਚੇ ਸੀ ਤੇ ਦੁਬਾਰਾ ਪੈਰ ਲੱਗਦਿਆਂ ਕਈ ਸਾਲ ਲੱਗ ਗਏ ਸੀ। ਚਾਚੀ ਦਾ ਅਗਲਾ ਇਸ਼ਾਰਾ ਜੋਤੀ ਦੇ ਪਿਛੋਕੜ ਵੱਲ ਸੀ। ਉਨ੍ਹਾਂ ਦੇ ਪਿਛੋਕੜ ਦਾ ਪਤਾ ਹੋਣ ਕਰਕੇ ਉਸ ਬਾਰੇ ਮੈਂ ਦੱਸਣ ਈ ਲੱਗਾ ਸੀ ਕਿ ਚਾਚੀ ਨੇ ਟੋਕ ਦਿੱਤਾ ਕਿ ਉਸ ਦੀ ਗੱਲ ਉਹ ਉਸ ਦੇ ਮੂੰਹੋਂ ਈ ਸੁਣੇਗੀ।
“ਚਾਚੀ ਮੇਰੇ ਡੈਡੀ ਮੰਮੀ ਤਾਂ ਪੈਦਾ ਈ ਵੰਡ ਤੋਂ ਕਈ ਸਾਲ ਬਾਅਦ ਹੋਏ ਸੀ। ਆਪਣੇ ਦਾਦਾ ਜੀ ਤਾਂ ਮੈਂ ਵੇਖੇ ਨਹੀਂ। ਦਾਦੀ ਹੁਣ ਤਾਂ ਹੈ ਨਈਂ, ਪਰ ਮੈਨੂੰ ਛੋਟੀ ਹੁੰਦੀ ਨੂੰ ਵੰਡ ਵੇਲੇ ਦੀਆਂ ਦਰਦ-ਭਿੱਜੀਆਂ ਤੇ ਕੰਬਣੀ-ਛੇੜਵੀਆਂ ਗੱਲਾਂ ਦੱਸਦੀ ਹੁੰਦੀ ਸੀ। ਬਾਰ ਵਿੱਚ ਉਨ੍ਹਾਂ ਦਾ ਵੱਡਾ ਪਰਿਵਾਰ ਸੀ ਤੇ ਸਾਰੇ ਇਕੱਠੇ ਰਹਿੰਦੇ ਸਨ। ਪਾਪਾ ਦੇ ਤਿੰਨ ਚਾਰ ਚਾਚੇ ਤੇ ਇੱਕ ਭੂਆ ਸੀ। ਦਾਦਾ-ਦਾਦੀ ਸਭ ਤੋਂ ਵੱਡੇ ਸਨ। ਉਨ੍ਹਾਂ ਦਾ ਬਾਪ ਲੰਬੜਦਾਰ ਸੀ ਪਾਕਿਸਤਾਨ ਵਿੱਚ। ਦਾਦੀ ਦੱਸਦੀ ਹੁੰਦੀ ਸੀ ਕਿ ਉਹ ਅੱਠ ਨੌਂ ਸਾਲਾਂ ਦੀ ਹੋਊ ਜਦੋਂ ਉਜਾੜੇ ਤੇ ਮਾਰ-ਧਾੜ ਵਾਲੀ ਦੇਸ਼ਾਂ ਦੀ ਵੰਡ ਹੋਈ। ਦਾਦੀ ਤੋਂ ਛੋਟੀ ਭੈਣ ਚਾਰ ਪੰਜ ਸਾਲਾਂ ਦੀ ਸੀ, ਜਿਸ ਦਾ ਬਾਅਦ ਵਿੱਚ ਪਤਾ ਈ ਨਈ ਸੀ ਲੱਗਾ ਕਿ ਉਹ ਮਰ ਖੱਪ ਗਈ ਜਾਂ …। ਦਾਦੀ ਉਸ ਦਾ ਨਾਂ ਲੈ ਕੇ ਯਾਦ ਕਰਦੇ ਸੀ ਤੇ ਰੋ ਪੈਂਦੇ ਸਨ। ਇਹ ਦੱਸਦਿਆਂ ਜੋਤੀ ਦਾ ਗਲਾ ਭਰ ਆਇਆ।
ਮੈਂ ਵੇਖ ਰਿਹਾ ਸੀ ਕਿ ਜਦੋਂ ਤੋਂ ਜੋਤੀ ਗੱਲਾਂ ਦੱਸਣ ਲੱਗੀ ਸੀ, ਚਾਚੀ ਨੇ ਅੱਖਾਂ ਉਸ ਦੇ ਚਿਹਰੇ ’ਤੇ ਗੱਡੀਆਂ ਹੋਈਆਂ ਸਨ। ਜੋਤੀ ਦੇ ਬੋਲਾਂ ਦੇ ਨਾਲ ਨਾਲ ਚਾਚੀ ਦੇ ਮੱਥੇ ਦੀਆਂ ਲਕੀਰਾਂ ਵਿੱਚ ਫਰਕ ਆ ਰਿਹਾ ਸੀ। ਆਪਣੇ ਆਪ ਨੂੰ ਸੰਭਾਲਦਿਆਂ ਜੋਤੀ ਅੱਗੋਂ ਦੱਸਣ ਲੱਗੀ।
‘‘ਦਾਦੀ ਦੱਸਦੇ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਸਿੱਖ ਤੇ ਮੁਸਲਮਾਨ ਪਰਿਵਾਰ ਭੈਣਾਂ ਭਰਾਵਾਂ ਵਾਂਗ ਰਹਿੰਦੇ ਸਨ। ਵੰਡ ਮੌਕੇ ਪਿੰਡ ਦੇ ਮੁਸਲਮਾਨ ਪਰਿਵਾਰਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਪਿੰਡ ’ਚੋਂ ਕੋਈ ਸਿੱਖ ਉੱਜੜ ਕੇ ਨਾ ਜਾਏ। ਉਨ੍ਹਾਂ ਰਾਖੀ ਕਰਨ ਦੀ ਜ਼ਿੰਮੇਵਾਰੀ ਚੁੱਕ ਲਈ ਸੀ। ਉਦੋਂ ਆਂਢ-ਗਵਾਂਢ ਦੀਆਂ ਔਰਤਾਂ ਇਕੱਠੀਆਂ ਹੋ ਕੇ ਮੂੰਹ ਹਨੇਰੇ ਖੇਤਾਂ ਵਿੱਚ ਜੰਗਲ-ਪਾਣੀ ਜਾਂਦੀਆਂ ਹੁੰਦੀਆਂ ਸਨ। ਦਾਦੀ ਹੋਰੀਂ ਦੋਵੇਂ ਭੈਣਾਂ ਵੀ ਆਪਣੀ ਬੀਬੀ ਤੇ ਚਾਚੀਆਂ ਤਾਈਆਂ ਦੇ ਨਾਲ ਜਾਂਦੀਆਂ ਸਨ। ਉਸ ਦਿਨ ਉਹ ਪਿੰਡੋਂ ਥੋੜ੍ਹਾ ਦੂਰ ਗਈਆਂ ਸਨ ਕਿ ਲਾਗਲੇ ਪਿੰਡ ਦਾ ਸਰਦਾਰ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਘੋੜਾ ਦੌੜਾਈ ਆਵੇ। ਔਰਤਾਂ ਵੇਖ ਕੇ ਉਹ ਰੁਕਿਆ ਤੇ ਪਿੰਡ ’ਤੇ ਹੋਣ ਵਾਲੇ ਹਮਲੇ ਬਾਰੇ ਖ਼ਬਰਦਾਰ ਕਰਦਿਆਂ ਔਰਤਾਂ ਨੂੰ ਘਰਾਂ ਵੱਲ ਭੱਜ ਜਾਣ ਲਈ ਕਿਹਾ। ਸਾਰੀਆਂ ਔਰਤਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਹ ਘਰਾਂ ਨੂੰ ਭੱਜ ਤੁਰੀਆਂ। ਦਾਦੀ ਦੀ ਨਿੱਕੀ ਭੈਣ ਭੱਜੇ ਆਉਂਦੇ ਘੋੜੇ ਤੋਂ ਡਰਦੀ ਮੱਕੀ ਦੇ ਖੇਤ ’ਚ ਲੁਕ ਗਈ ਸੀ। ਔਰਤਾਂ ਦੇ ਵਾਹੋ-ਦਾਹੀ ਘਰ ਪਹੁੰਚਣ ਤੱਕ ਸਭ ਨੂੰ ਪਿੰਡ ਛੱਡਣ ਦੀ ਹਫੜਾ-ਦਫੜੀ ਪੈ ਗਈ ਸੀ। ਦਾਦੀ ਦੀ ਮਾਂ ਨੂੰ ਨਿੱਕੀ ਧੀ ਕਿਤੇ ਦਿਸੇ ਨਾ। ਸਭ ਨੂੰ ਜਾਨਾਂ ਬਚਾਉਣ ਦੀ ਪਈ ਹੋਈ ਸੀ ਇਸ ਕਰਕੇ ਛੋਟੀ ਦੀ ਭਾਲ ਦੀ ਪਰਵਾਹ ਪਿੱਛੇ ਰਹਿ ਗਈ। ਸਾਡੇ ਵਡੇਰਿਆਂ ਪਿੰਡ ਛੱਡ ਦਿੱਤਾ, ਪਰ ਦਾਦੀ ਦੀ ਨਿੱਕੀ ਭੈਣ ਦਾ ਕਿਸੇ ਨੂੰ ਕੁਝ ਪਤਾ ਨਾ ਲੱਗਾ…।
ਮਾਹੌਲ ਤਾਂ ਪਹਿਲਾਂ ਈ ਬੜਾ ਭਾਵੁਕ ਹੋ ਰਿਹਾ ਸੀ। ਮੈਂ ਵੇਖਿਆ ਫਿਰ ਤੋਂ ਨਿੱਕੀ ਵਾਲੀ ਗੱਲ ’ਤੇ ਆ ਕੇ ਜੋਤੀ ਦੀਆਂ ਅੱਖਾਂ ਵਹਿਣ ਲੱਗ ਪਈਆਂ। ਚਾਚੀ ਦੀਆਂ ਅੱਖਾਂ ਤਾਂ ਪਹਿਲਾਂ ਈ ਪਰਨਾਲੇ ਬਣੀਆਂ ਹੋਈਆਂ ਸਨ। ਕਈ ਮਿੰਟ ਚੁੱਪ ਛਾਈ ਰਹੀ। ਆਪਣੇ ਆਪ ਵਿੱਚ ਆ ਕੇ ਚਾਚੀ ਥੋੜ੍ਹਾ ਖਿਸਕ ਕੇ ਜੋਤੀ ਦੇ ਕੋਲ ਹੋ ਗਈ ਤੇ ਜੱਫੀ ਵਿੱਚ ਘੁੱਟਦਿਆਂ ਬੋਲੀ, ‘‘ਬਸ ਮੇਰੇ ਬੱਚੇ ਬਸ, ਤੂੰ ਹੁਣ ਇੱਥੇ ਈ ਬਸ ਕਰ, ਇਸ ਤੋਂ ਅਗਾਂਹ ਕੀ ਹੋਇਆ, ਉਸ ਦੁਖਿਆਰੀ ਨਿੱਕੀ ਦਾ ਦੁਖਾਂਤ ਮੈਂ ਦੱਸਦੀ ਆਂ।’’
ਸਾਡੇ ਦੋਹਾਂ ਦੀ ਹੈਰਾਨੀ ਤੇ ਉਤਸੁਕਤਾ ਦਾ ਅਗਲਾ ਵਰਕਾ ਥੱਲਿਆ ਗਿਆ ਕਿ ਚਾਚੀ ਨਿੱਕੀ ਨੂੰ ਕਿਵੇਂ ਜਾਣਦੀ ਐ।
ਚਾਚੀ ਨੇ ਕਿੰਨੀ ਦੇਰ ਅੱਖਾਂ ਮੀਟ ਰੱਖੀਆਂ, ਦੋਹੇਂ ਹੱਥ ਅੱਡੇ ਹੋਏ, ਜਿਵੇਂ ਆਪਣੇ ਰੱਬ ਤੋਂ ਕੋਈ ਆਗਿਆ ਮੰਗ ਰਹੀ ਹੋਵੇ। ਥੋੜ੍ਹੀ ਦੇਰ ਬਾਅਦ ਹੌਸਲਾ ਇਕੱਠਾ ਕਰਦੇ ਹੋਏ ਸੰਵਰ ਕੇ ਬੈਠਦਿਆਂ ਉਸ ਢੋਅ ਲਾਈ ਤੇ ਸਾਡੇ ਚਿਹਰਿਆਂ ’ਤੇ ਨਜ਼ਰ ਗੱਡਦੇ ਹੋਏ ਅੱਗੇ ਦੱਸਣ ਲੱਗੀ।
‘‘ਬੇਟਾ ਤੂੰ ਠੀਕ ਦੱਸਿਆ ਕਿ ਉਸ ਪਿੰਡ ਦੇ ਸਿੱਖਾਂ ਤੇ ਹਿੰਦੂਆਂ ਦੀ ਮੁਸਲਮਾਨਾਂ ਨਾਲ ਬੜੀ ਸਾਂਝ ਸੀ ਤੇ ਉਨ੍ਹਾਂ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਕੋਈ ਉੱਥੋਂ ਉੱਜੜ ਕੇ ਚਲਾ ਜਾਵੇ, ਪਰ ਚਾਰ ਚੁਫੇਰੇ ਫੈਲੀ ਫਿਰਕੂ ਨਫ਼ਰਤ ਦੀ ਅੱਗ ਮੂਹਰੇ ਪਿੰਡ ਵਾਲੇ ਬੇਵੱਸ ਹੋ ਗਏ। ਬਾਹਰਲੀ ਧਾੜ ਦੇ ਪਿੰਡ ’ਤੇ ਹਮਲੇ ਦੀ ਖ਼ਬਰ ਮਿਲੀ ਤਾਂ ਉਹ ਆਪ ਸਿੱਖਾਂ ਨੂੰ ਜਾਨਾਂ ਬਚਾਉਣ ਲਈ ਕਹਿਣ ਲੱਗ ਪਏ। ਖੇਤਾਂ ਵੱਲ ਗਈਆਂ ਔਰਤਾਂ ਦੇ ਕੰਨੀ ਖ਼ਬਰ ਪੈਂਦਿਆਂ ਈ ਉਹ ਵਾਹੋਦਾਹ ਘਰਾਂ ਨੂੰ ਭੱਜ ਤੁਰੀਆਂ। ਮੱਕੀ ਦੇ ਖੇਤ ’ਚੋਂ ਨਿਕਲਦਿਆਂ ਪੱਕੀ ਬੁਰਜੀ ਦਾ ਠੇਡਾ ਲੱਗ ਕੇ ਡਿੱਗੀ ਨਿੱਕੀ ਵੱਲ ਕਿਸੇ ਦਾ ਧਿਆਨ ਨਾ ਪਿਆ। ਗੋਡਾ ਬੁਰਜੀ ’ਤੇ ਵੱਜਣ ਦਾ ਦਰਦ ਨਿੱਕੀ ਲਈ ਅਸਹਿ ਹੋ ਗਿਆ। ਥੋੜ੍ਹੀ ਦੇਰ ਬਾਅਦ ਆਪਣੇ ਆਪ ਵਿੱਚ ਆਈ ਤਾਂ ਆਲੇ ਦੁਆਲੇ ਉਸ ਨੂੰ ਕੋਈ ਨਾ ਦਿੱਸਿਆ। ਉਹ ਫਿਰ ਮੱਕੀ ਦੇ ਖੇਤ ’ਚ ਜਾ ਲੁਕੀ।
ਪਿੰਡ ਦੇ ਸਾਰੇ ਪਰਿਵਾਰਾਂ ਨੇ ਗੱਡੇ ਜੋੜੇ ਤੇ ਜੋ ਕੁਝ ਚੁੱਕ ਸਕਦੇ ਸੀ, ਲੈ ਕੇ ਚੱਲ ਪਏ। ਨਿੱਕੀ ਸਾਰਾ ਦਿਨ ਖੇਤ ’ਚ ਦੜੀ ਰਹੀ। ਚਮਾਸੇ ਭਰਿਆ ਭਾਦੋਂ ਦਾ ਮਹੀਨਾ ਸੀ। ਤੇਹ ਨਾਲ ਉਸ ਦਾ ਬੁਰਾ ਹਾਲ ਹੁੰਦਾ ਤਾਂ ਉਹ ਦੋਦਾ ਛੱਲੀਆਂ ਤੋੜ ਲੈਂਦੀ ਤੇ ਕੱਚੇ ਦਾਣੇ ਚੱਬ ਕੇ ਬੁੱਲ੍ਹਾਂ ਦੀ ਤਰਾਵਟ ਕਰ ਲੈਂਦੀ। ਹੋਰ ਜੀਅ ਭਿਆਣੀ ਕਰ ਵੀ ਕੀ ਸਕਦੀ ਸੀ। ਚਾਰ ਪੰਜ ਸਾਲਾਂ ਦੇ ਨਿਆਣੇ ਨੂੰ ਕਿੰਨੀ ਕੁ ਸੋਝੀ ਹੁੰਦੀ ਆ। ਰਾਤ ਦਾ ਹਨੇਰਾ ਪਸਰਨ ਲੱਗਾ ਤਾਂ ਨਿੱਕੀ ਡਰਨ ਲੱਗੀ। ਉਸ ਨੇ ਖੇਤ ’ਚੋਂ ਬਾਹਰ ਨਿਕਲ ਕੇ ਵੇਖਿਆ, ਪਿੰਡ ਵਾਲੇ ਪਾਸੇ ਕਈ ਥਾਈਂ ਅੱਗ ਲੱਗੀ ਹੋਈ ਸੀ। ਨਿੱਕੀ ਨੂੰ ਮਾਂ ਦੀ ਯਾਦ ਨੇ ਸਤਾਇਆ ਤਾਂ ਉਹ ਡੰਡੀ ਪੈ ਕੇ ਪਿੰਡ ਵੱਲ ਤੁਰ ਪਈ। ਗੋਡੇ ਦੀ ਪੀੜ ਉਸ ਨੂੰ ਚੱਲਣ ਨਹੀਂ ਸੀ ਦੇ ਰਹੀ। ਮੂਹਰੇ ਆਉਂਦੇ ਬਰਛਿਆਂ, ਕਿਰਪਾਨਾਂ ਵਾਲੇ ਚਾਰ ਪੰਜ ਜਣੇ ਵੇਖ ਕੇ ਉਸ ਦੀ ਚੀਕ ਨਿਕਲ ਗਈ। ਮੂਹਰਲਾ ਬੰਦਾ ਕਿਰਪਾਨ ਮਾਰਨ ਈ ਲੱਗਾ ਸੀ ਕਿ ਪਿਛਲੇ ਨੇ ਰਹਿਮ ਕਹਿ ਕੇ ਉਸ ਨੂੰ ਰੋਕ ਲਿਆ। ਉਨ੍ਹਾਂ ਕੁੜੀ ਤੋਂ ਉਸ ਦਾ ਨਾਂ ਪੁੱਛਿਆ, ਸ਼ਾਇਦ ਕੁੜੀ ਦੀ ਉਮਰ ਵਧੀ ਹੋਈ ਸੀ, ਉਸ ਦੇ ਮੂੰਹੋ ਸੁਭਾਵਿਕ ਹੀ ਨਿੱਕੀ ਨਿਕਲ ਗਿਆ। ਜੇ ਰੱਜੋ ਕਹਿ ਦਿੰਦੀ ਤਾਂ ਸ਼ਾਇਦ ਨੰਗੀ ਕਿਰਪਾਨ ਨਾਲ ਸਿਰ ਲਹਿ ਜਾਂਦਾ। ਰਹਿਮ ਕਹਿਣ ਵਾਲੇ ਬੰਦੇ ਦਾ ਮਨ ਦਿਆਵਾਨ ਹੋ ਗਿਆ। ਬਰਛਾ ਨਾਲ ਦੇ ਨੂੰ ਫੜਾ ਕੇ ਉਸ ਨੇ ਨਿੱਕੀ ਨੂੰ ਚੁੱਕਿਆ ਤੇ ਮੋਢਿਆਂ ’ਤੇ ਬਹਾ ਲਿਆ। ਨਿੱਕੀ ਨੂੰ ਲੱਗਿਆ ਉਸ ਨੂੰ ਕਿੱਸੇ ਖੂਹ ਖਾਤੇ ਸੁੱਟਣਗੇ। ਉਹ ਭਾਈ ਦੇ ਮੋਢਿਆਂ ਤੋਂ ਖਿਸਕਦੀ ਤਾਂ ਉਸ ਦੇ ਸਿਰ ਨੂੰ ਬਾਹਾਂ ’ਚ ਲੈ ਕੇ ਥੋੜ੍ਹਾ ਉੱਪਰ ਨੂੰ ਹੋ ਜਾਂਦੀ।
ਦੂਰ ਦੂਰ ਤੱਕ ਬਲਦੀਆਂ ਹੋਈਆਂ ਅੱਗਾਂ ਦਿਸਦੀਆਂ ਸਨ। ਉਹ ਬੰਦੇ ਤਿੰਨ ਕੁ ਪਿੰਡ ਲੰਘੇ ਹੋਣਗੇ। ਨਿੱਕੀ ਨੂੰ ਚੁੱਕਣ ਵਾਲੇ ਭਾਈ ਨੇ ਦੂਜਿਆਂ ਤੋਂ ਛੁੱਟੀ ਲਈ ਤੇ ਪਿੰਡ ਵਾਲੀ ਗਲੀ ਪੈ ਕੇ ਇੱਕ ਹਵੇਲੀ ਅੰਦਰ ਜਾ ਵੜਿਆ। ਘਰ ’ਚ ਵੱਡੀ ਉਮਰ ਦੀ ਔਰਤ ਉਸ ਦਾ ਇੰਤਜ਼ਾਰ ਕਰਦਿਆਂ ਥੱਕੀ ਪਈ ਸੀ। ਸਾਨੂੰ ਵੇਖਦੇ ਈ ਉਹ ਅੱਲ੍ਹਾ ਦੇ ਸ਼ੁਕਰਾਨੇ ਵਿੱਚ ਕਈ ਕੁਝ ਕਹਿ ਗਈ। ਜਿਵੇਂ ਹੀ ਹਾਮਿਦ ਨੇ ਨਿੱਕੀ ਨੂੰ ਮੋਢਿਆਂ ਤੋਂ ਲਾਹਿਆ, ਔਰਤ ਨੂੰ ਫਿਕਰ ਹੋ ਗਿਆ। ਦੀਵੇ ਦੀ ਹਲਕੀ ਰੌਸ਼ਨੀ ’ਚ ਦੋਹਾਂ ਨੇ ਇਸ਼ਾਰਿਆਂ ਵਿੱਚ ਇੱਕ ਦੂਜੇ ਨੂੰ ਕੁਝ ਸਮਝਾਇਆ ਤੇ ਔਰਤ ਨੇ ਨਿੱਕੀ ਨੂੰ ਛਾਤੀ ਨਾਲ ਘੁੱਟ ਲਿਆ। ਪੂਰੇ ਦਿਨ ਦੀ ਭੁੱਖਣਭਾਣੀ ਨਿੱਕੀ ਦੇ ਮੂੰਹੋਂ ਹਲਕੀ ਜਿਹੀ ਆਵਾਜ਼ ’ਚ ਮਾਂ ਨਿਕਲਿਆ, ਜੋ ਅੰਮਾ ਬਣਕੇ ਔਰਤ ਦੇ ਕੰਨਾਂ ਵਿੱਚ ਰਸ ਘੋਲ ਗਿਆ। ਹਾਮਿਦ ਦੇ ਕੁਝ ਦੱਸਣ ਤੋਂ ਪਹਿਲਾਂ ਈ ਫਾਇਜ਼ਾ ਨੂੰ ਲੱਗਿਆ, ਅੱਲ੍ਹਾ ਨੇ ਉਨ੍ਹਾਂ ਦੀ ਝੋਲੀ ਉਸ ਖੈਰਾਤ ਨਾਲ ਭਰ ਦਿੱਤੀ ਹੈ, ਜਿਸ ਦੀ ਅਰਜ਼ੋਈ ਕਰਦਿਆਂ ਉਸ ਦੀ ਉਮਰ ਢਲ ਗਈ ਸੀ। ਬੇਸ਼ੱਕ ਨਿੱਕੀ ਦੀ ਉਮਰ ਢਾਕੇ ਲੱਗਣ ਤੋਂ ਅਗਾਂਹ ਲੰਘ ਗਈ ਸੀ, ਪਰ ਫਾਇਜ਼ਾ ਉਸ ਨੂੰ ਆਪਣੇ ਤੋਂ ਵੱਖ ਨਹੀਂ ਸੀ ਕਰ ਰਹੀ। ਅੱਲ੍ਹਾ ਦਾ ਸ਼ੁਕਰਾਨਾ ਕਰਕੇ ਉਹ ਉੱਠੀ ਤੇ ਸਾਰਾ ਦਿਨ ਕਾੜ੍ਹਨੀ ’ਚ ਕੜ੍ਹਦੇ ਰਹੇ ਦੁੱਧ ਦਾ ਛੰਨਾ ਭਰਕੇ ਕੁੜੀ ਦੇ ਮੂੰਹ ਲਾਇਆ। ਨਿੱਕੀ ਖੁਦ ਫੜਕੇ ਪੀਣਾ ਚਾਹੁੰਦੀ ਸੀ, ਪਰ ਫਾਇਜ਼ਾ ਨੂੰ ਆਪਣੇ ਹੱਥੀਂ ਪਿਆਉਣ ਵਿੱਚ ਮਜ਼ਾ ਆ ਰਿਹਾ ਸੀ। ਦੁੱਧ ਕੁੜੀ ਦੀ ਲੋੜ ਤੋਂ ਵੱਧ ਸੀ, ਪਰ ਫਾਇਜ਼ਾ ਦੀ ਅਪਣੱਤ ਮੂਹਰੇ ਉਹ ਅੜ ਨਾ ਸਕੀ। ਚੁੱਲ੍ਹੇ ਦੇ ਕੰਮ ਤੋਂ ਵਿਹਲੀ ਹੋ ਕੇ ਫਾਇਜ਼ਾ ਨੇ ਵੇਖਿਆ, ਕੁੜੀ ਅਲਾਣੀ ਮੰਜੀ ’ਤੇ ਘੂਕ ਸੁੱਤੀ ਪਈ ਸੀ।
‘‘ਹਾਏ ਮੈਂ ਮਰਜਾਂ, ਇਹ ਬੋਲ ਤਾਂ ਪੈਂਦੀ ਅੰਮਾ ਨੀਂਦ ਆਈ ਆ।’’ ਅੰਮਾ…, ਨਹੀਂ ਸੱਚ ਫਾਇਜ਼ਾ ਨੇ ਆਪਣੀ ਮੰਜੀ ’ਤੇ ਦਰੀ ਚਾਦਰ ਵਿਛਾਈ ਤੇ ਕੁੜੀ ਨੂੰ ਚੁੱਕ ਕੇ ਉਸ ’ਤੇ ਪਾਉਂਦਿਆਂ ਸਿਰਹਾਣੇ ’ਤੇ ਰੱਖੇ ਸਿਰ ਨੂੰ ਕਿੰਨੀ ਵਾਰ ਪਲੋਸਿਆ ਤੇ ਮੱਥਾ ਚੁੰਮਿਆ।
ਅਸੀਂ ਦੇਖਿਆ ਆਪ ਮੁਹਾਰੇ ਕਹਿ ਹੋਏ ‘ਰੱਜੋ’ ਅਤੇ ‘ਅੰਮਾ’ ਤੋਂ ਬਾਅਦ ਚਾਚੀ ਸਾਡੇ ਦੋਹਾਂ ਵੱਲ ਗੌਰ ਨਾਲ ਤੱਕ ਰਹੀ ਸੀ। ਸ਼ਾਇਦ ਉਹ ਤਾੜ ਰਹੀ ਸੀ ਕਿ ਅਸੀਂ ਉਸ ਦੀ ਚੋਰੀ ਫੜ ਤਾਂ ਨਹੀਂ ਲਈ। ਮੇਜ਼ ’ਤੇ ਪਏ ਗਲਾਸ ’ਚੋਂ ਦੋ ਘੁੱਟ ਭਰਕੇ ਉਹ ਅੱਗੇ ਬੋਲਣ ਲੱਗੀ।
“ਨਵੇਂ ਘਰ ਵਿੱਚ ਨਵੇਂ ਮਾਪਿਆਂ ਨੇ ਨਿੱਕੀ ਨੂੰ ਧੀ ਵਾਲੇ ਪਿਆਰ-ਦੁਲਾਰ ਪੱਖੋਂ ਕਸਰ ਨਾ ਛੱਡੀ। ਪਰ ਨਿੱਕੀ ਦੇ ਮਨ ਦੀ ਸਲੇਟ ’ਤੇ ਉੱਕਰੀਆਂ ਭੈਣ-ਭਰਾਵਾਂ ਤੇ ਮਾਪਿਆਂ ਦੀਆਂ ਯਾਦਾਂ ਨੂੰ ਉਹ ਮਿਟਾ ਨਾ ਸਕੀ। ਸੱਤ ਅੱਠ ਸਾਲਾਂ ਦੀ ਹੋਈ ਤਾਂ ਸਕੂਲ ਦਾਖਲ ਕਰਾਇਆ ਗਿਆ। ਰੱਜੋ ਤੋਂ ਆਪੇ ਬਣੀ ਨਿੱਕੀ ਸਕੂਲ ਵਿੱਚ ਸੁਲਤਾਨਾ ਬਣ ਕੇ ਸਰਕਾਰੀ ਰਿਕਾਰਡ ਵਿੱਚ ਹਾਮਿਦ ਦੀ ਬੇਟੀ ਦਰਜ ਹੋ ਗਈ। ਚੋਖੀ ਜ਼ਮੀਨ ਤੇ ਮਿਹਨਤੀ ਹੋਣ ਕਰਕੇ ਹਾਮਿਦ ਦਾ ਪਰਿਵਾਰ ਪਿੰਡ ਦੇ ਖਾਂਦੇ ਪੀਂਦੇ ਲੋਕਾਂ ਵਿੱਚ ਗਿਣਿਆ ਜਾਂਦਾ ਸੀ। ਸ਼ਾਇਦ ਇਸੇ ਕਰਕੇ ਨਿੱਕੀ ਬਾਰੇ ਪਿੰਡ ਵਾਲਿਆਂ ਘੋਖਾਂ ਨਾ ਕੱਢੀਆਂ। ਅੱਲ੍ਹਾ ਵੀ ਘੋਖਾਂ ਵਾਲੀਆਂ ਪੋਟਲੀਆਂ ਹਮਾਤੜਾਂ ਦੇ ਹੱਥ ਫੜਾਕੇ ਦੁਨੀਆ ’ਤੇ ਤੋਰਦਾ। ਖਾਂਦੇ ਪੀਂਦਿਆਂ ਦੇ ਫੋਲਣੇ ਕੋਈ ਨਈਂ ਫਰੋਲਦਾ। ਖੈਰ, ਸੁਲਤਾਨਾ ਵੱਡੀ ਹੁੰਦੀ ਗਈ ਤੇ ਮਾਪਿਆਂ ’ਤੇ ਆਪਣੇ ਹੱਕ ਜਤਾਉਣ ਲੱਗ ਪਈ। ਜਵਾਨੀ ’ਚ ਪੈਰ ਪਾਇਆ ਤਾਂ ਮਾਪਿਆਂ ਨੂੰ ’ਕੱਲੇ ਰਹਿਣ ਦੀ ਚਿੰਤਾ ਖਾਣ ਲੱਗੀ। ਸੁਲਤਾਨਾ ਤੇ ਅੰਮੀ ਵਿੱਚ ਕੋਈ ਪਰਦਾ ਨਹੀਂ ਸੀ ਰਹਿ ਗਿਆ। ਉਹ ਹਰ ਗੱਲ ਖੁੱਲ੍ਹ ਕੇ ਕਰ ਲੈਂਦੀਆਂ। ਇੱਕ ਦਿਨ ਅੰਮੀ ਦੀ ਚਿੰਤਾ ਉਸ ਦੇ ਮੂੰਹੋਂ ਨਿਕਲ ਗਈ। ਸੁਲਤਾਨਾ ਨੇ ਅੰਮੀ-ਅੱਬਾ ਨੂੰ ਘਰ ਜਵਾਈ ਵਾਲੀ ਗੱਲ ਕਹਿ ਕੇ ਉਨ੍ਹਾਂ ਦੀ ਸੋਚ ਬਦਲ ਦਿੱਤੀ। ਥੋੜ੍ਹੇ ਦਿਨਾਂ ਬਾਅਦ ਅੰਮੀ ਆਪਣੀ ਛੋਟੀ ਭੈਣ ਕੋਲ ਗਈ ਤਾਂ ਉਸ ਦੇ ਛੋਟੇ ਮੁੰਡੇ ਇਬਰਾਹਿਮ ਨੂੰ ਜਵਾਈ ਦੇ ਰੂਪ ਵਿੱਚ ਆਪਣਾ ਮੁੰਡਾ ਬਣਾਉਣ ਦੀ ਪੱਕ-ਠੱਕ ਕਰ ਆਈ। ਭੈਣ ਦੀ ਹਾਂ ਤੋਂ ਬਾਅਦ ਅੰਮਾ ਨੇ ਇਬੂ ਦਾ ਮਨ ਵੀ ਟੋਹ ਲਿਆ ਸੀ। ਵਾਪਸ ਘਰ ਆਈ ਤਾਂ ਉਸ ਨੇ ਖੁਸ਼ਖ਼ਬਰੀ ਦੇ ਰੂਪ ਵਿੱਚ ਸਾਨੂੰ ਇਹ ਗੱਲ ਦੱਸੀ। ਅੱਬਾ ਤੇ ਧੀ ਨੂੰ ਕੀ ਇਤਰਾਜ਼ ਹੋਣਾ ਸੀ। ਅੱਬਾ ਤਾਂ ਪਹਿਲਾਂ ਈ ਸੋਚੀਂ ਬੈਠੇ ਸਨ, ਪਰ ਪਹਿਲ ਅੰਮਾ ਨੇ ਕਰ ਲਈ। ਰਿਸ਼ਤਾ ਤੈਅ ਹੋ ਗਿਆ।
ਅਸੀਂ ਵੇਖਿਆ, ਅੰਮੀ-ਅੱਬਾ ਕਹਿਣ ਤੋਂ ਚਾਚੀ ਦੀ ਝਿਜਕ ਲਹਿੰਦੀ ਜਾ ਰਹੀ ਸੀ। ਗੱਲ ਦੀ ਰਵਾਨਗੀ ਦੇ ਨਾਲ ਨਾਲ ਉਸ ਦੇ ਚਿਹਰੇ ਦੀਆਂ ਲਕੀਰਾਂ ਥੋੜ੍ਹਾ ਫਿੱਕੀਆਂ ਹੋ ਰਹੀਆਂ ਸਨ। ਸਰੀਰ ਨੂੰ ਥੋੜ੍ਹਾ ਜਿਹਾ ਸੱਜੇ ਪਾਸੇ ਉਲਾਰ ਕੇ ਉਹ ਅੱਗੇ ਸ਼ੁਰੂ ਹੋਈ।
“ਨਿਕਾਹ ਦੀ ਰਸਮ ਬਹੁਤ ਚੰਗੇ ਢੰਗ ਤੇ ਖੁਸ਼ੀ ਖੁਸ਼ੀ ਪੂਰੀ ਹੋਈ। ਇਬੂ ਨੂੰ ਸਹੁਰੇ ਘਰ ਵਿੱਚ ਸੈਟਲ ਹੋਣਾ ਔਖਾ ਨਾ ਲੱਗਿਆ। ਉਸ ਤੋਂ ਪਹਿਲਾਂ ਵੀ ਉਹ ਮਾਸੀ ਕੋਲ ਕਈ ਕਈ ਦਿਨ ਰਹਿ ਜਾਇਆ ਕਰਦਾ ਸੀ। ਅੱਬਾ-ਅੰਮੀ ਉਸ ਨੂੰ ਆਪਣੇ ਪੁੱਤ ਵਾਂਗ ਸਮਝਦੇ ਤੇ ਉਸ ਨੇ ਵੀ ਕਦੇ ਮਾਪਿਆਂ ਤੋਂ ਵੱਖਰਾ ਫਰਕ ਨਹੀਂ ਸੀ ਰੱਖਿਆ। ਵਿਆਹੁਤਾ ਜੀਵਨ ਬੜਾ ਚੰਗਾ ਤੇ ਖੁਸ਼ੀ ਖੁਸ਼ੀ ਚੱਲਦਾ ਰਿਹਾ। ਪਹਿਲੇ ਬੱਚੇ ਦੇ ਜਨਮ ਮੌਕੇ ਸੁਲਤਾਨਾ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਡਾਕਟਰਾਂ ਵੱਲੋਂ ਚੀਰ-ਫਾੜ ਕਰਦਿਆਂ ਸੁਲਤਾਨਾ ਦੇ ਸਰੀਰ ’ਚ ਐਸਾ ਨੁਕਸ ਪੈ ਗਿਆ ਕਿ ਉਸ ਨੇ ਉਸ ਦੇ ਹੋਰ ਬੱਚੇ ਦੇ ਮੌਕੇ ਖਤਮ ਕਰ ਦਿੱਤੇ। ਇਬੂ ਤੇ ਅੰਮੀ-ਅੱਬਾ ਨੇ ਇਸ ਗੱਲ ਨੂੰ ਹੀ ਅੱਲ੍ਹਾ ਦੀ ਰਹਿਮਤ ਸਮਝਿਆ ਕਿ ਸੁਲਤਾਨਾ ਅਤੇ ਉਸ ਦੇ ਮੁੰਡੇ ਦੀ ਜਾਨ ਬਚ ਗਈ। ਜਿਵੇਂ ਜਿਵੇਂ ਇਫ਼ਤਾਰ ਵੱਡਾ ਹੁੰਦਾ ਗਿਆ, ਸਾਡੇ ਚਾਅ ਤੇ ਉਮੀਦਾਂ ਉੱਚੀਂਆਂ ਹੁੰਦੀਆਂ ਗਈਆਂ। ਦਸਵੀਂ ਤੋਂ ਪਹਿਲਾਂ ਹੀ ਉਹ ਡਾਕਟਰੀ ਦੇ ਸੁਪਨੇ ਲੈਣ ਲੱਗ ਪਿਆ ਸੀ। ਪਰਿਵਾਰ ਨੇ ਉਸ ਦੀ ਹਰ ਲੋੜ ਪੂਰੀ ਕੀਤੀ ਤੇ ਉਸ ਨੂੰ ਮੈਡੀਕਲ ਕਾਲਜ ’ਚ ਦਾਖਲਾ ਮਿਲ ਗਿਆ। ਚਾਰ ਸਾਲ ਬਾਅਦ ਉਸ ਦਾ ਨਤੀਜਾ ਆਇਆ ਤਾਂ ਸਾਰੇ ਜਮਾਤੀਆਂ ਵਿੱਚ ਪਹਿਲੇ ਨੰਬਰ ’ਤੇ ਸੀ। ਮਾਪਿਆਂ ਲਈ ਇਸ ਤੋਂ ਵੱਡੀ ਖੁਸ਼ੀ ਭਲਾ ਕੀ ਹੋ ਸਕਦੀ ਆ।
ਅੰਮੀ ਤੇ ਅੱਬਾ ਉਮਰ ਦੇ ਚੌਥੇ ਪੜਾਅ ਤੱਕ ਪਹੁੰਚ ਕੇ ਢਿੱਲੇ ਰਹਿਣ ਲੱਗ ਪਏ ਸਨ। ਇਫ਼ਤਾਰ ਉਨ੍ਹਾਂ ਦਾ ਖਿਆਲ ਸਾਡੇ ਤੋਂ ਵੀ ਵੱਧ ਕਰਦਾ। ਪਰ ਉਨ੍ਹਾਂ ਦੀ ਸਿਹਤ ਦਿਨ-ਬਦਿਨ ਢਿੱਲੀ ਹੁੰਦੀ ਗਈ ਤੇ ਡਾਕਟਰ ਪੋਤੇ ਨੂੰ ਡਾਕਟਰ ਕੁੜੀ ਨਾਲ ਵਿਆਹੁਣ ਦੇ ਸੁਪਨੇ ਮਨ ਵਿੱਚ ਈ ਲੈ ਕੇ ਥੋੜ੍ਹੇ ਵਕਫ਼ੇ ਨਾਲ ਦੁਨੀਆ ਛੱਡ ਗਏ। ਦੋਹਾਂ ਦੀ ਘਾਟ ਨੂੰ ਬਰਦਾਸ਼ਤ ਕਰਨਾ ਸਾਡੇ ਲਈ ਕਾਫ਼ੀ ਔਖਾ ਹੋ ਰਿਹਾ ਸੀ, ਪਰ ਸਮਾਂ ਜ਼ਖ਼ਮ ਭਰਦਾ ਗਿਆ। ਇਫ਼ਤਾਰ ਸਰਕਾਰੀ ਹਸਪਤਾਲ ’ਚ ਡਾਕਟਰ ਲੱਗ ਗਿਆ ਅਤੇ ਸਾਡੇ ਉੱਤੇ ਸ਼ਹਿਰ ਰਹਿਣ ਲਈ ਜ਼ੋਰ ਪਾਉਣ ਲੱਗਾ। ਇੱਬੂ ਨੂੰ ਸ਼ਹਿਰ ਰਹਿਣਾ ਪਸੰਦ ਨਹੀਂ ਸੀ। ਅਸੀਂ ਉਸ ਦਾ ਵੀ ਹੱਲ ਕੱਢ ਲਿਆ। ਹਰ ਹਫ਼ਤੇ ਅਸੀਂ ਦੋਵੇਂ ਤਿੰਨ-ਚਾਰ ਦਿਨ ਸ਼ਹਿਰ ਰਹਿ ਆਉਂਦੇ ਤੇ ਬਾਕੀ ਦਿਨ ਪਿੰਡ ਰਹਿ ਲੈਂਦੇ। ਅੰਮੀ-ਅੱਬਾ ਤੋਂ ਬਾਅਦ ਇੱਬੂ ਦੇ ਵੱਡੇ ਭਰਾ ਨਾਲ ਸਾਡੀ ਨੇੜਤਾ ਵਧ ਗਈ ਤੇ ਸਾਡੀ ਖੇਤੀ ਦਾ ਕੰਮ ਉਹੀ ਵੇਖਣ ਲੱਗ ਪਿਆ। ਉਸ ਦੇ ਤਿੰਨ ਬੇਟਿਆਂ ’ਚੋਂ ਛੋਟੇ ਇਸ ਯਾਸਿਰ ਨੇ ਡਿਗਰੀ ਕਰਕੇ ਕੁਝ ਸਾਲ ਪ੍ਰਾਈਵੇਟ ਨੌਕਰੀਆਂ ਕੀਤੀਆਂ ਤੇ ਫਿਰ ਕੈਨੇਡਾ ਦੀ ਫਾਈਲ ਲਾ ਲਈ। ਸਾਲ ਕੁ ਬਾਅਦ ਇਸ ਦਾ ਨੰਬਰ ਆ ਗਿਆ ਤੇ ਏਧਰ ਮੂਵ ਹੋ ਗਿਆ। ਮੇਰੇ ਨਾਲ ਯਾਸਿਰ ਦਾ ਨਿੱਕੇ ਹੁੰਦੇ ਤੋਂ ਈ ਬੜਾ ਮੋਹ ਸੀ। ਚਾਚੀ-ਚਾਚੀ ਕਹਿੰਦਿਆਂ ਇਸ ਦਾ ਮੂੰਹ ਨਹੀਂ ਸੀ ਥੱਕਦਾ।’’
ਇੱਥੇ ਆ ਕੇ ਉਹ ਥੋੜ੍ਹਾ ਰੁਕੀ, ਆਲਾ ਦੁਆਲਾ ਵੇਖਿਆ। ਪਾਣੀ ਵਾਲਾ ਗਲਾਸ ਚੁੱਕਿਆ ਤੇ ਸਾਰਾ ਹੀ ਖਾਲੀ ਕਰ ਦਿੱਤਾ। ਤਹਿ ਲੱਗੇ ਰੁਮਾਲ ਨਾਲ ਚਿਹਰੇ ਨੂੰ ਹਵਾ ਦਿੰਦਿਆਂ ਵੇਖ ਜੋਤੀ ਨੇ ਪੁੱਛ ਲਿਆ।
“ਚਾਚੀ ਗਰਮੀ ਲੱਗਦੀ ਐ ਤਾਂ ਹੀਟ ਕੁਝ ਘੱਟ ਕਰ ਦਿਆਂ ?” ਪਰ ਉਸ ਨੇ ਬੋਲਣ ਦੀ ਥਾਂ ਹੱਥ ਦੇ ਇਸ਼ਾਰੇ ਨਾਲ ਨਾਂਹ ਕੀਤੀ। ਮਿੰਟ ਕੁ ਚੁੱਪ ਰਹਿਣ ਤੋਂ ਅਸੀਂ ਸਮਝਿਆ ਕੁਝ ਸੋਚ ਰਹੀ ਹੈ, ਪਰ ਉਸ ਦੇ ਚਿਹਰੇ ਦੀ ਗੰਭੀਰਤਾ ਇਸ਼ਾਰੇ ਕਰ ਰਹੀ ਸੀ ਕਿ ਉਹ ਜ਼ਿੰਦਗੀ ਦੇ ਕਾਲੇ ਵਰਕੇ ਫਰੋਲਣ ਲਈ ਆਪਣੇ-ਆਪ ਨੂੰ ਤਿਆਰ ਕਰ ਰਹੀ ਹੈ। ਥੋੜ੍ਹੇ ਹੌਸਲੇ ਵਿੱਚ ਆ ਕੇ ਉਹ ਆਪੇ ਹੀ ਸ਼ੁਰੂ ਹੋ ਗਈ।
“ਇੱਕ ਦਿਨ ਇੱਬੂ ਤੇ ਇਫ਼ਤਾਰ, ਬਾਪ-ਬੇਟਾ ਮੋਟਰ ਸਾਈਕਲ ’ਤੇ ਸ਼ਹਿਰੋਂ ਪਿੰਡ ਆ ਰਹੇ ਸੀ। ਰਾਹ ’ਚ ਕੋਈ ਮੰਗਤਾ ਜਿਹਾ ਬਣ ਕੇ ਮੋਟਰ ਸਾਈਕਲ ਖੋਹਣ ਲਈ ਘਾਤ ਲਾਈ ਬੈਠਾ ਸੀ। ਉਸ ਦੇ ਜੁੜੇ ਹੱਥ ਵੇਖ ਕੇ ਜਿਵੇਂ ਈ ਇਹ ਰੁਕੇ ਤਾਂ ਉਸ ਦੇ ਨਾਲ ਵਾਲਾ ਬੰਦੂਕਧਾਰੀ ਝਾੜੀਆਂ ’ਚੋਂ ਨਿਕਲ ਆਇਆ ਤੇ ਉਹ ਮੋਟਰ ਸਾਈਕਲ ਖੋਹਣ ਲੱਗੇ। ਇਫ਼ਤਾਰ ਉਨ੍ਹਾਂ ਨਾਲ ਹੱਥੋਪਾਈ ਹੋ ਗਿਆ ਤੇ ਉਹ ਦੋਹਾਂ ਨੂੰ ਗੋਲੀਆਂ ਮਾਰ ਕੇ ਮੋਟਰ ਸਾਈਕਲ ਲੈ ਗਏ। ਕਿਸੇ ਕਾਰ ਵਾਲੇ ਨੇ ਹਸਪਤਾਲ ਤਾਂ ਪਹੁੰਚਾ ਦਿੱਤਾ, ਪਰ ਮੇਰੀ ਦੁਨੀਆ ਉੱਜੜਨੋਂ ਨਾ ਬਚ ਸਕੀ। ਮੈਂ ਫਿਰ ਆਪਣੇ ਆਪ ਨੂੰ ਉਂਜ ਦੀ ਨਿਆਸਰੀ ਮਹਿਸੂਸ ਕਰਨ ਲੱਗ ਪਈ, ਜਿਹੋ ਜਿਹਾ 65 ਸਾਲ ਪਹਿਲਾਂ ਮੱਕੀ ਦੇ ਖੇਤ ਵਿੱਚ ਲੁਕੀ ਹੋਈ ਨੂੰ ਲੱਗ ਰਿਹਾ ਸੀ। ਭਲਾ ਹੋਵੇ ਯਾਸਿਰ ਪੁੱਤ ਦਾ। ਖ਼ਬਰ ਮਿਲਣ ਤੋਂ ਚੌਥੇ ਕੁ ਦਿਨ ਤਿੰਨੇ ਈ ਦੇਸ਼ ਪਹੁੰਚ ਗਏ ਸੀ। ਮੁਬੱਸ਼ਰ ਉਦੋਂ 14-15 ਸਾਲ ਦਾ ਹੋਊ। ਇਨ੍ਹਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਤੇ ਮੈਂ ਆਪਣੇ ਆਪ ਨੂੰ ਸੰਭਾਲਣ ਲੱਗ ਪਈ।
ਥੋੜ੍ਹੇ ਦਿਨਾਂ ਬਾਅਦ ਦੋਵੇਂ ਕਾਤਲ ਫੜੇ ਗਏ। ਜ਼ਿਲ੍ਹੇ ਦਾ ਵੱਡਾ ਪੁਲੀਸ ਅਫ਼ਸਰ ਯਾਸਿਰ ਦਾ ਬੇਲੀ ਸੀ। ਉਹ ਦੋਹਾਂ ਲੁਟੇਰਿਆਂ ਦਾ ਮੁਕਾਬਲਾ ਬਣਾਉਣ ਲੱਗਾ ਸੀ। ਇਹ ਤਾਂ ਮੈਨੂੰ ਧਰਵਾਸ ਦੇਣ ਲਈ ਉੱਥੇ ਲੈ ਕੇ ਗਏ ਤਾਂ ਕਿ ਮਰਦਿਆਂ ਨੂੰ ਵੇਖ ਕੇ ਮੇਰੀ ਤਸੱਲੀ ਹੋਜੂ, ਪਰ ਮੇਰੀਆਂ ਅੱਖਾਂ ਮੂਹਰੇ ਉਨ੍ਹਾਂ ਦੀਆਂ ਬੀਵੀਆਂ ਤੇ ਬਾਲ ਬੱਚੇ ਆਣ ਖਲੋਏ। ਮੈਂ ਪੁਲੀਸ ਵਾਲੇ ਅੱਗੇ ਉਨ੍ਹਾਂ ’ਤੇ ਰਹਿਮ ਦਾ ਤਰਲਾ ਮਾਰਿਆ। ਬਿਲਕੁਲ ਉਵੇਂ ਜਿਵੇਂ ਅੱਬੂ ਨੇ ਮੈਨੂੰ ਮੋਢੇ ਲਾਉਣ ਤੋਂ ਪਹਿਲਾਂ ਰਹਿਮ ਕਿਹਾ ਸੀ। ਮੈਂ ਸੋਚਿਆ ਡਾਕੂਆਂ ਦੇ ਪਾਪ ਦਾ ਬਦਲਾ ਉਨ੍ਹਾਂ ਦੇ ਪਰਿਵਾਰਾਂ ਤੋਂ ਕਿਉਂ। ਅਫ਼ਸਰ ਭਲਾ ਲੋਕ ਸੀ, ਮੰਨ ਗਿਆ। ਦੋ ਜਾਨਾਂ ਬਚਾ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ।
ਥੋੜ੍ਹੇ ਦਿਨਾਂ ਬਾਅਦ ਯਾਸਿਰ ਇੱਧਰ ਵਾਪਸ ਆ ਗਿਆ। ਇਹ ਹਰ ਦੂਜੇ ਚੌਥੇ ਦਿਨ ਫੋਨ ਕਰਕੇ ਮੈਨੂੰ ਹੌਸਲਾ ਦੇਣਾ ਨਾ ਭੁੱਲਦਾ। ਦੂਜੀ ਵਾਰ ਗਿਆ ਤਾਂ ਇਸ ਨੇ ਮੇਰਾ ਪਾਸਪੋਰਟ ਬਣਵਾ ਕੇ ਵੀਜ਼ਾ ਲਗਵਾ ਲਿਆ ਤੇ ਮੈਨੂੰ ਆਪਣੇ ਨਾਲ ਲੈ ਆਇਆ। ਮੈਨੂੰ ਇਹ ਦੇਸ਼ ਚੰਗਾ ਲੱਗਦਾ। ਇੱਥੇ ਵੱਸਦੇ, ਚੜ੍ਹਦੇ ਪੰਜਾਬੀਆਂ ਵਿੱਚੋਂ ਮੈਂ ਆਪਣੇ ਖੂਨ ਵਾਲਿਆਂ ਨੂੰ ਲੱਭਦੀ ਰਹਿੰਦੀ। ਉਹ ਆਪਣੇ ਤਾਂ ਲੱਗਦੇ, ਪਰ ਤਾਰਾਂ ਜੋੜਦਿਆਂ ਉਨ੍ਹਾਂ ਵਿੱਚ ਕਰੰਟ ਦੇ ਪਰਵਾਹ ਵਾਲੀ ਚੁੰਬਕੀ ਖਿੱਚ ਨਾ ਬਣਦੀ। ਛੇ ਮਹੀਨੇ ਵੀਜ਼ਾ ਸ਼ਰਤ ਖਤਮ ਹੋਣ ਤੋਂ ਪਹਿਲਾਂ ਮੈਂ ਦੇਸ਼ ਮੁੜ ਗਈ। ਇਸ ਵਾਰ ਇਹ ਗਏ ਤਾਂ ਪਤਾ ਨਹੀਂ ਕਿਉਂ, ਮੁਬੱਸ਼ਰ ਦੀਆਂ ਗੱਲਾਂ ’ਚੋਂ ਮੈਨੂੰ ਉਸ ਚੁੰਬਕੀ ਖਿੱਚ ਦੀ ਝਲਕ ਪੈਣ ਲੱਗ ਪਈ, ਜਿਸ ਦੀ ਤਾਂਘ ਮੈਂ ਦੇਸ਼ ਵਾਪਸ ਜਾ ਕੇ ਵੀ ਨਹੀਂ ਸੀ ਛੱਡੀ। ਮੈਂ ਯਾਸਿਰ ਹੋਰਾਂ ਨੂੰ ਪੁੱਛਣ ਤੋਂ ਪਹਿਲਾਂ ਤਿਆਰੀਆਂ ਖਿੱਚਣ ਲੱਗ ਪਈ। ਇੱਕ ਦਿਨ ਬਾਜ਼ਾਰ ਗਈ ਤਾਂ ਇਸ ਬੇਟੀ ਲਈ ਕੋਈ ਸੂਟ ਪਸੰਦ ਨਾ ਆਵੇ। ਕੱਪੜਿਆਂ ਦੀਆਂ ਕਿੰਨੀਆਂ ਸਾਰੀਆਂ ਦੁਕਾਨਾਂ ਫਿਰੀਆਂ। ਇੱਕ ਦੁਕਾਨ ਮੂਹਰਿਓਂ ਲੰਘ ਰਹੀ ਸੀ ਤਾਂ ਲੱਗਿਆ ਜਿਵੇਂ ਬਾਹਰ ਟੰਗੇ ਹੋਏ ਐਸ ਸੂਟ ਨੇ ਆਵਾਜ਼ ਮਾਰੀ ਹੋਵੇ। ਉਸ ਦਿਨ ਤੁਹਾਨੂੰ ਮਿਲ ਕੇ ਮਨ ਨੇ ਗਵਾਹੀ ਭਰੀ ਸੀ ਕਿ ਉਹ ਸੂਟ ਵਾਲੀ ਆਵਾਜ਼ ਆਪਣੇ ਦੀ ਹੀ ਸੀ। ਆਹ ਪੰਜ ਛੇ ਦਿਨ ਕੱਢਣੇ ਮੇਰੇ ਲਈ ਸਾਲਾਂ ਵਰਗੇ ਹੋਗੇ ਸੀ। ਮੈਂ…।
ਅਸੀਂ ਵੇਖਿਆ ਚਾਚੀ ਦਾ ਗਲਾ ਆਵਾਜ਼ ਤੋਂ ਜਵਾਬ ਦੇ ਗਿਆ ਸੀ ਤੇ ਜੋਤੀ ਦੀਆਂ ਬਾਹਾਂ ਉਸ ਦੇ ਦੁਆਲੇ ਕਸੀਆਂ ਗਈਆਂ ਸਨ। ਮੇਰੇ ਕੰਨਾਂ ਨੂੰ ਸੁਣਦੇ ਲੰਮੇ ਲੰਮੇ ਸਾਹ ਉਸ ਅਪਣੱਤ ਦਾ ਸਬੂਤ ਬਣ ਰਹੇ ਸਨ, ਜਿਸ ਦੀ ਇੱਕ ਝਲਕ ਲਈ ਰੱਜੋ ਨੂੰ ਪੌਣੀ ਸਦੀ ਉਡੀਕ ਕਰਨੀ ਪਈ। ਪਰ ਹਾਕਮਾਂ ਵੱਲੋਂ ਭਰਾਵਾਂ ਵਿੱਚ ਉਸਾਰੀ ਗਈ ਵਾਹਗੇ ਵਾਲੀ ਕੰਧ ਤੋਂ ਬਾਹਰੇ ਹੋ ਕੇ ਉਸੇ ਅਪਣੱਤ ਨੇ ਸੱਤ ਸਮੁੰਦਰ ਪਾਰ ਆ ਕੇ ਆਪਣੀਆਂ ਤਾਰਾਂ ਵਿੱਚ ਕਰੰਟ ਦੇ ਪਰਵਾਹ ਨਾਲ ਚੁੰਬਕੀ ਖਿੱਚ ਬਣਾ ਲਈ ਸੀ।
ਆਖਰ ਜੋਤੀ ਨੇ ਚੁੱਪ ਤੋੜੀ। ਚਾਚੀ, ਨਹੀਂ ਸੱਚ ਮੇਰੀ ਪਿਆਰੀ ਮਾਸੀ-ਦਾਦੀ ਜੀ, ਬੇਸ਼ੱਕ ਤੁਸੀਂ ਗੱਲ ਦੱਸਦਿਆਂ ਆਪਣੀ ਪਹਿਚਾਣ ਲੁਕੋਣ ਦੇ ਯਤਨ ਕੀਤੇ, ਪਰ ਮੈਂ ਤਾਂ ਉਦੋਂ ਈ ਸਮਝ ਗਈ ਸੀ ਜਦੋਂ ਤੁਹਾਡੇ ਮੂੰਹੋਂ ਰੱਜੋ ਨਿਕਲ ਗਿਆ ਸੀ। ਦਾਦੀ ਜੀ ਯਾਨੀ ਤੁਹਾਡੇ ਵੱਡੇ ਭੈਣ ਜੀ ਨੂੰ ਇਹੀ ਨਾਂ ਲੈ ਕੇ ਹਉਕੇ ਭਰਦਿਆਂ ਮੈਂ ਆਪਣੇਂ ਅੱਖੀਂ ਵੇਖਦੀ ਰਹੀ ਆਂ।
ਸੰਪਰਕ: +16044427676
News Source link
#ਚਬਕ #ਅਪਣਤ