35.6 C
Patiāla
Tuesday, October 15, 2024

ਏਸ਼ੀਅਨ ਬੱਚਿਆਂ ਦੀ ਦੁਰਗਤ

Must read


ਹਰਜੀਤ ਅਟਵਾਲ

ਜਦੋਂ ਕੁ ਪਰਵਾਸੀਆਂ ਦੇ ਪਰਿਵਾਰ ਆਉਣ ਲੱਗੇ ਤਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਣ ਲੱਗੀ। ਹਰ ਸਕੂਲ ਦੀ ਬੱਚਿਆਂ ਦੇ ਦਾਖਲੇ ਦੀ ਇੱਕ ਸੀਮਾ ਹੁੰਦੀ ਹੈ, ਪਰ ਇਹ ਸੀਮਾ ਹੁਣ ਛੋਟੀ ਪੈਣ ਲੱਗੀ। ਜਿਸ ਜਿਸ ਇਲਾਕੇ ਵਿੱਚ ਜ਼ਿਆਦਾ ਪਰਵਾਸੀ ਇਕੱਠੇ ਹੋ ਰਹੇ ਸਨ, ਉੱਥੇ ਦੇ ਸਕੂਲ ਪ੍ਰਭਾਵਿਤ ਹੋ ਰਹੇ ਸਨ। ਸਾਊਥਾਲ ਵਿੱਚ ਬਾਕੀ ਇਲਾਕਿਆਂ ਨਾਲੋਂ ਜ਼ਿਆਦਾ ਏਸ਼ੀਅਨ ਇਕੱਠੇ ਹੋ ਰਹੇ ਸਨ ਸੋ ਇੱਥੋਂ ਦੇ ਮਸਲੇ ਵੀ ਜ਼ਿਆਦਾ ਉਲਝ ਰਹੇ ਸਨ। ਗੋਰਿਆਂ ਨੂੰ ਏਨੇ ਏਸ਼ੀਅਨ ਬੱਚੇ ਮਨਜ਼ੂਰ ਨਹੀਂ ਸਨ। ਉਨ੍ਹਾਂ ਦਾ ਸਕੂਲ ਦੀ ਮੈਨੇਜਮੈਂਟ ਨਾਲ ਕਲੇਸ਼ ਵਧਦਾ ਜਾ ਰਿਹਾ ਸੀ। ਇੱਕ ਜਮਾਤ ਵਿੱਚੇ ਏਨੇ ਏਸ਼ੀਅਨ ਬੱਚਿਆਂ ਦੇ ਆ ਜਾਣ ਨਾਲ ਉਨ੍ਹਾਂ ਨੂੰ ਆਪਣੇ ਕਲਚਰ ਨੂੰ ਢਾਅ ਲੱਗਦੀ ਜਾਪਦੀ। ਆਏ ਦਿਨ ਮੀਟਿੰਗਾਂ ਹੁੰਦੀਆਂ। ਇਸ ਬਾਰੇ ਅਖ਼ਬਾਰਾਂ ਵਿੱਚ ਵੀ ਬਹਿਸਾਂ ਹੋਣ ਲੱਗੀਆਂ। ਲੋਕਾਂ ਵਿੱਚ ਵੀ ਇਸ ਨੂੰ ਲੈ ਕੇ ਸੋਚ-ਵਿਚਾਰਾਂ ਹੁੰਦੀਆਂ। ਇਸ ਦਾ ਇੱਕੋ ਹੱਲ ਸੀ ਕਿ ਹੋਰ ਸਕੂਲ ਖੋਲ੍ਹੇ ਜਾਣ। ਪਰ ਹੋਰ ਸਕੂਲ ਖੋਲ੍ਹਣੇ ਏਨਾ ਸੌਖਾ ਨਹੀਂ ਸੀ। ਕਾਫ਼ੀ ਸਾਰੀਆਂ ਬਹਿਸਾਂ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਇੱਕ ਜਮਾਤ ਵਿੱਚ ਤੇਤੀ ਫੀਸਦੀ ਏਸ਼ੀਅਨ ਬੱਚੇ ਹੋਣਗੇ ਤੇ ਬਾਕੀ ਦੇ ਏਸ਼ੀਅਨ ਬੱਚਿਆਂ ਨੂੰ ਆਲੇ ਦੁਆਲੇ ਦੇ ਇਲਾਕਿਆਂ ਦੇ ਸਕੂਲਾਂ ਵਿੱਚ ਬੱਸਾਂ ਰਾਹੀਂ ਭੇਜਿਆ ਜਾਇਆ ਕਰੇਗਾ, ਇਸ ਪ੍ਰਕਿਰਿਆ ਨੂੰ ਬਸਿੰਗ ਦਾ ਨਾਂ ਦਿੱਤਾ ਜਾ ਰਿਹਾ ਸੀ। ਬਹੁਤ ਸਾਰੀਆਂ ਮੀਟਿੰਗਾਂ ਤੋਂ ਬਾਅਦ ਗੋਰੇ ਮਾਪਿਆਂ ਤੇ ਮੈਨੇਜਮੈਂਟ ਦੀ ਬੱਸਿੰਗ ਬਾਰੇ ਸਹਿਮਤੀ ਹੋ ਗਈ। ਈਲਿੰਗ ਕੌਂਸਲ ਵੀ ਬਸਿੰਗ ਲਈ ਤਿਆਰ ਹੋ ਗਈ। ਜਿਨ੍ਹਾਂ ਦੇ ਬੱਚੇ ਸਨ ਉਹ ਕੀ ਸੋਚਦੇ ਹਨ ਇਸ ਬਾਰੇ ਕਿਸੇ ਨੂੰ ਫਿਕਰ ਨਹੀਂ ਸੀ।

ਇੱਕ ਦਿਨ ਵਤਨ ਸ਼ੇਰਗਿੱਲ ਦਾ ਸਤਿਕਾਰ ਨੂੰ ਫੋਨ ਆਇਆ, ਬੋਲਿਆ, ‘‘ਕਾਮਰੇਡ, ਪਤਾ ਲੱਗਾ ਕੁਝ?’’

‘‘ਕੀ ਹੋਇਆ?’’

‘‘ਹਰਬੰਸ ਭੁੱਲਰ ਤੇ ਤੇਰੇ ਰਿਸ਼ਤੇਦਾਰ ਕੇਵਲ ਚੌਹਾਨ ਨੇ ਈਲਿੰਗ ਕੌਂਸਲ ਦੀ ਬਸਿੰਗ ਬਾਰੇ ਨੀਤੀ ਦੇ ਹੱਕ ਵਿੱਚ ਬਿਆਨ ਦਿੱਤਾ ਕਿ ਬੱਚਿਆਂ ਦੀ ਬਸਿੰਗ ਜ਼ਰੂਰੀ ਐ।’’

‘‘ਇਹ ਤਾਂ ਬਹੁਤ ਬੁਰੀ ਗੱਲ ਐ।’’

‘‘ਤੂੰ ਇਹਨੂੰ ਸਿਰਫ਼ ਬੁਰੀ ਗੱਲ ਕਹਿਨਾ? ਇਹ ਤਾਂ ਗੁਨਾਹ ਐ, ਤੇ ਅਗਲੀ ਗੱਲ ਸੁਣ, ਕਹਿੰਦੇ ਆ ਕਿ ਅਮਰੀਕਾ ਵਿੱਚ ਵੀ ਤਾਂ ਕਾਲਿਆਂ ਦੇ ਬੱਚਿਆਂ ਨੂੰ ਦੂਰ ਦੇ ਸਕੂਲਾਂ ਵਿੱਚ ਭੇਜਿਆ ਹੀ ਜਾਂਦਾ, ਇਹ ਤਾਂ ਖੁਦ ਨਸਲਵਾਦੀ ਬਣੇ ਫਿਰਦੇ ਆ, ਇਨ੍ਹਾਂ ਨੂੰ ਨੰਗੇ ਕਰਨ ਦੀ ਲੋੜ ਐ।’’

‘‘ਮੈਂ ਅਗਲੀ ਮੀਟਿੰਗ ਵਿੱਚ ਇਨ੍ਹਾਂ ਦਾ ਵਿਰੋਧ ਕਰਾਂਗਾ।’’ ਸਤਿਕਾਰ ਨੇ ਕਿਹਾ।

‘‘ਅਗਲੀ ਮੀਟਿੰਗ ਪਤਾ ਨਹੀਂ ਕਦੋਂ ਹੋਣੀ ਐਂ, ਮੈਂ ਅੱਜ ਹੀ ਦਫ਼ਤਰ ਵਿੱਚ ਜਾ ਕੇ ਲੂਣ ਦੇ ਆਇਆਂ, ਹੋਰ ਲੋਕ ਵੀ ਉਨ੍ਹਾਂ ਨੂੰ ਲਾਹਣਤਾਂ ਪਾ ਰਹੇ ਸੀ। ਇਨ੍ਹਾਂ ਨੂੰ ਪ੍ਰਧਾਨਗੀ ਤੇ ਜਨਰਲ ਸਕੱਤਰੀ ਤੋਂ ਲਾਹ ਦੇਣਾ ਚਾਹੀਦਾ।’’ ਵਤਨ ਸ਼ੇਰਗਿੱਲ ਬਹੁਤ ਗੁੱਸੇ ਵਿੱਚ ਸੀ।

ਸਤਿਕਾਰ ਨੇ ਉਸੇ ਵੇਲੇ ਕੇਵਲ ਚੌਹਾਨ ਨੂੰ ਫੋਨ ਕਰ ਲਿਆ ਤੇ ਕਿਹਾ, ‘‘ਚਾਚਾ, ਇਹ ਕੀ ਕੀਤਾ ਤੁਸੀਂ, ਬਸਿੰਗ ਦੇ ਹੱਕ ਵਿੱਚ ਹੀ ਬਿਆਨ ਦੇ ਦਿੱਤਾ?’’

‘‘ਸਤਿਕਾਰ, ਹੋਰ ਇਹਦਾ ਹੱਲ ਵੀ ਕੀ ਐ?’’

‘‘ਨਵੇਂ ਸਕੂਲ ਖੋਲ੍ਹੇ ਜਾਣ, ਇਸ ਗੱਲ ਉਪਰ ਜ਼ੋਰ ਪਾਓ।’’

‘ਸਕੂਲ ਖੋਲ੍ਹਣੇ ਵੀ ਇੱਕ ਲੰਮੀ ਪ੍ਰਕਿਰਿਆ ਹੁੰਦੀ ਐ।’’

‘‘ਪਰ ਤੁਸੀਂ ਸਕੂਲ ਖੋਲ੍ਹਣ ਦੀ ਗੱਲ ਹੀ ਨਹੀਂ ਕਰ ਰਹੇ।’’

‘‘ਕਰ ਰਹੇ ਆਂ, ਪਰ ਏਨੀ ਸੌਖੀ ਗੱਲ ਨਹੀਂ, ਅਸੀਂ ਸਾਰੇ ਵਿਕਲਪ ਦੇਖ ਕੇ ਹੀ ਇਸ ਦੇ ਹੱਕ ਵਿੱਚ ਗੱਲ ਕੀਤੀ ਐ ਕਿ ਬਸਿੰਗ ਦੇ ਇੰਤਜ਼ਾਮ ਵਧੀਆ ਹੋਣੇ ਚਾਹੀਦੇ ਆ।’’ ਕੇਵਲ ਚੌਹਾਨ ਆਖ ਰਿਹਾ ਸੀ।

‘‘ਏਹਦੇ ਨਾਲ ਭਾਰਤੀ ਮਜ਼ਦੂਰ ਸਭਾ ਦਾ ਨਾਂ ਬਦਨਾਮ ਹੋ ਰਿਹੈ।’’

‘‘ਸਤਿਕਾਰ, ਤੂੰ ਸਭਾ ਨੂੰ ਲੈ ਕੇ ਬਹੁਤਾ ਹੀ ਜਜ਼ਬਾਤੀ ਹੋ ਜਾਂਦਾ।’’

‘‘ਕਿਉਂ ਨਾ ਹੋਵਾਂ, ਇਸ ਦੇ ਇਤਿਹਾਸ ਦਾ ਹਿੱਸਾ ਆਂ।’’ ਸਤਿਕਾਰ ਨੇ ਜ਼ਰਾ ਕੁ ਖਿਝਦਿਆਂ ਆਖਿਆ। ਉਸ ਨੂੰ ਲੱਗਿਆ ਕਿ ਕੇਵਲ ਚੌਹਾਨ ਸਭਾ ਨੂੰ ਘਟਾ ਕੇ ਦੇਖ ਰਿਹਾ ਹੈ।

ਇਨ੍ਹਾਂ ਦੋਵਾਂ ਲੀਡਰਾਂ ਨੂੰ ਛੱਡ ਕੇ ਆਈ.ਡਬਲਯੂ.ਏ. ਦੀ ਸਾਰੀ ਲੀਡਰਸ਼ਿਪ ਇਸ ਦੇ ਖਿਲਾਫ਼ ਸੀ। ਛੇਤੀ ਹੀ ਸਾਰੇ ਏਸ਼ੀਅਨਾਂ ਵਿੱਚ ਕੌਂਸਲ ਦੇ ਇਸ ਫੈਸਲੇ ਖਿਲਾਫ਼ ਰੋਸ ਦੀ ਲਹਿਰ ਫੈਲ ਗਈ। ਰੋਸ ਪ੍ਰਦਰਸ਼ਨ ਹੋਣ ਲੱਗੇ, ਪਰ ਕੌਂਸਲ ਜਾਂ ਸਰਕਾਰ ਉੱਪਰ ਕੋਈ ਅਸਰ ਨਾ ਪਿਆ। ਏਸ਼ੀਅਨ ਤੇ ਅਫ਼ਰੀਕਨ ਪਿਛੋਕੜ ਵਾਲੇ ਬੱਚਿਆਂ ਨੂੰ ਆਲੇ ਦੁਆਲੇ ਦੇ ਸਕੂਲਾਂ ਵਿੱਚ ਭੇਜੇ ਜਾਣ ਦੇ ਇੰਤਜ਼ਾਮ ਦੀ ਤਿਆਰੀ ਕੀਤੀ ਜਾਣ ਲੱਗੀ। ਕੋਈ ਕੁਝ ਨਾ ਕਰ ਸਕਿਆ ਸਿਵਾਏ ਇਸ ਦਾ ਵਿਰੋਧ ਕਰਨ ਦੇ।

ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਬੱਚੇ ਦੂਰਲੇ ਸਕੂਲਾਂ ਵਿੱਚ ਜਾਣ ਲੱਗੇ। ਇਹ ਸਕੂਲ ਦੋ ਮੀਲ ਤੋਂ ਲੈ ਕੇ ਸੱਤ ਮੀਲ ਤੱਕ ਦੀ ਦੂਰੀ ’ਤੇ ਪੈਂਦੇ ਸਨ। ਸਾਊਥਾਲ ਵਿੱਚ ਖਾਸ ਟਿਕਾਣੇ ਬਣਾ ਦਿੱਤੇ ਗਏ ਜਿੱਥੇ ਸਵੇਰੇ ਮਾਪੇ ਬੱਚਿਆਂ ਨੂੰ ਲੈ ਕੇ ਪੁੱਜਦੇ ਤੇ ਬੱਚੇ ਬੱਸਾਂ ਵਿੱਚ ਬਹਿੰਦੇ ਤੇ ਆਪੋ ਆਪਣੇ ਸਕੂਲਾਂ ਨੂੰ ਚਲੇ ਜਾਂਦੇ। ਸ਼ਾਮ ਨੂੰ ਉਸੇ ਟਿਕਾਣੇ ’ਤੇ ਬੱਸਾਂ ਬੱਚਿਆਂ ਨੂੰ ਉਤਾਰ ਜਾਂਦੀਆਂ ਤੇ ਉੱਥੋਂ ਮਾਪੇ ਲੈ ਜਾਂਦੇ। ਇਹ ਕੰਮ ਕੋਈ ਸੌਖਾ ਨਹੀਂ ਸੀ। ਸਕੂਲ ਜੇ ਸਾਢੇ ਅੱਠ-ਨੌਂ ਵਜੇ ਲੱਗਣੇ ਹੁੰਦੇ ਤਾਂ ਬੱਚਿਆਂ ਨੂੰ ਦੱਸੇ ਟਿਕਾਣਿਆਂ ’ਤੇ ਬੱਸਾਂ ਦੇ ਵਕਤ ਤੋਂ ਬਹੁਤ ਪਹਿਲਾਂ ਪੁੱਜਣਾ ਪੈਂਦਾ। ਬੱਚਿਆਂ ਨੂੰ ਛੇ, ਸਾਢੇ-ਛੇ ਵਜੇ ਘਰੋਂ ਤੁਰਨਾ ਪੈਂਦਾ ਤੇ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਹੀ ਘਰ ਪੁੱਜਦੇ। ਆਮ ਸਕੂਲ ਜਾਣ ਤੋਂ ਚਾਰ ਘੰਟੇ ਵਧ ਲੱਗ ਜਾਂਦੇ। ਇਨ੍ਹਾਂ ਦੇ ਸੌਣ ਦੇ ਵਕਤ ਵਿੱਚ ਖਲਲ ਪੈ ਜਾਂਦਾ। ਇਨ੍ਹਾਂ ਦੀ ਨੀਂਦ ਪੂਰੀ ਨਾ ਹੁੰਦੀ। ਇਹ ਬੱਚੇ ਪੰਜ ਸਾਲ ਤੋਂ ਲੈ ਕੇ ਸੋਲਾਂ ਸਾਲ ਦੀ ਉਮਰ ਤੱਕ ਦੇ ਸਨ। ਛੋਟੇ ਬੱਚਿਆਂ ਲਈ ਤਾਂ ਇਹ ਸਭ ਬਹੁਤ ਹੀ ਮੁਸ਼ਕਲ ਸੀ। ਬੱਚੇ ਬੱਸਾਂ ਵਿੱਚ ਸੁੱਤੇ ਹੀ ਜਾਂਦੇ, ਜਮਾਤ ਵਿੱਚ ਵੀ ਸੌਂ ਜਾਂਦੇ। ਇਹ ਸਭ ਬਹੁਤ ਤਕਲੀਫ਼-ਦੇਹ ਸੀ। ਬੱਚਿਆਂ ਦੀ ਸਿਹਤ ਉੱਪਰ ਅਸਰ ਪੈ ਰਿਹਾ ਸੀ। ਲੋਕ ਆਏ ਦਿਨ ਪ੍ਰਦਰਸ਼ਨ ਕਰਦੇ, ਪਰ ਕੋਈ ਅਸਰ ਨਾ ਹੋਇਆ।

ਇਹ ਇੱਕ ਜਾਂ ਦੋ ਦਿਨ, ਜਾਂ ਦੋ ਮਹੀਨੇ ਦੀ ਗੱਲ ਨਹੀਂ ਸੀ। ਇਹ ਸਿਲਸਿਲਾ ਤਾਂ ਜਿਵੇਂ ਸਦੀਵੀ ਸੀ। ਕਈ ਲੋਕ ਸਾਊਥਾਲ ਵਿੱਚੋਂ ਉੱਠ ਕੇ ਦੂਜੇ ਇਲਾਕਿਆਂ ਵਿੱਚ ਜਾਣ ਲੱਗ ਪਏ, ਪਰ ਬਹੁਤਿਆਂ ਦੀਆਂ ਨੌਕਰੀਆਂ ਇੱਥੇ ਸਨ ਤੇ ਘਰ ਵੀ ਖਰੀਦ ਲਏ ਹੋਏ ਸਨ, ਕਿਤੇ ਹੋਰ ਜਾ ਵਸਣਾ ਏਨਾ ਸੌਖਾ ਨਹੀਂ ਸੀ। ਸੱਠ ਦੇ ਕਰੀਬ ਬੱਸਾਂ ਸਨ ਜੋ ਇਨ੍ਹਾਂ ਨੂੰ ਦੂਜੇ ਸਕੂਲਾਂ ਵਿੱਚ ਲੈ ਕੇ ਜਾਂਦੀਆਂ ਤੇ ਵਾਪਸ ਲਿਆਉਂਦੀਆਂ। ਕਈ ਵਾਰ ਇਵੇਂ ਵੀ ਹੁੰਦਾ ਸੀ ਕਿ 53 ਸੀਟਾਂ ਵਾਲੀ ਬੱਸ ਵਿੱਚ ਸੱਤਰ ਤੋਂ ਵੱਧ ਬੱਚੇ ਹੁੰਦੇ। ਬੱਚਿਆਂ ਦੀ ਸਿਹਤ ਉੱਪਰ ਅਸਰ ਪੈਣਾ ਕੁਦਰਤੀ ਸੀ। ਇੱਕ ਸ਼ਰਮਨਾਕ ਗੱਲ ਇਹ ਸੀ ਕਿ ਸਿਰਫ਼ ਏਸ਼ੀਅਨ ਤੇ ਅਫ਼ਰੀਕਨ ਬੱਚਿਆਂ ਨੂੰ ਹੀ ਦੂਜੇ ਸਕੂਲਾਂ ਵਿੱਚ ਲੈ ਜਾਇਆ ਜਾਂਦਾ।

ਭਾਵੇਂ ਸ਼ੁਰੂ ਵਿੱਚ ਹਰਬੰਸ ਭੁੱਲਰ ਤੇ ਕੇਵਲ ਚੌਹਾਨ ਇਸ ਦੇ ਹੱਕ ਵਿੱਚ ਭੁਗਤੇ, ਪਰ ਛੇਤੀ ਹੀ ਭਾਰਤੀ ਮਜ਼ਦੂਰ ਸਭਾ ਨੇ ਬਸਿੰਗ ਦੇ ਖਿਲਾਫ਼ ਸਟੈਂਡ ਲੈ ਲਿਆ ਤੇ ਆਪਣੀ ਲੜਾਈ ਆਰੰਭ ਦਿੱਤੀ। ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਇਸ ਦੇ ਖਿਲਾਫ਼ ਬੋਲ ਰਹੀਆਂ ਸਨ। ਬਹੁਤ ਸਾਰੇ ਅੰਗਰੇਜ਼ ਵੀ ਇਸ ਨੂੰ ਅਣਮਨੁੱਖੀ ਕਹਿ ਰਹੇ ਸਨ। ਹਰ ਰੋਜ਼ ਮੁਜ਼ਾਹਰੇ ਹੁੰਦੇ। ਸਤਿਕਾਰ ਦੇ ਇੱਕ ਵਾਕਫ਼ ਜਸਵਿੰਦਰ ਸਿੱਧੂ ਨੇ ਭੁੱਖ ਹੜਤਾਲ ਵੀ ਰੱਖੀ, ਉਸ ਦੇ ਪੰਜ ਸਾਲ ਦੇ ਮੁੰਡੇ ਨੂੰ ਬਸਿੰਗ ਰਾਹੀਂ ਸਕੂਲ ਜਾਣਾ ਪੈਂਦਾ ਸੀ ਜੋ ਬਿਮਾਰ ਰਹਿਣ ਲੱਗਾ ਸੀ, ਪਰ ਕੋਈ ਫ਼ਰਕ ਨਾ ਪਿਆ।

ਭਾਰਤੀ ਮਜ਼ਦੂਰ ਸਭਾ ਦਾ ਇੱਕ ਵਫ਼ਦ ਈਲਿੰਗ ਕੌਂਸਲ ਨੂੰ ਮਿਲਿਆ ਤੇ ਬੱਚਿਆਂ ਨੂੰ ਦੂਰ ਦੇ ਇਲਾਕਿਆਂ ਵਿੱਚ ਲੈ ਕੇ ਜਾਣ ਦਾ ਸਖ਼ਤ ਵਿਰੋਧ ਕੀਤਾ ਕਿ ਅਜਿਹਾ ਕੋਈ ਕਾਨੂੰਨ ਨਹੀ। ਉਨ੍ਹਾਂ ਨੇ ਕੋਰਟ ਵਿੱਚ ਜਾਣ ਦੀ ਧਮਕੀ ਵੀ ਦਿੱਤੀ। ਕੌਂਸਲ ਨੇ ਅਗਲੇ ਸਾਲ ਹੀ ਬੱਸਿੰਗ ਨੂੰ ਸਹੀ ਠਹਿਰਾਉਣ ਬਾਰੇ ਕਾਨੂੰਨ ਬਣਾ ਦਿੱਤਾ।

***

ਬੱਸਿੰਗ ਕਾਰਨ ਸਾਊਥਾਲ ਦੇ ਏਸ਼ੀਅਨਾਂ ਦੀ ਜ਼ਿੰਦਗੀ ਅਜ਼ਾਬ ਬਣੀ ਪਈ ਸੀ ਖਾਸ ਕਰਕੇ ਬੱਚਿਆਂ ਦੀ। ਬਹੁਤ ਸਾਰੇ ਮਾਪੇ ਬਾਰਾਂ ਬਾਰਾਂ ਘੰਟੇ ਕੰਮ ਕਰਦੇ ਸਨ। ਉਨ੍ਹਾਂ ਕੋਲ ਬੱਚਿਆਂ ਨੂੰ ਬੱਸੋਂ ਲੈਣ ਜਾਂ ਛੱਡਣ ਦਾ ਵਕਤ ਵੀ ਨਹੀਂ ਸੀ ਹੁੰਦਾ। ਜਿਨ੍ਹਾਂ ਨੇ ਘਰ ਲਏ ਹੋਏ ਸਨ, ਉਨ੍ਹਾਂ ਦੀਆਂ ਕਿਸ਼ਤਾਂ ਬਹੁਤ ਸਨ ਤੇ ਦੋਵਾਂ ਜੀਆਂ ਨੂੰ ਕੰਮ ਕਰਨਾ ਪੈਂਦਾ ਸੀ। ਜਿਨ੍ਹਾਂ ਨੇ ਹਾਲੇ ਘਰ ਲੈਣੇ ਸਨ, ਉਨ੍ਹਾਂ ਨੂੰ ਮਿਹਨਤ ਕਰਨੀ ਪੈ ਰਹੀ ਸੀ। ਜਦੋਂ ਬੱਚਾ ਜ਼ਰਾ ਕੁ ਆਪਣੇ ਆਪ ਨੂੰ ਸੰਭਾਲਣ ਲੱਗਦਾ ਤਾਂ ਉਸ ਨੂੰ ਇਕੱਲੇ ਨੂੰ ਹੀ ਸਕੂਲ ਜਾ ਲੈਣ ਦਿੱਤਾ ਜਾਂਦਾ। ਘਰ ਦੀ ਚਾਬੀ ਉਸ ਦੇ ਗਲ਼ ਵਿੱਚ ਪਾ ਦਿੱਤੀ ਜਾਂਦੀ। ਇਵੇਂ ਹੀ ਬੱਸੋਂ ਉਤਰਦਾ ਇੱਕ ਬੱਚਾ ਐਕਸੀਡੈਂਟ ਦੀ ਲਪੇਟ ਵਿੱਚ ਆ ਕੇ ਜਾਨ ਗਵਾ ਬੈਠਾ ਸੀ। ਲੋਕਾਂ ਵਿੱਚ ਬਹੁਤ ਰੋਹ ਸੀ, ਉਹ ਹਰ ਰੋਜ਼ ਇਨ੍ਹਾਂ ਬੱਸਾਂ ਵਾਲੇ ਕਾਨੂੰਨ ਦੇ ਖਿਲਾਫ਼ ਮੁਜ਼ਾਹਰੇ ਕਰਦੇ। ਆਈ.ਡਬਲਯੂ.ਏ. ਕਈ ਵਾਰ ਇਸ ਖਿਲਾਫ਼ ਰੈਲੀਆਂ ਕਰਦੀ, ਪਰ ਗੌਰਮਿੰਟ ਉੱਪਰ ਕੋਈ ਅਸਰ ਨਹੀਂ ਸੀ ਹੁੰਦਾ। ਇਹ ਸਿਲਸਿਲਾ ਲੇਬਰ ਪਾਰਟੀ ਦੇ ਦੌਰਾਨ ਵੀ ਚੱਲਦਾ ਰਿਹਾ ਤੇ ਕੰਜ਼ਰਵੇਟਿਵ ਪਾਰਟੀ ਦੇ ਵੇਲੇ ਵੀ। ਦੋਵੇਂ ਪਾਰਟੀਆਂ ਨਵੇਂ ਸਕੂਲ ਬਣਾਉਣ ਦੇ ਹੱਕ ਵਿੱਚ ਨਹੀਂ ਸਨ। ਏਸ਼ੀਅਨਾਂ ਦੀ ਇੱਕ ਪੀੜ੍ਹੀ ਬਸਿੰਗ ਰਾਹੀਂ ਸਕੂਲ ਜਾ ਰਹੀ ਸੀ। ਇਨ੍ਹਾਂ ਨੂੰ ਅਖ਼ਬਾਰਾਂ ਵਾਲੇ ‘ਲੌਸਟ ਚਿਲਡਰਨ’ ਦਾ ਨਾਂ ਦਿੰਦੇ।

ਬਸਿੰਗ ਦਾ ਬੱਚਿਆਂ ਦੀ ਸਿਹਤ ਉੱਪਰ ਅਸਰ ਹੋਣਾ ਕੁਦਰਤੀ ਸੀ। ਸਵੇਰੇ ਸਾਢੇ ਅੱਠ ਨੌਂ ਵਜੇ ਸਕੂਲ ਲੱਗਣਾ ਹੁੰਦਾ, ਪਰ ਬੱਚਿਆਂ ਨੂੰ ਪੰਜ ਸਾਢੇ ਪੰਜ ਜਗਾਇਆ ਜਾਂਦਾ। ਉਨ੍ਹਾਂ ਨੇ ਸੱਤ ਵਜੇ ਤੋਂ ਪਹਿਲਾਂ ਬੱਸਾਂ ਦੇ ਪਿਕ ਅਪ ਪੁਆਇੰਟ ’ਤੇ ਪੁੱਜਣਾ ਹੁੰਦਾ। ਸ਼ਾਮ ਨੂੰ ਵੀ ਉਹ ਪੰਜ ਵਜੇ ਤੋਂ ਬਾਅਦ ਹੀ ਘਰ ਪੁੱਜਦੇ। ਇਵੇਂ ਉਨ੍ਹਾਂ ਦੀ ਨੀਂਦ ਹੀ ਪੂਰੀ ਨਹੀਂ ਸੀ ਹੁੰਦੀ।

ਜਿਹੜੇ ਬੱਚੇ ਹਾਈ ਸਕੂਲ ਜਾਂਦੇ ਸਨ, ਉਨ੍ਹਾਂ ਨੂੰ ਬੱਸ ਸਟਾਪ ’ਤੇ ਛੱਡਣ ਦੀ ਮਾਪੇ ਲੋੜ ਨਹੀਂ ਸਨ ਸਮਝਦੇ। ਇਨ੍ਹਾਂ ਬੱਚਿਆਂ ਦੀ ਕਈ ਵਾਰ ਬੱਸ ਖੁੰਝ ਜਾਂਦੀ ਜਾਂ ਉਹ ਜਾਣ ਬੁੱਝ ਕੇ ਖੁੰਝਾ ਦਿੰਦੇ। ਫਿਰ ਇਹ ਬੱਚੇ ਸਾਰਾ ਦਿਨ ਪਾਰਕਾਂ ਜਾਂ ਸੜਕਾਂ ਉੱਪਰ ਘੁੰਮਦੇ ਰਹਿੰਦੇ। ਜਿਹੜੇ ਲੋਕ ਇਨ੍ਹਾਂ ਨੂੰ ਦੇਖਦੇ ਉਹ ਬਹੁਤ ਦੁਖੀ ਹੁੰਦੇ ਤੇ ਕੌਂਸਲ ਦੀ ਨਸਲਵਾਦੀ ਨੀਤੀਆਂ ਦੀ ਘੋਰ ਨਿੰਦਾ ਕਰਦੇ, ਪਰ ਉਹ ਕੁਝ ਕਰ ਨਹੀਂ ਸਨ ਸਕਦੇ। ਸਤਿਕਾਰ ਇਨ੍ਹਾਂ ਨੂੰ ਦੇਖਦਾ ਤਾਂ ਉਸ ਨੂੰ ਜਾਪਦਾ ਜਿਵੇਂ ਉਸ ਦਾ ਆਪਣਾ ਮੁੰਡਾ ਰਾਣਾ ਵੀ ਇਨ੍ਹਾਂ ਵਿੱਚ ਫਿਰਦਾ ਹੋਵੇ। ਵਤਨ ਸ਼ੇਰਗਿੱਲ ਦੇ ਵੀ ਹੁਣ ਦੋ ਬੱਚੇ ਹੋ ਗਏ ਸਨ, ਪਰ ਉਹ ਹਾਲੇ ਬਹੁਤ ਛੋਟੇ ਸਨ।

ਸਕੂਲ ਦੇ ਮਾਮਲੇ ਵਿੱਚ ਸਤਿਕਾਰ ਦੇ ਘਰ ਹੁਣ ਦੋ ਤਬਦੀਲੀਆਂ ਹੋ ਰਹੀਆਂ ਸਨ। ਰਸ਼ਮੀ ਪ੍ਰਾਇਮਰੀ ਸਕੂਲ ਜਾਣ ਲਈ ਤਿਆਰ ਸੀ ਤੇ ਰਾਣੇ ਨੇ ਹੁਣ ਹਾਈ ਸਕੂਲ ਜਾਣਾ ਸੀ। ਰਸ਼ਮੀ ਨੂੰ ਹੰਸਲੋ ਦੇ ਹਾਈ ਸਕੂਲ ਵਿੱਚ ਜਗ੍ਹਾ ਮਿਲੀ ਸੀ। ਰਾਣੇ ਬਾਰੇ ਉਨ੍ਹਾਂ ਨੂੰ ਉਮੀਦ ਸੀ ਕਿ ਡਰਡਨ ਪਾਰਕ ਹਾਈ ਸਕੂਲ ਵਿੱਚ ਹੀ ਸੀਟ ਮਿਲ ਜਾਵੇਗੀ ਕਿਉਂਕਿ ਉਸੇ ਪ੍ਰਾਇਮਰੀ ਸਕੂਲ ਵਿੱਚ ਉਹ ਜਾਂਦਾ ਸੀ ਇਵੇਂ ਉਹ ਬਸਿੰਗ ਤੋਂ ਬਚ ਜਾਵੇਗਾ। ਜਦੋਂ ਵਕਤ ਆਇਆ ਤਾਂ ਰਾਣੇ ਨੂੰ ਡਰਡਨ ਪਾਰਕ ਹਾਈ ਸਕੂਲ ਨਾ ਮਿਲਿਆ ਤੇ ਉਸ ਨੂੰ ਈਲਿੰਗ ਹਾਈ ਸਕੂਲ ਜਾਣਾ ਪਿਆ। ਦੋਵਾਂ ਬੱਚਿਆਂ ਦੇ ਸਕੂਲਾਂ ਦੀਆਂ ਦਿਸ਼ਾਵਾਂ ਉਲਟੀਆਂ ਸਨ। ਰਾਣਾ ਸਤਿਕਾਰ ਵਾਂਗ ਹੀ ਹੁੰਦੜ-ਹੇਲ ਸੀ ਤੇ ਆਪਣੇ ਆਪ ਬੱਸ ਲੈਣ ਜੋਗਾ ਹੋ ਗਿਆ ਸੀ, ਪਰ ਰਸ਼ਮੀ ਨੂੰ ਤਾਂ ਹਰ ਰੋਜ਼ ਬਸਿੰਗ ਦੇ ਪਿਕ-ਅਪ ਪੁਆਇੰਟ ’ਤੇ ਛੱਡਣ ਤੇ ਲੈਣ ਜਾਣਾ ਪੈਣਾ ਸੀ। ਸਤਿਕਾਰ ਤੇ ਜੀਤੀ ਦੋਵੇਂ ਹੀ ਦੁਖੀ ਸਨ। ਸਤਿਕਾਰ ਦੀ ਹੁਣ ਦਿਨ ਦੀ ਸ਼ਿਫਟ ਸੀ, ਉਸ ਨੂੰ ਸਵੇਰੇ ਜਲਦੀ ਜਾਣਾ ਪੈਂਦਾ। ਉਹ ਬਹੁਤਾ ਸਮਾਂ ਯੂਨੀਅਨ ਦੇ ਦਫ਼ਤਰ ਵਿੱਚ ਹੀ ਬਹਿੰਦਾ ਸੀ ਜਾਂ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਭਾਗ ਲੈਂਦਾ ਸੀ, ਇਸ ਲਈ ਬੱਚਿਆਂ ਨੂੰ ਬੱਸ ਰਾਹੀਂ ਭੇਜਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।

ਜੀਤੀ, ਰਸ਼ਮੀ ਨੂੰ ਜਲਦੀ ਜਗਾ ਲੈਂਦੀ ਤੇ ਤਿਆਰ ਕਰ ਕੇ ਲੇਡੀ ਮਾਰਗਰੇਟ ਰੋਡ ’ਤੇ ਬੱਸ ਦੇ ਪਿਕ-ਅਪ ਪੁਆਇੰਟ ’ਤੇ ਲੈ ਜਾਂਦੀ ਤੇ ਬੱਸ ਵਿੱਚ ਚੜ੍ਹਾ ਆਉਂਦੀ। ਰਾਣਾ ਵੀ ਉਥੋਂ ਹੀ ਬੱਸ ਲੈਂਦਾ ਸੀ, ਪਰ ਉਸ ਦੀ ਬੱਸ ਦਾ ਵਕਤ ਕੁਝ ਅਲੱਗ ਹੁੰਦਾ। ਸ਼ਾਮ ਨੂੰ ਰਸ਼ਮੀ ਦੇ ਵਾਪਸ ਆਉਣ ਤੱਕ ਸਤਿਕਾਰ ਘਰ ਪੁੱਜ ਜਾਂਦਾ ਸੀ ਤੇ ਉਹ ਜਾ ਕੇ ਰਸ਼ਮੀ ਨੂੰ ਬੱਸ ਤੋਂ ਲੈ ਆਉਂਦਾ। ਰਾਣੇ ਦੀ ਬੱਸ ਅੱਗੇ ਪਿੱਛੇ ਹੋ ਜਾਂਦੀ, ਪਰ ਉਹ ਆਪ ਹੀ ਤੁਰ ਕੇ ਘਰ ਆ ਜਾਂਦਾ ਸੀ।

ਰਸ਼ਮੀ ਨੂੰ ਲੈਣ ਗਿਆ ਸਤਿਕਾਰ ਬੱਸ ਸਟਾਪ ’ਤੇ ਖੜ੍ਹਾ ਲੋਕਾਂ ਦੇ ਮਾਯੂਸ ਚਿਹਰੇ ਦੇਖਦਾ ਰਹਿੰਦਾ ਤੇ ਬੱਸ ਵਿੱਚੋਂ ਅੱਧ-ਸੁੱਤੇ ਬੱਚੇ ਉਤਰਦੇ ਦੇਖ ਕੇ ਉਸ ਦਾ ਮਨ ਬਹੁਤ ਖ਼ਰਾਬ ਹੁੰਦਾ। ਉਹ ਰਸ਼ਮੀ ਨੂੰ ਪਿਆਰ ਕਰਦਾ ਆਖਦਾ, ‘‘ਆਏ‘ਮ ਸੌਰੀ ਬੇਟਾ, ਮੈਂ ਬਹੁਤ ਮਜਬੂਰ ਹਾਂ ਕਿ ਕੁਝ ਨਹੀਂ ਕਰ ਸਕਦਾ।’’

ਇਵੇਂ ਕਈ ਮਹੀਨੇ ਲੰਘ ਗਏ। ਇੱਕ ਦਿਨ ਸਤਿਕਾਰ ਦੀ ਛੁੱਟੀ ਸੀ, ਉਸ ਨੇ ਰਸ਼ਮੀ ਦੇ ਸਕੂਲ ਜਾ ਕੇ ਦੇਖਿਆ, ਰਸ਼ਮੀ ਆਪਣੀ ਜਮਾਤ ਵਿੱਚ ਸੈਟਲ ਹੋ ਰਹੀ ਸੀ। ਉਸ ਲਈ ਇਹ ਖੁਸ਼ੀ ਦੀ ਗੱਲ ਸੀ।

ਇੱਕ ਦਿਨ ਸਤਿਕਾਰ ਰਸ਼ਮੀ ਨੂੰ ਲੈਣ ਗਿਆ। ਰੋਜ਼ ਵਾਂਗ ਰਸ਼ਮੀ ਦੀ ਬੱਸ ਆਈ, ਪਰ ਰਸ਼ਮੀ ਉਸ ਵਿੱਚ ਨਹੀਂ ਸੀ। ਉਹ ਡਰਾਈਵਰ ਨੂੰ ਇਸ ਬਾਰੇ ਪੁੱਛਣਾ ਚਾਹੁੰਦਾ ਸੀ, ਪਰ ਉਹ ਬੱਸ ਭਜਾ ਕੇ ਲੈ ਗਿਆ। ਸਤਿਕਾਰ ਖੜ੍ਹਾ ਦੇਖਦਾ ਰਹਿ ਗਿਆ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਕੀ ਕਰੇ। ਹੰਸਲੋ ਤੋਂ ਹੀ ਦੋ ਹੋਰ ਬੱਸਾਂ ਆਈਆਂ, ਰਸ਼ਮੀ ਉਨ੍ਹਾਂ ਵਿੱਚ ਵੀ ਨਹੀਂ ਸੀ। ਨੇੜੇ ਹੀ ਟੈਲੀਫੋਨ ਬੂਥ ਸੀ। ਉਸ ਨੇ ਰਸ਼ਮੀ ਦੇ ਸਕੂਲ ਫੋਨ ਕੀਤਾ। ਸਕੂਲ ਦੇ ਕੇਅਰ-ਟੇਕਰ ਨੇ ਦੱਸਿਆ ਕਿ ਸਾਰੇ ਅਧਿਆਪਕ ਤੇ ਬੱਚੇ ਜਾ ਚੁੱਕੇ ਹਨ। ਸਤਿਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਡਰ ਸੀ ਕਿ ਰਸ਼ਮੀ ਗਲਤੀ ਨਾਲ ਕਿਸੇ ਹੋਰ ਸਟਾਪ ’ਤੇ ਨਾ ਉਤਰ ਗਈ ਹੋਵੇ। ਉਸ ਨੇ ਵਤਨ ਸ਼ੇਰਗਿੱਲ ਨੂੰ ਫੋਨ ਕੀਤਾ। ਵਤਨ ਘਰ ਹੀ ਸੀ। ਉਹ ਉਸੇ ਵੇਲੇ ਹੀ ਆ ਗਿਆ। ਸਾਰੀ ਗੱਲ ਸੁਣ ਕੇ ਉਹ ਬੋਲਿਆ, ‘‘ਪਤਾ ਕੀਤਾ ਜਾਵੇ ਕਿ ਕਿਹੜਾ ਡਰਾਈਵਰ ਇਹ ਬੱਸ ਚਲਾਉਂਦੈ।’’

‘‘ਇਹ ਕਿੱਥੋਂ ਪਤਾ ਚੱਲੇ, ਇਹਦਾ ਆਰਗੇਨਾਈਜ਼ਰ ਕੌਣ ਐ?’’ ਸਤਿਕਾਰ ਘਬਰਾਇਆ ਹੋਇਆ ਸੀ। ਵਤਨ ਸ਼ੇਰਗਿੱਲ ਵੀ ਫਿਕਰਮੰਦ ਸੀ।

ਉਹ ਸੋਚ ਹੀ ਰਹੇ ਸਨ ਕਿ ਕੀ ਕੀਤਾ ਜਾਵੇ ਕਿ ਇੱਕ ਬੱਸ ਆਉਂਦੀ ਦਿਖਾਈ ਦਿੱਤੀ। ਇਹ ਉਹੀ ਸਕੂਲ ਵਾਲੀ ਬੱਸ ਸੀ ਜੋ ਰਸ਼ਮੀ ਨੂੰ ਲੈ ਕੇ ਜਾਂਦੀ ਸੀ। ਬੱਸ ਉਨ੍ਹਾਂ ਕੋਲ ਆ ਕੇ ਖੜ੍ਹ ਗਈ। ਬੱਸ ਦਾ ਪੰਜਾਬੀ ਡਰਾਈਵਰ ਰਸ਼ਮੀ ਨੂੰ ਚੁੱਕੀ ਬੱਸ ਵਿੱਚੋਂ ਨਿਕਲਿਆ ਤੇ ਪੁੱਛਣ ਲੱਗਾ, ‘‘ਇਹ ਤੁਹਾਡੀ ਬੱਚੀ ਐ?’’

ਸਤਿਕਾਰ ਨੇ ਭੱਜ ਕੇ ਰਸ਼ਮੀ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਉਸ ਨੂੰ ਚੁੰਮਣ ਲੱਗਾ। ਡਰਾਈਵਰ ਡਰਦਾ ਹੋਇਆ ਬੋਲਿਆ, ‘‘ਮੇਰਾ ਕੋਈ ਕਸੂਰ ਨਹੀਂ ਸੀ, ਸਾਰੀ ਗਲਤੀ ਕੇਅਰਰ ਮੈਗੀ ਦੀ ਐ, …ਕੀ ਦੱਸਾਂ ਜੀ, ਬੱਚੀ ਕਿਤੇ ਸੁੱਤੀ ਪਈ ਸੀ, ਇਨ੍ਹਾਂ ਵਿਚਾਰਿਆਂ ਦੀ ਨੀਂਦ ਵੀ ਤਾਂ ਪੂਰੀ ਨਹੀਂ ਹੁੰਦੀ, ਕੇਅਰਰ ਮੈਗੀ ਰਾਹ ਵਿੱਚ ਉਤਰ ਗਈ, ਉਤਰਨ ਤੋਂ ਪਹਿਲਾਂ ਉਸ ਨੇ ਇੱਕ ਵਾਰ ਬੱਸ ਦਾ ਗੇੜਾ ਵੀ ਮਾਰਿਆ, ਪਰ ਬੱਚੀ ਕਿਤੇ ਉਹਦੀ ਨਜ਼ਰ ਨਹੀਂ ਪਈ। ਇਹ ਤਾਂ ਜਦੋਂ ਮੈਂ ਬੱਸ ਗੈਰਿਜ ਵਿੱਚ ਲਾ ਕੇ ਤੁਰਨ ਲੱਗਾ ਤਾਂ ਬੱਚੀ ਰੋ ਪਈ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਂਦਾ, ਮੈਂ ਤਾਂ ਘਰ ਚਲੇ ਜਾਣਾ ਸੀ।’’
ਈ-ਮੇਲ : harjeetatwal@hotmail.co.uk
(ਪ੍ਰਕਾਸ਼ਨਾ ਅਧੀਨ ਨਾਵਲ ‘ਲੈਜੰਡ’ ਵਿੱਚੋਂ)



News Source link
#ਏਸ਼ਅਨ #ਬਚਆ #ਦ #ਦਰਗਤ

- Advertisement -

More articles

- Advertisement -

Latest article