ਪੰਚਕੂਲਾ/ਸ਼ਾਹਬਾਦ ਮਾਰਕੰਡਾ (ਪੀ.ਪੀ. ਵਰਮਾ/ਸਤਨਾਮ ਸਿੰਘ): ਇੱਥੇ ਤਾਊ ਦੇਵੀਲਾਲ ਸਟੇਡੀਅਮ ਵਿੱਚ ਚੱਲ ਰਹੀਆਂ ‘ਖੇਲੋ ਇੰਡੀਆ ਯੂਥ ਗੇਮਜ਼’ ਦੇ ਦੂਜੇ ਦਿਨ ਰਾਜਸਥਾਨ ਦੀ ਮਹਿਲਾ ਕਬੱਡੀ ਟੀਮ ਨੇ ਪੰਜਾਬ ਦੀ ਟੀਮ ਨੂੰ 31-23 ਦੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਮਹਾਰਾਸ਼ਟਰ ਦੀ ਪੁਰਸ਼ਾਂ ਦੀ ਕਬੱਡੀ ਟੀਮ ਨੇ ਵੀ ਪੰਜਾਬ ਨੂੰ 41-33 ਨਾਲ ਹਰਾ ਦਿੱਤਾ। ਵਾਲੀਬਾਲ ਦੇ ਪੁਰਸ਼ਾਂ ਦੇ ਮੁਕਾਬਲੇ ਵਿੱਚ ਰਾਜਸਥਾਨ ਨੇ ਛੱਤੀਸਗੜ੍ਹ ਨੂੰ 3-0 ਨਾਲ ਹਰਾਇਆ। ਮਹਿਲਾ ਵਰਗ ਵਿੱਚ ਤਾਮਿਲਨਾਡੂ ਨੇ ਛੱਤੀਸਗੜ੍ਹ ਨੂੰ 3-1 ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਬੈਡਮਿੰਟਨ ਮਹਿਲਾ ਵਰਗ ਵਿੱਚ ਪੰਜਾਬ ਦੀ ਰਾਧਿਕਾ ਸ਼ਰਮਾ ਨੇ ਗੋਆ ਦੀ ਲਿੰਡਾ ਬਰੈਡੋ ਨੂੰ 2-0 ਦੇ ਫਰਕ ਨਾਲ ਹਰਾ ਦਿੱਤਾ। ਇਸੇ ਤਰ੍ਹਾਂ ਸ਼ਾਹਬਾਦ ਮਾਰਕੰਡਾ ਵਿੱਚ ਖੇਡੇ ਗਏ ਪੁਰਸ਼ ਹਾਕੀ ਲੀਗ ਦੇ ਦੂਜੇ ਦਿਨ ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਬਿਹਾਰ ਨੂੰ 15-3 ਦੇ ਫਰਕ ਨਾਲ ਅਤੇ ਉੱਤਰ ਪ੍ਰਦੇਸ਼ ਨੇ ਹਰਿਆਣਾ ਨੂੰ 5-1 ਦੇ ਫਰਕ ਨਾਲ ਹਰਾਇਆ। ਜ਼ਿਲ੍ਹਾ ਖੇਡ ਯੁਵਾ ਪ੍ਰੋਗਰਾਮ ਅਧਿਕਾਰੀ ਰਾਮ ਨਿਵਾਸ ਨੇ ਦੱਸਿਆ ਕਿ ਭਲਕੇ 6 ਜੂਨ ਨੂੰ ਆਰਾਮ ਤੋਂ ਬਾਅਦ 7 ਜੂਨ ਨੂੰ ਸਵੇਰੇ ਝਾਰਖੰਡ ਤੇ ਚੰਡੀਗੜ੍ਹ ਵਿਚਾਲੇ ਅਤੇ ਮਣੀਪੁਰ ਤੇ ਉੜੀਸਾ ਵਿਚਾਲੇ ਮੁਕਾਬਲੇ ਹੋਣਗੇ।
ਅੰਬਾਲਾ ’ਚ ਹੋਏ ਜਿਮਨਾਸਟਿਕ ਮੁਕਾਬਲੇ
ਅੰਬਾਲਾ (ਪੱਤਰ ਪ੍ਰੇਰਕ): ‘ਖੇਲੋ ਇੰਡੀਆ ਯੂਥ ਗੇਮਜ਼’ 2021 ਤਹਿਤ ਅੱਜ ਅੰਬਾਲਾ ਛਾਉਣੀ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿਚ ਜਿਮਨਾਸਟਿਕ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ ਜੋ 7 ਜੂਨ ਤੱਕ ਚੱਲਣਗੇ। ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ਭਰ ਦੇ 208 ਖਿਡਾਰੀ ਹਿੱਸਾ ਲੈਣਗੇ। ਅੱਜ ਕੁਆਲੀਫਿਕੇਸ਼ਨ ਰਾਊਂਡ ਦੇ ਮੁਕਾਬਲੇ ਹੋਏ ਹਨ। ਕਲਾਤਮਕ ਜਿਮਨਾਸਟਿਕ ਦੇ ਮਹਿਲਾ ਅਤੇ ਪੁਰਸ਼ ਵਰਗ ਦੇ ਮੁਕਾਬਲਿਆਂ ਦੇ ਨਾਲ-ਨਾਲ ਰਿਦਮਿਕ ਜਿਮਨਾਸਟਿਕ ਮੁਕਾਬਲੇ ਹੋ ਰਹੇ ਹਨ। ਅੱਜ ਫਲੋਰ, ਪੋਮੇਲ ਹੌਰਸ, ਰਿੰਗਜ਼, ਵਾਲਟਿੰਗ ਹੌਰਸ ਅਤੇ ਅਨਈਵਨ ਮੁਕਾਬਲੇ ਵੀ ਹੋਏ ਹਨ।