ਇਸਲਾਮਾਬਾਦ, 5 ਜੂਨ
ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਅੱਜ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਚੇਅਰਮੈਨ ਇਮਰਾਨ ਖ਼ਾਨ ਨੂੰ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਦੀ ਮਿਆਦ ਖ਼ਤਮ ਹੋਣ ਮਗਰੋਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਪਿਸ਼ਾਵਰ ਹਾਈ ਕੋਰਟ ਨੇ 2 ਜੂਨ ਨੂੰ ਪੀਟੀਆਈ ਦੇ ਇਸਲਾਮਾਬਾਦ ਤੱਕ ਕੱਢੇ ਜਾਣ ਵਾਲੇ ਦੂਜੇ ‘ਆਜ਼ਾਦੀ ਮਾਰਚ’ ਤੋਂ ਪਹਿਲਾਂ ਗੱਦੀਓਂ ਲਾਹੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ 50 ਹਜ਼ਾਰ ਦੇ ਨਿੱਜੀ ਮੁਚੱਲਕੇ ’ਤੇ ਤਿੰਨ ਹਫ਼ਤਿਆਂ ਲਈ ਟਰਾਂਜ਼ਿਟ ਜ਼ਮਾਨਤ ਦਿੱਤੀ ਸੀ। ਪੀਟੀਆਈ ਚੇਅਰਮੈਨ ਨੇ ਖ਼ਦਸ਼ਾ ਜਤਾਇਆ ਸੀ ਕਿ ਇਸਲਾਮਾਬਾਦ ਲਈ ਮੁੜ ਮਾਰਚ ਕੱਢਣ ਮੌਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਰਾਣਾ ਸਨਾਉੱਲ੍ਹਾ ਨੇ ਟਵੀਟ ਕੀਤਾ ਕਿ ਇਮਰਾਨ ਖ਼ਾਨ ਦੰਗਿਆਂ, ਦੇਸ਼ਧ੍ਰੋਹ, ਘੜਮੱਸ ਤੇ ਹਥਿਆਰਬੰਦ ਹਮਲੇ ਸਣੇ ਕਰੀਬ ਦੋ ਦਰਜਨ ਤੋਂ ਵੱਧ ਕੇਸਾਂ ਵਿੱਚ ਨਾਮਜ਼ਦ ਹੈ। ਮੰਤਰੀ ਨੇ ਕਿਹਾ ਕਿ ਇਕ ਵਾਰ ਪੇਸ਼ਗੀ ਜ਼ਮਾਨਤ ਦੀ ਮਿਆਦ ਖ਼ਤਮ ਹੋ ਜਾਵੇ, ਇਮਰਾਨ ਖ਼ਾਨ ਦੇ ਘਰ ਦੇ ਬਾਹਰ ਤਾਇਨਾਤ ਸੁਰੱਖਿਆ ਕਰਮੀ ਉਸ ਨੂੰ ਗ੍ਰਿਫ਼ਤਾਰ ਕਰ ਲੈਣਗੇ। -ਪੀਟੀਆਈ