ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 4 ਜੂਨ
ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਆਪਣੇ ਭਰਾ ਅਤੇ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ। ਸ੍ਰੀ ਸਿੱਧੂ ਨੇ ਅੱਜ ਪਹਿਲਾਂ ਕਾਂਗਰਸ ਦੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੇ ਅਖ਼ਤਿਆਰੀ ਕੋਟੇ ਵਿੱਚੋਂ ਲਾਂਡਰਾਂ ਦੇ ਸਰਕਾਰੀ ਸਕੂਲ ਲਈ ਸਵੇਰੇ ਦਸ ਵਜੇ 15 ਲੱਖ ਦਾ ਚੈੱਕ ਤੇ ਪਿੰਡ ਗਿੱਦੜਪੁਰ ਦੇ ਸਰਕਾਰੀ ਸਕੂਲ ਲਈ ਗਿਆਰਾਂ ਵਜੇ ਦਸ ਲੱਖ ਦਾ ਚੈੱਕ ਸੌਂਪਿਆ।
ਇਨ੍ਹਾਂ ਦੋਵੇਂ ਸਮਾਗਮਾਂ ਮਗਰੋਂ ਉਹ ਸਿੱਧੇ ਚੰਡੀਗੜ੍ਹ ਸੈਕਟਰ-7 ਵਿੱਚ ਸੁਨੀਲ ਜਾਖੜ ਦੇ ਕਿਸੇ ਕਰੀਬੀ ਦੀ ਕੋਠੀ ਗਏ, ਜਿੱਥੇ ਉਨ੍ਹਾਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਕਾਂਗਰਸੀ ਆਗੂਆਂ ਨਾਲ ਮੀਟਿੰਗ ਕੀਤੀ। ਸਾਰੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਗਏ ਤੇ ਮਗਰੋਂ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਭਾਜਪਾ ਵਿੱਚ ਸ਼ਮੂਲੀਅਤ ਕੀਤੀ। ਮੁਹਾਲੀ ਹਲਕੇ ਵਿੱਚ ਸ੍ਰੀ ਸਿੱਧੂ ਦੀ ਭਾਜਪਾ ਵਿੱਚ ਸ਼ਮੂਲੀਅਤ ਦਾ ਰਲਿਆ-ਮਿਲਿਆ ਪ੍ਰਤੀਕਰਮ ਆਇਆ ਹੈ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਕੌਂਸਲਰ ਰਿਸ਼ਵ ਜੈਨ ਨੇ ਆਖਿਆ ਕਿ ਉਨ੍ਹਾਂ ਦਾ ਆਗੂ ਬਲਬੀਰ ਸਿੱਧੂ ਹੀ ਹੈ। ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਖਿਆ ਕਿ ਉਹ ਕਾਂਗਰਸ ਦੇ ਨਾਲ ਹਨ ਤੇ ਆਪਣੇ ਸਮਰਥਕਾਂ ਨਾਲ ਸਲਾਹ ਕਰਕੇ ਹੀ ਕੋਈ ਫੈ਼ਸਲਾ ਲੈਣਗੇ। ਪੁਰਾਣੇ ਕਾਂਗਰਸੀ ਆਗੂ ਬੂਟਾ ਸਿੰਘ ਸੋਹਾਣਾ ਅਤੇ ਹਰਚਰਨ ਸਿੰਘ ਗਿੱਲ ਸਰਪੰਚ ਲਾਂਡਰਾਂ ਨੇ ਵੀ ਕਾਂਗਰਸ ਨਾਲ ਖੜ੍ਹੇ ਰਹਿਣ ਦੀ ਗੱਲ ਆਖੀ। ਦੂਜੇ ਪਾਸੇ ਚੌਧਰੀ ਰਿਸ਼ੀ ਪਾਲ ਸਨੇਟਾ, ਚੌਧਰੀ ਹਰਨੇਕ ਸਿੰਘ ਨੇਕੀ, ਦੀਪ ਚੰਦ ਗੋਬਿੰਦਗੜ੍ਹ ਨੇ ਸਿੱਧੂ ਦੇ ਫੈ਼ਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਨਾਲ ਖੜ੍ਹਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਛੇਤੀ ਹੀ ਪਾਰਟੀ ਸਮਰਥਕਾਂ ਨਾਲ ਵੀ ਮੀਟਿੰਗ ਕੀਤੀ ਜਾੇਵਗੀ।
ਕਾਂਗਰਸ ਨੇ ਵਜ਼ਾਰਤ ਵਿੱਚੋਂ ਕੱਢ ਕੇ ਜ਼ਲੀਲ ਕੀਤਾ ਸੀ: ਬਲਬੀਰ ਸਿੱਧੂ
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬਤੌਰ ਸਿਹਤ ਮੰਤਰੀ ਉਨ੍ਹਾਂ ਕਰੋਨਾ ਕਾਲ ਵਿੱਚ ਰਿਕਾਰਡ ਤੋੜ ਕੰਮ ਕੀਤਾ ਤੇ ਉਨ੍ਹਾਂ ਦੇ ਕੰਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਰਾਹਿਆ, ਪਰ ਚਰਨਜੀਤ ਚੰਨੀ ਦੀ ਅਗਵਾਈ ਹੇਠ ਬਣੀ ਨਵੀਂ ਕੈਬਨਿਟ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢ ਕੇ ਜ਼ਲੀਲ ਕੀਤਾ ਗਿਆ ਤੇ ਉਨ੍ਹਾਂ ਦੀ ਸਾਖ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਬਾਅਦ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਇਸ ਵੇਲੇ ਨਾ ਆਗੂ ਹਨ ਤੇ ਨਾ ਨੀਤੀ। ਇਸ ਕਰਕੇ ਉਨ੍ਹਾਂ ਹੁਣ ਕਾਂਗਰਸ ਨਾਲ ਨਾਤਾ ਤੋੜ ਲਿਆ ਹੈ।
ਪਹਿਲਾਂ ਵੀ ਛੱਡ ਚੁੱਕੇ ਹਨ ਬਲਬੀਰ ਸਿੱਧੂ ਪਾਰਟੀ
ਬਲਬੀਰ ਸਿੱਧੂ ਨੂੰ ਕਾਂਗਰਸ ਨੇ 1997 ਵਿੱਚ ਖਰੜ ਹਲਕੇ ਤੋਂ ਟਿਕਟ ਦਿੱਤੀ ਸੀ ਤੇ ਉਹ ਚੋਣ ਹਾਰ ਗਏ ਸਨ। 2002 ਵਿੱਚ ਉਨ੍ਹਾਂ ਦੀ ਟਿਕਟ ਕੱਟੀ ਗਈ ਤੇ ਉਨ੍ਹਾਂ ਪਾਰਟੀ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹੀ ਪਰ ਹਾਰ ਗਏ। 2004 ਵਿੱਚ ਉਹ ਮੁੜ੍ਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਤੇ ਲਗਾਤਾਰ ਤਿੰਨ ਵੇਰ 2007, 2012 ਅਤੇ 2017 ਵਿੱਚ ਕਾਂਗਰਸੀ ਟਿਕਟ ਉੱਤੇ ਵਿਧਾਇਕ ਬਣੇ। ਇਸ ਵੇਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਕੋਲੋਂ ਹਾਰ ਦਾ ਮੂੰਹ ਵੇਖਣਾ ਪਿਆ।
ਸਿੱਧੂ ਭਰਾਵਾਂ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਮੁਹਾਲੀ ਦੇ ਸਿਆਸੀ ਸਮੀਕਰਨ ਬਦਲੇ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 4 ਜੂਨ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਤੇ ਮੁਹਾਲੀ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਮਗਰੋਂ ਅੱਜ ਆਪਣੀ ਚੁੱਪ ਤੋੜਦੇ ਹੋਏ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨਾਲ ਮੁਹਾਲੀ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸਣੇ ਕਾਂਗਰਸ ਦੇ 37 ਕੌਂਸਲਰ ਅਤੇ ਹੋਰ ਸਮਰਥਕ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇੱਕ ਤਰ੍ਹਾਂ ਨਾਲ ਮੁਹਾਲੀ ’ਚੋਂ ਕਾਂਗਰਸ ਦਾ ਲਗਪਗ ਸਫ਼ਾਇਆ ਹੋ ਗਿਆ ਹੈ, ਜਿਸ ਨੇ ਹੁਣ ਮੁਹਾਲੀ ਵਿੱਚ ਸਿਆਸੀ ਸਮੀਕਰਨ ਬਦਲ ਦਿੱਤੇ ਹਨ। ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਵੀ ਸਿੱਧੂ ਦੇ ਭਾਜਪਾ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵਿੱਚ ਜਾਣ ਦੇ ਚਰਚੇ ਪੂਰੇ ਜ਼ੋਰਾਂ ’ਤੇ ਸੀ, ਪਰ ਉਦੋਂ ਉਨ੍ਹਾਂ ਨੇ ਕਾਂਗਰਸ ਦੀ ਟਿਕਟ ’ਤੇ ਹੀ ਚੋਣ ਲੜਨ ਨੂੰ ਤਰਜੀਹ ਦਿੱਤੀ। ਹੁਣ ‘ਆਪ’ ਸਰਕਾਰ ਵੱਲੋਂ ਸੂਬੇ ਵਿੱਚ ਸ਼ਾਮਲਾਟ/ਪੰਚਾਇਤੀ ਜ਼ਮੀਨਾਂ ਨੂੰ ਖਾਲੀ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤੋਂ ਵੀ ਸਿੱਧੂ ਕਾਫ਼ੀ ਘਬਰਾਏ ਹੋਏ ਜਾਪਦੇ ਸਨ। ਸਿੱਧੂ ’ਤੇ ਸ਼ਾਮਲਾਟ ਜ਼ਮੀਨਾਂ ਦੱਬਣ ਦੇ ਵੀ ਦੋਸ਼ ਲਗਦੇ ਰਹੇ ਹਨ।
ਬਲਬੀਰ ਸਿੱਧੂ ਤੇ ਉਸ ਦਾ ਭਰਾ ਮੌਕਾਪ੍ਰਸਤ: ਕੁਲਵੰਤ ਸਿੰਘ
ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਬਲਬੀਰ ਸਿੱਧੂ ਤੇ ਉਸ ਦਾ ਭਰਾ ਜੀਤੀ ਸਿੱਧੂ ਮੌਕਾਪ੍ਰਸਤ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਨੂੰ ਆਪਣੀ ਮਾਂ ਪਾਰਟੀ ਦੱਸਦੇ ਸਨ, ਪਰ ਹੁਣ ਆਪਣੇ ਡਰ ਕਾਰਨ ਪਾਰਟੀ ਛੱਡ ਗਿਆ। ਉਨ੍ਹਾਂ ਮੇਅਰ ਜੀਤੀ ਸਿੱਧੂ ਤੋਂ ਇਖਲਾਕੀ ਤੌਰ ’ਤੇ ਮੇਅਰਸ਼ਿਪ ਤੋਂ ਅਸਤੀਫ਼ਾ ਮੰਗਿਆ। ਉਨ੍ਹਾਂ ਕਿਹਾ ਕਿ ਮੇਅਰ ਨੇ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਜਿੱਤ ਦਰਜ ਕੀਤੀ ਸੀ ਤੇ ਹੁਣ ਉਨ੍ਹਾਂ ਨੂੰ ਅਸਤੀਫ਼ਾ ਦੇ ਕੇ ਭਾਜਪਾ ਦੇ ਉਮੀਦਵਾਰ ਵਜੋਂ ਲੋਕ ਫ਼ਤਵਾ ਲੈਣਾ ਚਾਹੀਦਾ ਹੈ।