ਨਵੀਂ ਦਿੱਲੀ, 5 ਜੂਨ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦੱਸਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਪੁੱਛ ਪੜਤਾਲ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਰਚੀ ਸੀ। ਇਹ ਕਤਲ ਗੈਂਗ ਦੁਸ਼ਮਣੀ ਦਾ ਨਤੀਜਾ ਹੈੈ। ਬਿਸ਼ਨੋਈ ਸਪੈਸ਼ਲ ਸੈੱਲ ਦੀ ਹਿਰਾਸਤ ‘ਚ ਹੈ, ਜਿਸ ਦੀ ਮਿਆਦ ਐਤਵਾਰ ਨੂੰ ਖਤਮ ਹੋ ਰਹੀ ਹੈ ਅਤੇ ਪੁਲੀਸ ਰਿਮਾਂਡ ‘ਚ ਵਾਧੇ ਦੀ ਮੰਗ ਕਰ ਸਕਦੀ ਹੈ। ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਬਰਾੜ ਦੇ ਸਾਥੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੂਸੇਵਾਲਾ ਕਤਲ ਕੇਸ ਵਿੱਚ ਹਿਰਾਸਤ ਵਿੱਚ ਲਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਬਿਸ਼ਨੋਈ ਨੇ ਵੀ ਮੂਸੇਵਾਲਾ ਦੇ ਕਤਲ ਪਿੱਛੇ ਬਰਾੜ ਦਾ ਨਾਂ ਲਿਆ ਹੈ। ਬਿਸ਼ਨੋਈ ਨੇ ਪੁੱਛ ਪੜਤਾਲ ਕਰਨ ਵਾਲਿਆਂ ਨੂੰ ਦੱਸਿਆ ਕਿ ਮੂਸੇਵਾਲਾ ਉਨ੍ਹਾਂ ਦੇ ਗੈਂਗ ਖ਼ਿਲਾਫ਼ ਸਾਜ਼ਿਸ਼ ਰਚਣ ‘ਚ ਸ਼ਾਮਲ ਸੀ ਅਤੇ ਇਸ ਲਈ ਉਹ ਉਸ ਨੂੰ ਮਾਰਨਾ ਚਾਹੁੰਦੇ ਸਨ। ਮੂਸੇਵਾਲਾ ਦਾ ਨਾਮ ਸਾਡੇ ਭਰਾ ਵਿਕਰਮਜੀਤ ਸਿੰਘ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਵਿੱਚ ਆਇਆ ਸੀ ਪਰ ਪੰਜਾਬ ਪੁਲੀਸ ਨੇ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਮੂਸੇਵਾਲਾ ਸਾਡੇ ਸਾਥੀ ਅੰਕਿਤ ਭਾਦੂ ਦੇ ਮੁਕਾਬਲੇਰ ਵਿੱਚ ਵੀ ਸ਼ਾਮਲ ਸੀ। ਉਸ ਨੇ ਸਾਡੇ ਖਿਲਾਫ ਕਈ ਸਾਜ਼ਿਸ਼ਾਂ ਰਚੀਆਂ। ਗੋਲਡੀ ਬਰਾੜ ਇਸ ਸਭ ਤੋਂ ਨਾਰਾਜ਼ ਸੀ ਅਤੇ ਉਹ ਬਦਲਾ ਲੈਣਾ ਚਾਹੁੰਦਾ ਸੀ। ਬਿਸ਼ਨੋਈ ਨੇ ਇਹ ਨਹੀਂ ਦੱਸਿਆ ਕਿ ਮੂਸੇਵਾਲਾ ਨੂੰ ਕਿਸ ਨੇ ਗੋਲੀਆਂ ਮਾਰੀਆਂ।