ਨਵੀਂ ਦਿੱਲੀ, 2 ਜੂਨ
ਜੰਗ ਦੇ ਝੰਬੇ ਅਫ਼ਗਾਨਿਸਤਾਨ ਨੂੰ ਨਵੀਂ ਦਿੱਲੀ ਵੱਲੋਂ ਮਾਨਵੀ ਆਧਾਰ ’ਤੇ ਭੇਜੀ ਸਹਾਇਤਾ ਦੀ ਨਿਗਰਾਨੀ ਲਈ ਸੀਨੀਅਰ ਕੂਟਨੀਤਕ ਦੀ ਅਗਵਾਈ ਵਿੱਚ ਭਾਰਤੀ ਟੀਮ ਇਸ ਵੇਲੇ ਕਾਬੁਲ ਦੇ ਦੌਰੇ ’ਤੇ ਹੈ। ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ’ਤੇ ਕਬਜ਼ੇ ਮਗਰੋਂ ਭਾਰਤ ਦੀ ਇਹ ਪਲੇਠੀ ਉੱਚ ਪੱਧਰੀ ਫੇਰੀ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਮੰਤਰਾਲੇ ’ਚ ਜੁੁਆਇੰਟ ਸਕੱਤਰ (ਪੀਏਆਈ) ਜੇ.ਪੀ.ਸਿੰਘ ਦੀ ਅਗਵਾਈ ਵਾਲੀ ਟੀਮ ਇਸ ਵੇਲੇ ਕਾਬੁਲ ਦੇ ਦੌਰੇ ’ਤੇ ਹੈ, ਤਾਂ ਕਿ ਅਫ਼ਗ਼ਾਨਿਸਤਾਨ ਨੂੰ ਮਾਨਵੀ ਆਧਾਰ ’ਤੇ ਭੇਜੀ ਮਦਦ ਦੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਸਕੇ।’’ ਮੰਤਰਾਲੇ ਨੇ ਕਿਹਾ ਕਿ ਟੀਮ, ਭਾਰਤ ਵੱਲੋਂ ਭੇਜੀ ਸਹਾਇਤਾ ਦੀ ਵੰਡ ਦੇ ਅਮਲ ਵਿੱਚ ਸ਼ਾਮਲ ਕੌਮਾਂਤਰੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੀ ਮਿਲੇਗੀ। ਭਾਰਤ ਮਾਨਵੀ ਸਹਾਇਤਾ ਵਜੋਂ ਅਫ਼ਗਾਨਿਸਤਾਨ ਨੂੰ 20 ਹਜ਼ਾਰ ਮੀਟਰਿਕ ਟਨ ਕਣਕ, 13 ਟਨ ਦਵਾਈਆਂ, ਕੋਵਿਡ-19 ਵੈਕਸੀਨ ਦੀਆਂ 5 ਲੱਖ ਖੁਰਾਕਾਂ ਤੇ ਸਰਦੀਆਂ ਦੇ ਕੱਪੜੇ ਭੇਜ ਚੁੱਕਾ ਹੈ। -ਪੀਟੀਆਈ