ਪੱਤਰ ਪ੍ਰੇਰਕ
ਸਾਦਿਕ, 2 ਜੂਨ
ਪਿੰਡ ਦੀਪ ਸਿੰਘ ਵਾਲਾ ਕੋਲੋਂ ਲੰਘਦੀ ਗੰਗ ਨਹਿਰ ਵਿੱਚ ਦੋ ਜਣੇ ਡੁੱਬ ਗਏ। ਪਿੰਡ ਵਾਸੀਆਂ ਅਨੁਸਾਰ ਸਾਬਕਾ ਫ਼ੌਜੀ ਮਨਿੰਦਰ ਸਿੰਘ ਵਾਸੀ ਕੋਟਕਪੂਰਾ ਫ਼ੌਜ ਦੀ ਭਰਤੀ ਦੇ ਮੱਦੇਨਜ਼ਰ ਪਿੰਡ ਦੀਪ ਸਿੰਘ ਵਾਲਾ ਵਿੱਚ ਕੈਂਪ ਲਗਾ ਕੇ ਤੈਰਨ ਦੀ ਸਿਖਲਾਈ ਦਿੰਦਾ ਸੀ, ਜਿੱਥੇ ਵੱਖ-ਵੱਖ ਪਿੰਡਾਂ ਤੋਂ ਨੌਜਵਾਨ ਤੈਰਾਕੀ ਸਿੱਖਣ ਲਈ ਆਉਂਦੇ ਸਨ। ਇਸ ਦੌਰਾਨ ਨੌਜਵਾਨ ਅਰਸ਼ ਉਰਫ ਲਾਡੀ ਪੁੱਤਰ ਗੁਰਮੇਲ ਸਿੰਘ ਵਾਸੀ ਦੀਪ ਸਿੰਘ ਵਾਲਾ ਸੰਤੁਲਨ ਗਵਾ ਬੈਠਿਆ ਅਤੇ ਡੁੱਬਣ ਲੱਗਿਆ, ਜਿਸ ਨੂੰ ਬਚਾਉਣ ਲਈ ਕੋਚ ਮਨਿੰਦਰ ਸਿੰਘ ਨੇ ਵੀ ਪਾਣੀ ਵਿੱਚ ਛਾਲ ਮਾਰ ਦਿੱਤੀ। ਨੌਜਵਾਨ ਨੇ ਕੋਚ ਨੂੰ ਕਲਾਵੇ ਵਿੱਚ ਲੈ ਲਿਆ, ਜਿਸ ਕਾਰਨ ਉਹ ਵੀ ਤੈਰਨ ਤੋਂ ਅਸਮਰੱਥ ਹੋ ਗਿਆ ਅਤੇ ਪਾਣੀ ਵਿੱਚ ਡੁੱਬ ਗਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਕੋਚ ਮਨਿੰਦਰ ਸਿੰਘ ਦੀ ਲਾਸ਼ ਨੂੰ ਪਾਣੀ ਵਿੱਚੋਂ ਕੱਢਿਆ ਅਤੇ ਅਰਸ਼ ਦੀ ਭਾਲ ਜਾਰੀ ਹੈ। ਸੂਚਨਾ ਮਿਲਦਿਆਂ ਹੀ ਸਾਦਿਕ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਸੀ।