33.9 C
Patiāla
Sunday, October 6, 2024

ਨਿਯੁਕਤੀ ਪੱਤਰਾਂ ਲਈ ਟੈਂਕੀ ’ਤੇ ਚੜ੍ਹੀਆਂ ਸੱਤ ਕੁੜੀਆਂ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 1 ਜੂਨ

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪਿਛਲੇ ਲਗਪਗ ਤਿੰਨ ਹਫ਼ਤਿਆਂ ਤੋਂ ਪੱਕੇ ਮੋਰਚੇ ’ਤੇ ਬੈਠੇ ਪੰਜਾਬ ਪੁਲੀਸ ਭਰਤੀ-2016 ਦੇ ਉਮੀਦਵਾਰਾਂ ਵਿੱਚੋਂ ਸੱਤ ਲੜਕੀਆਂ ਅੱਜ ਸਥਾਨਕ ਹਰੀਪੁਰਾ ਰੋਡ ਸਥਿਤ ਸੌ ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ ਚੜ੍ਹ ਗਈਆਂ। ਉਨ੍ਹਾਂ ਸਰਕਾਰ ਦੇ ਲਾਪ੍ਰਵਾਹੀ ਵਾਲੇ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ 2016  ਤੋਂ ਲਟਕ ਰਹੀ ਪੰਜਾਬ ਪੁਲੀਸ ’ਚ ਭਰਤੀ ਪ੍ਰਕਿਰਿਆ ਮੁਕੰਮਲ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਕਰ ਰਹੇ ਹਨ। ਇਹ ਦੂਜੀ ਵਾਰ ਹੈ, ਜਦੋਂ ਆਪਣੀ ਮੰਗ ਦੇ ਹੱਕ ਵਿੱਚ ਪੁਲੀਸ ਭਰਤੀ ਉਮੀਦਵਾਰ ਟੈਂਕੀ  ’ਤੇ ਚੜ੍ਹੇ ਹਨ। 

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੀ ਕੋਠੀ ਅੱਗੇ ਤਿੰਨ ਹਫ਼ਤਿਆਂ ਤੋਂ ਪੱਕੇ ਮੋਰਚੇ ’ਤੇ ਬੈਠੇ ਉਮੀਦਵਾਰਾਂ ’ਚ ਸ਼ਾਮਲ ਹਰਪ੍ਰੀਤ ਕੌਰ ਬਠਿੰਡਾ, ਬਿਮਲਾ ਬਾਈ ਫਾਜ਼ਿਲਕਾ, ਸਰਬਜੀਤ ਕੌਰ ਮੋਗਾ, ਹਰਦੀਪ ਕੌਰ ਅਬੋਹਰ, ਮਨਪ੍ਰੀਤ ਕੌਰ ਗੁਰਦਾਸਪੁਰ, ਕੁਲਦੀਪ ਕੌਰ ਫਾਜ਼ਿਲਕਾ ਤੇ ਮਨਜੀਤ ਕੌਰ ਫਿਰੋਜ਼ਪੁਰ ਅੱਜ ਸਵੇਰੇ ਹੀ ਟੈਂਕੀ ’ਤੇ ਜਾ ਚੜ੍ਹੀਆਂ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ, ਸੰਘਰਸ਼ ਜਾਰੀ ਰਹੇਗਾ। ਟੈਂਕੀ ਹੇਠਾਂ ਧਰਨੇ ’ਤੇ ਬੈਠੇ ਉਮੀਦਵਾਰਾਂ ’ਚੋਂ ਜਗਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ 31 ਮਈ 2016 ਨੂੰ ਪੰਜਾਬ ਪੁਲੀਸ ਵਿੱਚ 7416  ਸਿਪਾਹੀਆਂ ਦੀ ਭਰਤੀ ਕੱਢੀ ਗਈ ਸੀ ਤੇ 17 ਵਿੱਚ ਉਮੀਦਵਾਰਾਂ ਨੂੰ ਵੈਰੀਫਿਕੇਸ਼ਨ ਲਈ ਵੀ ਬੁਲਾਇਆ ਗਿਆ ਸੀ, ਪਰ ਹਾਲੇ ਤੱਕ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਮੀਦਵਾਰਾਂ ਦੀ ਗਿਣਤੀ 550 ਹੈ। 

ਬੀਤੀ 22 ਮਾਰਚ ਨੂੰ ਭਰਤੀ ਉਮੀਦਵਾਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਸ਼ੁਰੂ ਕੀਤਾ ਸੀ ਤੇ 29 ਮਾਰਚ ਨੂੰ ਅੱਠ ਉਮੀਦਵਾਰ ਪਾਣੀ ਵਾਲੀ ਇਸੇ ਟੈਂਕੀ ’ਤੇ ਚੜ੍ਹੇ ਸਨ, ਜੋ 3 ਅਪਰੈਲ ਨੂੰ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਦੇ ਭਰੋਸੇ ਮਗਰੋਂ ਹੇਠਾਂ ਉਤਰ ਆਏ ਸਨ। ਇਸ ਮਗਰੋਂ 9 ਅਪਰੈਲ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਇੱਕ ਮਹੀਨੇ ’ਚ ਮਸਲਾ ਹੱਲ ਕੀਤਾ ਜਾਵੇਗਾ, ਪਰ ਹਾਲੇ ਤੱਕ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਹ ਅੱਜ ਮੁੜ ਟੈਂਕੀ ’ਤੇ ਚੜ੍ਹੇ ਹਨ। ਭਰਤੀ ਉਮੀਦਵਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟੈਂਕੀ ’ਤੇ ਚੜ੍ਹੀ ਕਿਸੇ ਵੀ ਲੜਕੀ ਦਾ ਨੁਕਸਾਨ ਹੋਇਆ ਤਾਂ ਸਰਕਾਰ ਜ਼ਿੰਮੇਵਾਰ ਹੋਵੇਗੀ।

ਡਿੱਪੂ ਹੋਲਡਰਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਧਰਨਾ

ਸੰਗਰੂਰ ’ਚ ਆਵਾਜਾਈ ਠੱਪ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਡਿੱਪੂ ਹੋਲਡਰ। -ਫੋਟੋ: ਲਾਲੀ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਰਾਸ਼ਨ ਡਿੱਪੂ ਹੋਲਡਰ ਫੈੱਡਰੇਸ਼ਨ ਆਫ਼ ਪੰਜਾਬ ਦੀ ਅਗਵਾਈ ਹੇਠ ਅੱਜ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਪੁੱਜੇ ਡਿੱਪੂ ਹੋਲਡਰਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਢਾਈ ਘੰਟੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਡਿੱਪੂ ਹੋਲਡਰਾਂ ਨੇ ਇਥੇ ਦਿੱਲੀ-ਲੁਧਿਆਣਾ ਹਾਈਵੇਅ ਸਥਿਤ ਮੁੱਖ ਚੌਕ ਵਿੱਚ ਸਾਰੀਆਂ ਸੜਕਾਂ ’ਤੇ ਆਵਾਜਾਈ ਠੱਪ ਕਰਦਿਆਂ ਕਰੀਬ ਚਾਰ ਘੰਟੇ ਧਰਨਾ ਦਿੱਤਾ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਣਕ ਦੀ ਥਾਂ ਆਟਾ ਦੇਣ ਦੀ ਤਿਆਰ ਕੀਤੀ ਤਜਵੀਜ਼ ਗ਼ਲਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਤਜਵੀਜ਼ ਰੱਦ ਨਾ ਕੀਤੀ ਗਈ ਤਾਂ ਸਮੂਹ ਡਿੱਪੂ ਹੋਲਡਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜ੍ਹਕਾਉਣਗੇ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਤੇ ਡੀਐੱਸਪੀ ਨੇ ਧਰਨੇ ਵਾਲੀ ਥਾਂ ਪਹੁੰਚ ਕੇ ਧਰਨਾਕਾਰੀਆਂ ਨੂੰ ਲਿਖਤੀ ਭਰੋਸਾ ਦਿੱਤਾ ਕਿ 8 ਜੂਨ ਨੂੰ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ, ਜਿਸ ਮਗਰੋਂ ਡਿਪੂ ਹੋਲਡਰਾਂ ਨੇ ਧਰਨਾ ਸਮਾਪਤ ਕਰ ਦਿੱਤਾ। 





News Source link

- Advertisement -

More articles

- Advertisement -

Latest article