ਹਰਜੀਤ ਅਟਵਾਲ
ਹਰ ਜਨਰਲ ਸਟੋਰ ਵਿੱਚ ਚਾਕਲੇਟਾਂ ਦਾ ਇੱਕ ਅਲੱਗ ਭਾਗ ਬਣਿਆ ਹੁੰਦਾ ਹੈ ਜੋ ਉਸ ਦੀ ਵਪਾਰ ਦੀ ਆਮਦਨ ਵਿੱਚ ਇੱਕ ਵੱਡਾ ਹਿੱਸਾ ਪਾਉਂਦਾ ਹੈ। ਬੱਚੇ ਤੋਂ ਲੈ ਕੇ ਬੁੱਢੇ ਤੱਕ ਖੁਸ਼ ਹੋ ਕੇ ਚਾਕਲੇਟ ਬਾਰ ਖਰੀਦਦੇ ਹਨ। ਚਾਕਲੇਟ ਬਾਰ ਤੋਂ ਬਿਨਾਂ ਹੋਰ ਵੀ ਕਈ ਬਣਤਰਾਂ ਜਾਂ ਰੂਪਾਂ ਵਿੱਚ ਮਿਲਦੇ ਹਨ। ਮੈਂ ਭਾਰਤ ਵਿੱਚ ਚਾਕਲੇਟ ਨਹੀਂ ਸਨ ਦੇਖੇ, ਇਸ ਲਈ ਇਸ ਦੇ ਸਵਾਦ ਦਾ ਵੀ ਨਹੀਂ ਸੀ ਪਤਾ। ਜਦੋਂ ਇੱਕ ਵਾਰ ਟੌਫੀਆਂ ਦੇ ਭੁਲੇਖੇ ਖਾ ਬੈਠਾ ਤਾਂ ਮੂੰਹ ਦਾ ਸਵਾਦ ਖਰਾਬ ਹੋ ਗਿਆ।
ਉਮਰ ਦਾ ਵੱਡਾ ਹਿੱਸਾ ਜਨਰਲ ਸਟੋਰ ਚਲਾਉਣ ਕਾਰਨ ਮੈਂ ਅਨੇਕ ਤਰ੍ਹਾਂ ਦੇ ਚਾਕਲੇਟਾਂ ਤੋਂ ਤੇ ਇਸ ਦੀਆਂ ਕੰਪਨੀਆਂ ਤੋਂ ਜਾਣੂ ਰਿਹਾ ਹਾਂ। ਕੋਈ ਨਵਾਂ ਚਾਕਲੇਟ ਮਾਰਕੀਟ ਵਿੱਚ ਆਉਂਦਾ ਤਾਂ ਇਹ ਬਹੁਤ ਵਿਕਦਾ। ਮੈਂ ਅੱਜ ਤੱਕ ਨਹੀਂ ਸਮਝ ਸਕਿਆ ਕਿ ਇਸ ਦੇ ਸਵਾਦ ਵਿੱਚ ਅਜਿਹੀ ਕਿਹੜੀ ਚੀਜ਼ ਹੈ ਜਿਸ ਲਈ ਲੋਕ ਪਾਗਲ ਹੋ ਜਾਂਦੇ ਹਨ। ਇਸ ਦੇ ਸਵਾਦ ਤੋਂ ਪਹਿਲਾਂ ਮੈਂ ਇਹ ਸੋਚਦਾ ਸੀ ਕਿ ਇਹ ਬਣਦਾ ਕਿਸ ਚੀਜ਼ ਤੋਂ ਹੈ?
ਕੋਕੋ ਸ਼ਬਦ ਦੱਖਣੀ ਅਮਰੀਕਾ ਦੇ ਕਬੀਲੇ ਮਾਇਆ ਦੀ ਬੋਲੀ ਤੋਂ ਆਇਆ ਹੈ। ਚਾਕਲੇਟ ਵੀ ਉੱਥੋਂ ਦੇ ਸ਼ਬਦ ‘ਐਕਸੋਟਲ’ ਤੋਂ ਨਿਕਲਿਆ ਹੈ ਜਿਸ ਦੇ ਅਰਥ ਹਨ ਕੁਸੈਲਾ ਪਾਣੀ। ਕੋਕੋ ਦਾਣਿਆਂ ਦਾ ਸਵਾਦ ਬਹੁਤ ਕੁਸੈਲਾ ਹੁੰਦਾ ਹੈ। ਇਸ ਦੇ ਦਰੱਖਤ ਨੂੰ ਕੋਕੋ ਟ੍ਰੀ ਜਾਂ ਥਿਓਬਰੋਮਾ ਕੋਕੋ ਆਖਦੇ ਹਨ। ਇਹ ਵੀਹ-ਪੱਚੀ ਫੁੱਟ ਉੱਚਾ ਹੁੰਦਾ ਹੈ ਤੇ ਇਹ ਸਦਾ ਬਹਾਰ ਦਰੱਖਤ ਹੈ। ਇਹ ਪੰਜ ਸਾਲ ਵਿੱਚ ਫ਼ਲ ਦੇਣ ਦੇ ਕਾਬਲ ਹੋ ਜਾਂਦਾ ਹੈ। ਆਮ ਤੌਰ ‘ਤੇ ਤਿੰਨ ਤਰ੍ਹਾਂ ਦਾ ਕੋਕੋ ਫਲ ਚਾਕਲੇਟ ਬਣਾਉਣ ਦੇ ਕੰਮ ਆਉਂਦਾ ਹੈ- ਕਰਿਓਲੋ, ਫੌਰਾਸਟਰੋ ਤੇ ਟਰਿਨੀਟੈਰੀਓ। ਇਸ ਨੂੰ ਰਗਬੀ ਦੀ ਬਾਲ ਵਰਗਾ ਅੱਧੇ ਕੁ ਕਿੱਲੋ ਦਾ ਪੀਲੇ ਜਾਂ ਸੰਤਰੀ ਰੰਗ ਦਾ ਕੋਕੋ ਫਲ ਲੱਗਦਾ ਹੈ। ਕੋਕੋ ਫਲ ਟਾਹਣੀਆਂ ਨੂੰ ਨਾ ਲੱਗ ਕੇ ਤਣੇ ਨੂੰ ਲੱਗਦਾ ਹੈ। ਇਸ ਫ਼ਲ ਦਾ ਆਰੰਭ ਚਿੱਟੇ ਫੁੱਲ ਤੋਂ ਹੁੰਦਾ ਹੈ। ਇਸ ਫ਼ਲ ਨੂੰ ਢਾਂਗੀ ਜਾਂ ਮਚੇਟ ਨਾਂ ਦੇ ਤਿੱਖੇ ਹਥਿਆਰ ਨਾਲ ਦਰੱਖਤ ਤੋਂ ਲਾਹੁੰਦੇ ਹਨ। ਇਸ ਦੀ ਛਿੱਲ ਬਹੁਤ ਸਖ਼ਤ ਹੁੰਦੀ ਹੈ। ਇਸ ਦੇ ਅੰਦਰ ਕੋਕ ਬੀਨਜ਼ ਜਾਂ ਕੋਕੋ ਦਾਣੇ ਹੁੰਦੇ ਹਨ। ਇੱਕ ਕੋਕੋ ਫ਼ਲ ਵਿੱਚ ਵਿੱਚ ਪੱਚੀ ਤੋਂ ਪੰਜਾਹ ਤੱਕ ਕੋਕੋ ਦਾਣੇ ਹੋ ਸਕਦੇ ਹਨ। ਇਹ ਖਰਬੂਜ਼ੇ ਦੇ ਬੀਜਾਂ ਵਾਂਗ ਚਿੱਟੀ ਲੇਸ ਵਿੱਚ ਜੁੜੇ ਹੁੰਦੇ ਹਨ। ਇਨ੍ਹਾਂ ਨੂੰ ਹਫ਼ਤਾ ਕੁ ਬੰਦ ਜਗ੍ਹਾ ਰੱਖਿਆ ਜਾਂਦਾ ਹੈ ਤਾਂ ਜੋ ਇਸ ਦੀ ਲੇਸ ਸੁੱਕ ਜਾਵੇ ਤੇ ਫਿਰ ਇਨ੍ਹਾਂ ਨੂੰ ਪਾਣੀ ਵਿੱਚ ਧੋ ਕੇ ਧੁੱਪ ਵਿੱਚ ਸੁਕਾ ਲਿਆ ਜਾਂਦਾ ਹੈ। ਇਹ ਸੁੱਕਾ ਮੇਵਾ ਹੈ ਜਿਸ ਨੂੰ ਦੇਰ ਤੱਕ ਸਾਂਭਿਆ ਜਾ ਸਕਦਾ ਹੈ। ਕੋਕੋ ਬੀਨਜ਼ ਨੂੰ ਭੱਠੀ ‘ਤੇ ਚਾੜ੍ਹ ਕੇ ਰਾੜ੍ਹਿਆ ਜਾਂਦਾ ਹੈ ਤੇ ਫਿਰ ਇਨ੍ਹਾਂ ਨੂੰ ਪੀਹ ਕੇ ਜਾਂ ਕੁੱਟ ਕੇ ਆਟਾ ਬਣਾ ਲਿਆ ਜਾਂਦਾ ਹੈ। ਉਹੀ ਆਟਾ ਜਾਂ ਪਾਊਡਰ ਚਾਕਲੇਟ ਹੈ। ਚਾਰ ਸੌ ਕੋਕੋ ਦਾਣਿਆਂ ਦਾ ਅੱਧਾ ਕਿਲੋ ਚਾਕਲੇਟ ਬਣਦਾ ਹੈ। ਇਸ ਨੂੰ ਪਾਣੀ ਵਿੱਚ ਘੋਲ਼ ਕੇ ਪੀਤਾ ਜਾਂਦਾ ਹੈ। ਇਸ ਨੂੰ ਤਰਲ ਰੂਪ ਵਿੱਚ ਹੀ ਵਰਤਿਆ ਜਾਂਦਾ ਸੀ। ਇਸ ਦੇ ਕੁਸੈਲੇਪਣ ਨੂੰ ਘੱਟ ਕਰਨ ਲਈ ਜਾਂ ਸਵਾਦ ਭਰਨ ਲਈ ਇਸ ਵਿੱਚ ਮਸਾਲੇ ਪਾ ਲਏ ਜਾਂਦੇ ਸਨ। ਇਸ ਨੂੰ ਰੱਬ ਦੀ ਦਾਤ ਮੰਨਿਆਂ ਜਾਂਦਾ ਸੀ। ਦੱਖਣੀ ਅਮਰੀਕਾ ਦੇ ਲੋਕ ਯੁੱਧ ਨੂੰ ਜਾਣ ਤੋਂ ਪਹਿਲਾਂ ਇਸ ਨੂੰ ਪੀ ਕੇ ਜਾਇਆ ਕਰਦੇ ਸਨ। ਇਹ ਸੌ ਬਿਮਾਰੀਆਂ ਦਾ ਇਲਾਜ ਮੰਨਿਆ ਜਾਂਦਾ ਹੈ। ਇਹ ਆਪਣੇ-ਆਪ ਵਿੱਚ ਸੰਪੂਰਨ ਭੋਜਨ ਵੀ ਹੈ। ਇੱਕ ਮਿੱਥ ਮੁਤਾਬਕ ਇਹ ਭੋਜਨ ਦੇਵਤਿਆਂ ਲਈ ਰਾਖਵਾਂ ਸੀ, ਪਰ ਇੱਕ ਦੇਵਤੇ ਨੇ ਇਸ ਨੂੰ ਮਨੁੱਖ ਨਾਲ ਸਾਂਝਾ ਕਰ ਲਿਆ ਸੀ ਜਿਸ ਕਾਰਨ ਦੇਵਤਿਆਂ ਨੇ ਉਸ ਨੂੰ ਆਪਣੀ ਬਰਾਦਰੀ ਵਿੱਚੋਂ ਕੱਢ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਕੋਕੋ ਦਾਣਿਆਂ ਦਾ ਇਤਿਹਾਸ ਮਨੁੱਖ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਮੈਕਸੀਕੋ ਦੇ ਤੱਟ ‘ਤੇ ਪੰਜ ਹਜ਼ਾਰ ਸਾਲ ਪੁਰਾਣਾ ਜਹਾਜ਼ ਮਿਲਿਆ ਸੀ ਜਿਸ ਵਿੱਚ ਕੋਕੋ ਦਾਣੇ ਹੋਣ ਦੇ ਨਿਸ਼ਾਨ ਮਿਲੇ ਸਨ। ਵੈਸੇ ਵੀ ਦੱਖਣੀ ਅਮਰੀਕਾ ਦੀਆਂ ਥੇਹਾਂ ਵਿੱਚ ਵੀ ਚਾਕਲੇਟ ਵਰਤੇ ਜਾਣ ਦੇ ਸਬੂਤ ਮਿਲੇ ਹਨ।
ਕੋਕੋ ਟ੍ਰੀ ਕੋਈ ਆਮ ਦਰੱਖਤ ਨਹੀਂ ਹੈ। ਪੰਦਰਾਂ ਡਿਗਰੀ ਸੈਂਟੀਗਰੇਡ ਦੇ ਤਾਪਮਾਨ ਤੋਂ ਹੇਠਾਂ ਇਹ ਨਹੀਂ ਹੋ ਸਕਦਾ, ਇਸ ਲਈ ਭਾਰਤ ਵਿੱਚ ਇਸ ਦੇ ਹੋਣ ਦੇ ਮੌਕੇ ਬਹੁਤ ਘੱਟ ਹਨ। ਇਸ ਨੂੰ ਪ੍ਰਫੁੱਲਤ ਹੋਣ ਲਈ 21 ਤੋਂ 30 ਡਿਗਰੀ ਸੈਂਟੀਗਰੇਡ ਦੇ ਤਾਪਮਾਨ ਦੀ ਲੋੜ ਹੈ। ਇਸ ਨੂੰ ਕਾਫ਼ੀ ਸਾਰਾ ਮੀਂਹ ਚਾਹੀਦਾ ਹੈ, ਇਸ ਲਈ ਇਹ ਭੂ-ਮੱਧ ਰੇਖਾ ਦੇ ਆਲੇ-ਦੁਆਲੇ ਹੀ ਹੁੰਦਾ ਹੈ। ਪਰ ਚਾਹ ਦੇ ਬੂਟਿਆਂ ਵਾਂਗ ਇਹ ਦਰੱਖਤ ਵੀ ਆਪਣੀਆਂ ਜੜ੍ਹਾਂ ਵਿੱਚ ਪਾਣੀ ਨੂੰ ਬਹੁਤੀ ਦੇਰ ਪਸੰਦ ਨਹੀਂ ਕਰਦਾ। ਇਹ ਦੱਖਣੀ ਅਮਰੀਕਾ ਤੇ ਪੱਛਮੀ ਅਫ਼ਰੀਕਾ ਵਿੱਚ ਹੁੰਦਾ ਸੀ। ਅੱਜ ਵੀ ਚਾਕਲੇਟ ਦੀ ਸੱਠ ਫੀਸਦੀ ਸਪਲਾਈ ਇਨ੍ਹਾਂ ਮੁਲਕਾਂ ਵਿੱਚੋਂ ਹੀ ਆਉਂਦੀ ਹੈ। ਜਦੋਂ ਕੁ ਤੋਂ ਇੰਗਲੈਂਡ, ਫਰਾਂਸ, ਹਾਲੈਂਡ, ਸਪੇਨ ਵਰਗੇ ਮੁਲਕਾਂ ਨੇ ਅਫ਼ਰੀਕਾ ਤੇ ਦੱਖਣੀ ਅਮਰੀਕਾ ਵਿੱਚ ਕਾਲੋਨੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਇਸ ਦਰੱਖਤ ਦੇ ਗੁਣ ਦੇਖ ਕੇ ਇਸ ਦੀ ਖੇਤੀ ਵਧਾ ਦਿੱਤੀ, ਨਹੀਂ ਤਾਂ ਇਹ ਦਰੱਖਤ ਬਹੁਤ ਦੁਰਲੱਭ ਹੁੰਦਾ ਸੀ। ਉਸ ਵੇਲੇ ਇਹ ਏਨਾ ਦੁਰਲੱਭ ਸੀ ਕਿ ਇਸ ਤੱਕ ਪਹੁੰਚ ਅਮੀਰ ਲੋਕਾਂ ਦੀ ਹੀ ਸੀ। ਗਰੀਬ ਲੋਕ ਕੋਕੋ ਬੀਨਜ਼ ਨੂੰ ਟੈਕਸ ਦੇਣ ਲਈ ਵੀ ਵਰਤਦੇ ਸਨ। ਇੱਥੇ ਹੀ ਬਸ ਨਹੀਂ, ਕੋਕੋ ਬੀਨਜ਼ ਨੂੰ ਲੈਣ-ਦੇਣ ਦੀ ਕਰੰਸੀ ਵਜੋਂ ਵੀ ਵਰਤਿਆ ਜਾਂਦਾ ਸੀ, ਜਿਵੇਂ ਕਿ ਟਰਕੀ (ਖਾਧ-ਪੰਛੀ) ਦੀ ਕੀਮਤ ਸੌ ਕੋਕੋ ਬੀਨਜ਼ ਤੇ ਐਵੋਕੈਡੋ (ਖਾਸ-ਫ਼ਲ) ਦੀ ਕੀਮਤ ਤਿੰਨ ਕੋਕੋ ਬੀਨਜ਼। ਸਪੈਨਿਸ਼ ਮਿਸ਼ਨਰੀ ਐਕੌਸਟਾ ਸੋਲਵੀਂ ਸਦੀ ਵਿੱਚ ਇਸਾਈ ਧਰਮ ਫੈਲਾਉਣ ਲਈ ਪੇਰੂ ਤੇ ਮੈਕਸੀਕੋ ਗਿਆ ਸੀ। ਉੱਥੇ ਜਾ ਕੇ ਉਹ ਕੋਕੋ ਬੀਨਜ਼ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਇਆ। ਉਹ ਲਿਖਦਾ ਹੈ, ”ਭਾਵੇਂ ਕੇਲਾ ਇੱਥੇ ਦੀ ਲਾਭਦਾਇਕ ਚੀਜ਼ ਹੈ, ਪਰ ਕੋਕੋ ਬੀਨਜ਼ ਬਹੁਤ ਅਹਿਮ ਹੈ। ਬਦਾਮ ਨਾਲੋਂ ਛੋਟਾ ਇਹ ਮੇਵਾ ਰੱਬ ਵੱਲੋਂ ਭੇਜਿਆ ਤੋਹਫਾ ਹੈ। ਇਹ ਲੰਮੇ ਸਮੇਂ ਤੱਕ ਖਰਾਬ ਨਹੀਂ ਹੁੰਦਾ। ਗੁਆਟੇਮਾਲਾ ਤੋਂ ਜਹਾਜ਼ਾਂ ਵਿੱਚ ਲਿਆਂਦਾ ਜਾਂਦਾ ਹੈ। ਇਸ ਨੂੰ ਕਰੰਸੀ ਵਜੋਂ ਵੀ ਵਰਤਿਆ ਜਾਂਦਾ ਹੈ, ਪੰਜ ਕੋਕੋ ਬੀਨਜ਼ ਦੀ ਇੱਕ ਛੋਟੀ ਚੀਜ਼, ਤੀਹ ਬੀਨਜ਼ ਦੀ ਹੋਰ ਵੱਡੀ ਤੇ ਸੌ ਬੀਨਜ਼ ਦੀ ਉਸ ਤੋਂ ਵੀ ਮਹਿੰਗੀ ਸ਼ੈਅ ਖਰੀਦੀ ਜਾ ਸਕਦੀ ਹੈ।”
1502 ਵਿੱਚ ਕੋਲੰਬਸ ਜਦੋਂ ਆਪਣੇ ਚੌਥੇ ਸਫ਼ਰ ‘ਤੇ ਦੱਖਣੀ ਅਮਰੀਕਾ ਗਿਆ ਤਾਂ ਉਸ ਨੇ ਪਹਿਲੀ ਵਾਰ ਕੋਕੋ ਬੀਨਜ਼ ਦੇਖੇ। ਉਸ ਨੇ ਉੱਥੋਂ ਦੇ ਮਾਇਆ ਕਬੀਲੇ ਦੇ ਇੱਕ ਜਹਾਜ਼ ਉੱਪਰ ਹਮਲਾ ਕਰ ਕੇ ਕਬਜ਼ਾ ਕਰ ਲਿਆ। ਉਸ ਜਹਾਜ਼ ਵਿੱਚ ਕੋਕੋ ਬੀਨਜ਼ ਸਨ। ਕੋਲੰਬਸ ਮੁਤਾਬਕ, ”ਜਦੋਂ ਵੀ ਕੋਕੋ ਬੀਨਜ਼ ਹੇਠਾਂ ਡਿੱਗਦੇ ਸਨ ਤਾਂ ਉਨ੍ਹਾਂ ਨੂੰ ਬਹੁਤ ਦੁੱਖ ਲੱਗਦਾ ਜਿਵੇਂ ਉਨ੍ਹਾਂ ਦੀਆਂ ਅੱਖਾਂ ਹੀ ਡਿੱਗ ਪਈਆਂ ਹੋਣ।” ਕੋਲੰਬਸ ਵਾਪਸ ਮੁੜਦਾ ਆਪਣੇ ਨਾਲ ਵਾਹਵਾ ਸਾਰੇ ਕੋਕੋ ਬੀਨਜ਼ ਲੈ ਕੇ ਆਇਆ, ਪਰ ਸਪੇਨ ਦੇ ਰਾਜਾ-ਰਾਣੀ ਨੇ ਇਸ ਵਿੱਚ ਕੋਈ ਦਿਲਚਸਪੀ ਨਾ ਦਿਖਾਈ। 1528 ਵਿੱਚ ਹਰਨੈਨ ਕੋਸਟਸ ਜੋ ਇੱਕ ਸਿਪਾਹੀ ਵੀ ਸੀ ਤੇ ਯਾਤਰੀ ਵੀ, ਸਪੈਨਿਸ਼ ਰਾਜ ਵਧਾਉਣ ਦੇ ਮਕਸਦ ਨਾਲ ਦੱਖਣੀ ਅਮਰੀਕਾ ਗਿਆ ਸੀ। ਉੱਥੋਂ ਦੇ ਰਾਜੇ ਨੇ ਉਸ ਨੂੰ ਖਾਸ ਦੂਤ ਸਮਝ ਕੇ ਉਸ ਦੀ ਵਾਹਵਾ ਸੇਵਾ ਕੀਤੀ। ਸੋਨਾ-ਚਾਂਦੀ ਦੇ ਤੋਹਫਿਆਂ ਦੀ ਜਗ੍ਹਾ ਉਸ ਨੂੰ ਚਾਕਲੇਟ ਦਾ ਭਰਿਆ ਕੱਪ ਪੇਸ਼ ਕੀਤਾ ਗਿਆ। ਉਸ ਮੁਤਾਬਕ ਨਿਕਾਰਾਗੂਆ (ਦੇਸ਼) ਵਿੱਚ ਕੁਝ ਕਬੀਲੇ ਮਨੁੱਖ ਦੀ ਬਲੀ ਦੇ ਕੇ ਉਸ ਦੇ ਖੂਨ ਵਿੱਚ ਚਾਕਲੇਟ ਰਲਾ ਕੇ ਪੀਂਦੇ ਸਨ। ਜੇ ਮਨੁੱਖ ਦੀ ਬਲੀ ਨਾ ਵੀ ਦਿੱਤੀ ਜਾਂਦੀ ਤਾਂ ਗਾੜ੍ਹੇ ਲਾਲ ਰੰਗ ਦੇ ਫੁੱਲਾਂ ਨੂੰ ਚਾਕਲੇਟ ਵਿੱਚ ਰਲਾ ਕੇ ਪੀਂਦੇ ਸਨ, ਇਸ ਨਾਲ ਉਹ ਖੂਨ ਪੀਂਦੇ ਹੀ ਮਹਿਸੂਸ ਕਰਦੇ। ਇਸ ਨੂੰ ਪੀਣ ਨਾਲ ਬੁੱਲ੍ਹਾਂ ਦੁਆਲੇ ਲਾਲ ਨਿਸ਼ਾਨ ਬਣ ਜਾਂਦੇ ਜੋ ਖੂਨ ਪੀਤੇ ਹੋਣ ਦਾ ਪ੍ਰਭਾਵ ਦਿੰਦੇ ਸਨ। ਹਰਨੈਨ ਕੋਸਟਸ ਹੀ ਚਾਕਲੇਟ ਨੂੰ ਸਪੇਨ ਲੈ ਕੇ ਆਇਆ ਤੇ ਇਸ ਦੀ ਕੁੜੱਤਣ ਘਟਾਉਣ ਲਈ ਇਸ ਵਿੱਚ ਸ਼ਹਿਦ ਤੇ ਖੰਡ ਵਰਤੇ ਗਏ। ਜਿਸ ਨਾਲ ਇਸ ਦਾ ਸਵਾਦ ਨਿੱਖਰ ਆਇਆ ਤੇ ਸ਼ਾਹੀ ਘਰਾਣਿਆਂ ਤੇ ਅਮੀਰ ਲੋਕਾਂ ਵਿੱਚ ਪ੍ਰਚੱਲਤ ਹੋਣ ਲੱਗਾ। ਜਲਦੀ ਹੀ ਸਪੇਨ ਵਿੱਚ ਚਾਕਲੇਟ ਇੰਨਾ ਹਰਮਨ ਪਿਆਰਾ ਹੋ ਗਿਆ ਕਿ ਧਾਰਮਿਕ ਰਸਮਾਂ ਵਿੱਚ ਵਰਤਿਆ ਜਾਣ ਲੱਗ ਪਿਆ। ਪਾਦਰੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਸ ਨੂੰ ਪੀਣ ਨਾਲ ਧਾਰਮਿਕ-ਵਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਦਾ, ਭਾਵ ਵਰਤ ਨਹੀਂ ਟੁੱਟਦਾ।
ਸਪੇਨ ਵਿੱਚ ਚਾਕਲੇਟ ਆ ਗਿਆ ਸੀ, ਪਰ ਉਨ੍ਹਾਂ ਨੇ ਇੱਕ ਸਦੀ ਤੱਕ ਇਸ ਦੀ ਬਾਹਰ ਭਿਣਕ ਨਾ ਪੈਣ ਦਿੱਤੀ। ਇਸ ਗੱਲ ਦੀ ਇੱਕ ਘਟਨਾ ਗਵਾਹ ਹੈ। 1579 ਵਿੱਚ ਇੰਗਲੈਂਡ ਦੇ ਇੱਕ ਜਹਾਜ਼ ਵੱਲੋਂ ਸਪੇਨ ਦੇ ਜਹਾਜ਼ ਉੱਪਰ ਹਮਲਾ ਕਰਕੇ ਉਸ ਨੂੰ ਜਿੱਤ ਲਿਆ। ਉਸ ਦੀ ਤਲਾਸ਼ੀ ਲਈ ਤਾਂ ਉਸ ਵਿੱਚ ਕੋਕੋ ਬੀਨਜ਼ ਦੀਆਂ ਭਰੀਆਂ ਬੋਰੀਆਂ ਮਿਲੀਆਂ। ਅੰਗਰੇਜ਼ਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਇੱਕ ਖਾਸ ਮੇਵਾ ਹੈ। ਉਨ੍ਹਾਂ ਨੇ ਸਮਝਿਆ ਕਿ ਸਪੈਨਿਸ਼ ਲੋਕ ਭੇਡਾਂ ਦੀਆਂ ਮੀਂਗਣਾਂ ਇਕੱਠੀਆਂ ਕਰੀਂ ਫਿਰਦੇ ਹਨ। ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਜਹਾਜ਼ ਨੂੰ ਅੱਗ ਹੀ ਲਾ ਦਿੱਤੀ। ਸਪੇਨ ਤੋਂ ਚਾਕਲੇਟ ਦੇ ਫਰਾਂਸ ਆਉਣ ਦੀ ਘਟਨਾ ਵੀ ਘੱਟ ਦਿਲਚਸਪ ਨਹੀਂ ਹੈ। ਸਪੈਨਿਸ਼ ਬਹੁਤ ਦੇਰ ਤੱਕ ਇਸ ਨੂੰ ਛੁਪਾਉਂਦੇ ਰਹੇ। 1615 ਵਿੱਚ ਫਰਾਂਸੀਸੀ ਰਾਜੇ ਲੂਈਸ ਤੇਰਵੇਂ ਦਾ ਵਿਆਹ ਸਪੇਨ ਦੇ ਰਾਜੇ ਦੀ ਕੁੜੀ ਐਨੀ ਨਾਲ ਹੋਇਆ। ਉਹ ਦਾਜ ਵਿੱਚ ਚਾਕਲੇਟ ਦੇ ਕੁਝ ਨਮੂਨੇ ਆਪਣੇ ਨਾਲ ਲਿਆਈ ਸੀ। ਫਿਰ ਕੀ ਸੀ, ਚਾਕਲੇਟ ਦਾ ਸ਼ੁਦਾਅ ਫਰਾਂਸ ਤੋਂ ਇਕਦਮ ਪੂਰੇ ਯੂਰਪ ਵਿੱਚ ਫੈਲ ਗਿਆ। ਫਰਾਂਸ ਦੇ ਰਾਜੇ ਲੂਈਸ ਪੰਦਰਵੇਂ ਨੂੰ ਚਾਕਲੇਟ ਏਨਾ ਪਸੰਦ ਸੀ ਕਿ ਉਸ ਨੇ ਆਪਣੇ ਮਹਿਲਾਂ ਵਿੱਚ ਹੀ ਇਸ ਦੀ ਛੋਟੀ ਜਿਹੀ ਫੈਕਟਰੀ ਲਾ ਲਈ ਸੀ। 1657 ਵਿੱਚ ਲੰਡਨ ਵਿੱਚ ਪਹਿਲਾ ਚਾਕਲੇਟ ਹਾਊਸ ਬਣ ਗਿਆ ਸੀ ਜਿੱਥੇ ਅਮੀਰ ਲੋਕ ਚਾਕਲੇਟ ਪੀਂਦੇ ਗੱਪ-ਸ਼ੱਪ ਮਾਰਦੇ। ਹਾਂ, ਔਰਤਾਂ ਨੂੰ ਚਾਕਲੇਟ ਪੀਣ ਦੀ ਮਨਾਹੀ ਸੀ। ਉਸ ਵੇਲੇ ਦੇ ਮਰਦ ਸੋਚਦੇ ਸਨ ਕਿ ਚਾਕਲੇਟ ਪੀਣ ਨਾਲ ਔਰਤਾਂ ਅੰਦਰ ਖਾਸ ਕਿਸਮ ਦੀ ਉਤੇਜਨਾ ਭਰ ਜਾਵੇਗੀ ਜੋ ਉਨ੍ਹਾਂ ਲਈ ਕਾਬਲੇ-ਬਰਦਾਸ਼ਤ ਨਹੀਂ ਸੀ।
ਸੋਲਵੀਂ ਸਦੀ ਤੋਂ ਅਠਾਰਵੀਂ ਸਦੀ ਤੱਕ ਚਾਕਲੇਟ ਦੇ ਸ਼ੁਦਾਅ ਕਾਰਨ ਇਸ ਦੇ ਕਾਰੋਬਾਰ ਨੂੰ ਬਹੁਤ ਹੁਲਾਰਾ ਮਿਲਿਆ। ਉਸ ਵੇਲੇ ਕੋਕੋ ਬੀਨਜ਼ ਨੂੰ ਪੀਹਣ ਜਾਂ ਕੁੱਟਣ ਦਾ ਕੰਮ ਮਨੁੱਖ ਹੀ ਕਰਦੇ ਸਨ ਤੇ ਇਸ ਲਈ ਗੁਲਾਮ ਲੋਕਾਂ ਨੂੰ ਵਰਤਿਆ ਜਾਂਦਾ ਸੀ। ਇਵੇਂ ਕਿਹਾ ਜਾ ਸਕਦਾ ਹੈ ਕਿ ਚਾਕਲੇਟ ਦਾ ਕਾਰੋਬਾਰ ਗੁਲਾਮੀ ਨੂੰ ਫੈਲਾਉਣ ਵਿੱਚ ਸਹਾਈ ਹੋਇਆ ਸੀ। ਕਿਤੇ-ਕਿਤੇ ਇਸ ਕੰਮ ਲਈ ਵਿੰਡ-ਪਾਵਰ ਤੇ ਘੋੜੇ ਵੀ ਵਰਤ ਲਏ ਜਾਂਦੇ ਸਨ। ਸਨਅਤੀ ਇਨਕਲਾਬ ਆਉਣ ‘ਤੇ ਮਸ਼ੀਨਾਂ ਨਾਲ ਕੋਕੋ ਬੀਨਜ਼ ਪੀਹੇ ਜਾਣ ਲੱਗੇ।
ਫਰਾਂਸ ਵਿੱਚ ਪਹਿਲੀ ਚਾਕਲੇਟ ਫੈਕਟਰੀ 1732 ਵਿੱਚ ਲੱਗੀ। 1828 ਵਿੱਚ ਇਸ ਨੂੰ ਪ੍ਰੋਸੈੱਸ ਕਰਨ ਵਿੱਚ ਇਨਕਲਾਬ ਹੋਇਆ। ਕੋਕੋ ਬੀਨਜ਼ ਵਿੱਚ ਕੋਕੋ ਬਟਰ ਕੱਢ ਲਿਆ ਗਿਆ ਤੇ ਬਾਕੀ ਬਚਦੇ ਪਾਊਡਰ ਨੂੰ ਚਾਕਲੇਟ ਦਾ ਸਵਾਦ ਪਾਉਣ ਲਈ ਵਰਤਿਆ ਜਾਣ ਲੱਗਾ। 1847 ਵਿੱਚ ਤਰਲ ਚਾਕਲੇਟ ਨੂੰ ਮਸ਼ੀਨਾਂ ਰਾਹੀਂ ਠੋਸ ਬਣਾ ਕੇ ਇਸ ਦੇ ਚਾਕਲੇਟ ਬਾਰ ਬਣਾ ਲਏ ਗਏ। ਉਦੋਂ ਹੀ ਅੰਗਰੇਜ਼ ਚਾਕਲੇਟੀਅਰ ਜੋਜ਼ਫ ਫਰਾਈ ਨੇ ਸਖ਼ਤ ਚਾਕਲੇਟ ਤੋਂ ਕਈ ਕਿਸਮ ਦੀਆਂ ਮਠਿਆਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਬ੍ਰਿਸਟਲ ਵਿੱਚ ਚਾਕਲੇਟ ਫੈਕਟਰੀ ਲਾਈ। ਅੱਜ ਵੀ ਦੁਕਾਨਾਂ ਵਿੱਚ ਫਰਾਈ ਦੇ ਚਾਕਲੇਟ ਮਿਲਦੇ ਹਨ। 1866 ਵਿੱਚ ਫਰਾਈ’ਜ਼ ਚਾਕਲੇਟ ਕਰੀਮ ਬਣਾਈ ਗਈ।
ਭਾਵੇਂ ਸਤਾਰਵੀਂ ਸਦੀ ਵਿੱਚ ਹੀ ਚਾਕਲੇਟ ਵਿੱਚ ਦੁੱਧ ਰਲਾਇਆ ਜਾਣ ਲੱਗਾ ਸੀ, ਪਰ ਮਿਲਕ ਚਾਕਲੇਟ ਦੀ ਕਾਢ ਸਵਿਸ ਚਾਕਲੇਟੀਅਰ ਡੈਨੀਅਲ ਪੀਟਰ ਨੇ 1875 ਵਿੱਚ ਕੱਢੀ। 1815 ਵਿੱਚ ਡੱਚ ਕੈਮਿਸਟ ਹਾਊਟਨ ਨੇ ਵਿਸ਼ੇਸ਼ ਕਿਸਮ ਦੇ ਲੂਣ ਨਾਲ ਚਾਕਲੇਟ ਵਿਚਲੀ ਕੁੜੱਤਣ ਘਟਾਈ। ਇਨ੍ਹਾਂ ਸਾਲਾਂ ਵਿੱਚ ਹੀ ਚਾਕਲੇਟ ਇਸ ਤਰੀਕੇ ਨਾਲ ਬਣਾਇਆ ਜਾਣ ਲੱਗਾ ਕਿ ਇਸ ਦੀ ਲਾਗਤ ਵਿੱਚ ਬਹੁਤ ਕਮੀ ਆ ਗਈ। ਇੱਕ ਤਾਂ ਕੋਕੋ ਬੀਨਜ਼ ਦਾ ਉਤਪਾਦਨ ਵਧ ਗਿਆ ਤੇ ਦੂਜੇ ਚਾਕਲੇਟ ਤੋਂ ਅੱਗੇ ਬਣਾਈਆਂ ਜਾਣ ਵਾਲੀਆਂ ਚੀਜ਼ਾਂ ਵੀ ਸਸਤੀਆਂ ਪੈਣ ਲੱਗੀਆਂ। ਹੁਣ ਚਾਕਲੇਟ ਆਮ ਬੰਦੇ ਦੀ ਪਹੁੰਚ ਵਿੱਚ ਆ ਗਿਆ ਸੀ। ਹੈਨਰੀ ਨੈਸਲੇ ਨਾਂ ਦੇ ਇੱਕ ਹੋਰ ਚਾਕਲੇਟੀਅਰ ਨੇ ਚਾਕਲੇਟ ਵਿੱਚ ਮਿਲਕ ਪਾਊਡਰ ਪਾ ਕੇ ਇਸ ਦੇ ਲਿਕਿਓਰ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਨੈਸਲੇ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਹੋਂਦ ਵਿੱਚ ਆ ਗਈਆਂ। 1862 ਵਿੱਚ ਰਾਊਂਟਰੀ, 1868 ਵਿੱਚ ਕੈਡਬਰੀ ਦੇ ਬਣਾਏ ਚਾਕਲੇਟ ਬਹੁਤ ਮਸ਼ਹੂਰ ਹੋ ਗਏ ਜੋ ਅੱਜ ਵੀ ਮਸ਼ਹੂਰ ਹਨ। ਕੈਡਬਰੀ ਨੇ 1875 ਵਿੱਚ ਚਾਕਲੇਟ ਈਸਟਰ-ਐੱਗ ਬਣਾਉਣੇ ਸ਼ੁਰੂ ਕਰ ਦਿੱਤੇ। ਅੱਜ ਚਾਕਲੇਟ ਨਾਲ ਸੈਂਕੜੇ ਕਿਸਮ ਦੀਆਂ ਮਠਿਆਈਆਂ ਤੇ ਡਰਿੰਕ’ਸ ਬਣਦੀਆਂ ਹਨ। ਅਨੇਕਾਂ ਖਾਧ ਪਦਾਰਥਾਂ ਵਿੱਚ ਇਸ ਨੂੰ ਸਵਾਦ ਵਜੋਂ ਪਾਇਆ ਜਾਂਦਾ ਹੈ।
ਇਸ ਤੋਂ ਬਿਨਾਂ ਘਰੇਲੂ ਖਾਣਿਆਂ ਵਿੱਚ ਵੀ ਚਾਕਲੇਟ ਆਮ ਵਰਤਿਆ ਜਾਂਦਾ ਹੈ। ਪੱਛਮੀ ਘਰਾਂ ਦੀਆਂ ਰਸੋਈਆਂ ਵਿੱਚ ਸ਼ਾਮਲ ਲੂਣ, ਤੇਲ, ਖੰਡ ਵਾਂਗ ਹੀ ਚਾਕਲੇਟ ਵੀ ਇੱਕ ਅਹਿਮ ਸ਼ੈਅ ਹੈ। ਪਰ ਮੈਨੂੰ ਇਹ ਹਾਲੇ ਵੀ ਪਸੰਦ ਨਹੀਂ।
ਈ-ਮੇਲ : harjeetatwal@hotmail.co.uk
News Source link
#ਵਹ #ਚਕਲਟ