33.9 C
Patiāla
Sunday, October 6, 2024

ਪਰਵਾਸੀ ਸਰਗਰਮੀਆਂ

Must read


ਜਸਵੰਤ ਗਿੱਲ

ਮਨੋਹਰ ਭਵਾਨੀ ਛੰਦ

ਚੱਲੇ ਪੰਛੀਆਂ ਦਾ ਗਾਉਣ, ਸਾਜ ਪੱਤੀਆਂ ਵਜਾਉਣ

ਵੇਖ ਰੁੱਸ ਚੱਲੀ ਪੌਣ, ਸਾਡੇ ਬੂਹੇ ਬੰਦ ਜੀ।

ਤਾਕੀਆਂ ਨੂੰ ਖੋਲ੍ਹ ਮੈਂ ਸੁਣਾਵਾਂ ਛੰਦ ਜੀ।

ਬੰਦਾ ਚੱਲਦਾ ਨਾ ਬੋਚ, ਮੁੱਕੀ ਪੈਸੇ ਤਾਈਂ ਸੋਚ

ਰੋਗ ਖਾਈ ਜਾਂਦੇ ਨੋਚ, ਪਿਆ ਦੁੱਖ ਪਾਂਵਦਾ।

ਰੁੱਖਾਂ ਤੋਂ ਬਗੈਰ, ਨਾ ਸਵਾਸ ਆਂਵਦਾ।

ਸੈਰ ਨੂੰ ਸਵੇਰੇ ਜਾਓ, ਤਾਜ਼ੀ ਹਵਾ ਤੁਸਾਂ ਖਾਓ

ਸੁੱਖ ਜੀਵਨ ਦਾ ਪਾਓ, ਦੂਰ ਰਹਿਣਾ ਰੋਗ ਨੇ।

ਕਰਨਾ ਨਾ ਏਨਾ ਫਾਇਦਾ ਕਿਸੇ ਯੋਗ ਨੇ।

ਦਿਲੋਂ ਡਰ ਸਭੇ ਕੱਢ, ਰੱਖ ਦਿੱਤੇ ਸਾਰੇ ਵੱਢ

ਏਸੀ ਖਾ ਕੇ ਸੋਹਲ ਹੱਡ, ਰੋਗੀ ਹੈ ਬਣਾਂਵਦਾ।

ਰੁੱਖਾਂ ਤੋਂ ਬਗੈਰ, ਨਾ ਸਵਾਸ ਆਂਵਦਾ।

ਬੰਦੇ ਹੋਏ ਸਾਰੇ ਰੋਗੀ, ਮਾੜੀ ਜੂਨ ਜਾਂਦੇ ਭੋਗੀ

ਲਾਜ ਕਰੇ ਕਿਹੜਾ ਜੋਗੀ, ਲੱਭਦਾ ਨਾ ਹੱਲ ਜੀ।

ਮੂੰਹ ਕੀਤਾ ਜਦੋਂ ਦਾ, ਬਾਜ਼ਾਰ ਵੱਲ ਜੀ।

ਪਈ ਲਾਲਚ ਦੀ ਮਾਰ, ਹੱਦਾਂ ਕੀਤੀਆਂ ਨੇ ਪਾਰ

ਕੌਣ ਲਵੇ ਹੁਣ ਸਾਰ, ਪੈਸਾ ਖਾਈ ਜਾਂਵਦਾ।

ਰੁੱਖਾਂ ਤੋਂ ਬਗੈਰ, ਨਾ ਸਵਾਸ ਆਂਵਦਾ।

ਲੱਗੀ ਕਿਹੜੀ ਏਹੋ ਦੌੜ, ਲੈ’ਗੀ ਜੰਗਲਾਂ ਨੂੰ ਰੋੜ

ਹੋਈ ਛਾਵਾਂ ਵਾਲੀ ਥੋੜ, ਦਿਸਦਾ ਨਾ ਰੁੱਖ ਜੀ।

ਆਕਸੀਜਨ ਨੂੰ ਤਰਸੇ ਮਨੁੱਖ ਜੀ।

ਮੌਤ ਚੰਦਰੀ ਨੂੰ ਭੁੱਲ, ਗਿੱਲ ਪੈਸੇ ਉੱਤੇ ਡੁੱਲ੍ਹ

ਸਮਾਂ ਲੈਂਦਾ ਫਿਰੇ ਮੁੱਲ, ਜ਼ਿੰਦਗੀ ਹੰਢਾਂਵਦਾ।

ਰੁੱਖਾਂ ਤੋਂ ਬਗੈਰ, ਨਾ ਸਵਾਸ ਆਂਵਦਾ।

ਹਾਲੇ ਡੁੱਲ੍ਹੇ ਕੁਝ ਬੇਰ, ਚੁਗ ਲਈਏ ਆਪਾਂ ਫੇਰ,

ਸੁੱਖ ਮਿਲਣਗੇ ਢੇਰ, ਬੱਝ ਜੂ ਆਨੰਦ ਜੀ।

ਰੋਡੇ ਉਸਤਾਦ, ਕੋਲੋਂ ਸਿੱਖੋ ਛੰਦ ਜੀ।
ਸੰਪਰਕ: 97804-51878

ਜਗਜੀਤ ਸੇਖੋਂ

ਅਹਿਸਾਸ

ਵਾਯੂਮਾਨ ਦਾ ਪਹੀਆ

ਜਦ ਧਰਤੀ ਨੂੰ ਛੁਹਿਆ

ਮੈਂ ਸਾਹ ਲਿਆ ਸਕੂਨ ਭਰਿਆ

ਆ ਉਤਰਿਆ ਹਾਂ

ਕਿਸੇ ਹੋਰ ਗ੍ਰਹਿ ‘ਤੇ

ਕਿਸੇ ਹੋਰ ਦੁਨੀਆ ‘ਚ

ਰਾਤ ਲੰਘੀ

ਹੋਇਆ ਪਹੁ ਫੁਟਾਲਾ

ਵਿਸਰਿਆ ਸੁਪਨ ਸੰਸਾਰ

ਦਿਨ ਚੜ੍ਹਿਆ

ਹੋਇਆ ਉਜਾਲਾ

ਤੋਂ ਮਹਿਸੂਸ ਹੋਇਆ

ਇੱਕੋ ਜਿਹੀ ਧਰਤੀ

ਪਸ਼ੂ ਪੰਛੀ

ਪੌਣ ਪਾਣੀ

ਚੰਨ ਸੂਰਜ

ਬੱਦਲਾਂ ਦੀ ਸੁਰਮਈ ਭਾਅ

ਇੱਕੋ ਜਿਹੀ ਮਿੱਟੀ

ਮੇਰੇ ਵਤਨ ਵਰਗੀ

ਭੁਲੇਖਾ ਦੂਰ ਹੋਇਆ

ਨਵਾਂ ਅਹਿਸਾਸ ਹੋਇਆ।

ਕੋਈ ਵਤਨ ਪਰਾਇਆ ਨਹੀਂ

ਕੋਈ ਮੁਲਕ ਬਿਗਾਨਾ ਨਹੀਂ

ਹੱਡ ਮਾਸ

ਹੱਥ ਪੈਰ

ਖੂਨ ਦਾ ਰੰਗ ਇੱਕ

ਜਿਉਣ ਦਾ ਰਾਹ ਇੱਕੋ

ਧੜਕਦਾ ਦਿਲ

ਆਉਂਦਾ ਜਾਂਦਾ ਸਾਹ ਇੱਕੋ

ਇਹ ਵਿਦੇਸ਼ ਕਿਵੇਂ ਹੋਇਆ ?

ਅਹਿਸਾਸ ਹੋਇਆ

ਭੁਲੇਖਾ ਦੂਰ ਹੋਇਆ

ਸੱਚ ਦਾ ਅਹਿਸਾਸ ਹੋਇਆ।

**

ਮਿੱਟੀ

ਮਿੱਟੀ ਤਾਂ ਮਾਂ ਹੁੰਦੀ ਹੈ

ਦੇਵੇ ਖਾਣ ਲਈ

ਪੀਣ ਲਈ

ਪਹਿਨਣ ਹੰਢਾਉਣ ਲਈ

ਸੁਖਦ ਮਨਾਉਣ ਲਈ

ਦੁੱਖਾਂ ਨੂੰ ਹਰਾਉਣ ਲਈ

ਠੰਢੀ ਥਾਂ ਹੁੰਦੀ ਹੈ|

ਸਵਰਗ ਦੀ ਛਾਂ ਹੁੰਦੀ ਹੈ

ਦੁਨੀਆ ਦੀ ਸਭ ਤੋਂ ਪਿਆਰੀ ਥਾਂ ਹੁੰਦੀ ਹੈ

ਮਾਂ ਕਦੇ ਵੰਡੀ ਨਹੀਂ ਜਾਂਦੀ

ਮਿੱਟੀ ਤਾਂ ਮਾਂ ਹੁੰਦੀ ਹੈ।

ਨਾ ਕੋਈ ਦੋਸ਼ ਬਿਗਾਨਾ

ਨਾ ਕੋਈ ਮੁਲਕ ਪਰਾਇਆ

ਧਰਮ- ਮਜ਼੍ਹਬ

ਵਰਣ-ਜਾਤ

ਨਸਲ-ਕੌਮ

ਹਰ ਇੱਕ ਦੀ ਅਪਣੀ ਥਾਂ ਹੁੰਦੀ ਹੈ।

ਜਿਵੇਂ ਮਾਂ ਦੀ ਗੋਦ

ਇੱਕੋ ਜਿਹੀ ਨਿੱਘੀ

ਹਰ ਥਾਂ ਹੁੰਦੀ ਹੈ

ਮਿੱਟੀ ਤਾਂ ਮਾਂ ਹੁੰਦੀ ਹੈ।

ਮਾਂ ਕਦੇ ਵੱਡੀ ਨਹੀਂ ਜਾਂਦੀ

ਮਾਂ ਤਾਂ ਮਾਂ ਹੁੰਦੀ ਹੈ।

ਮਾਂ ਤਾਂ ਮਾਂ ਹੁੰਦੀ ਹੈ।
ਸੰਪਰਕ: +61431157590



News Source link
#ਪਰਵਸ #ਸਰਗਰਮਆ

- Advertisement -

More articles

- Advertisement -

Latest article