ਸੰਯੁਕਤ ਰਾਸ਼ਟਰ, 30 ਮਈ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਮੁਤਾਬਕ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਜਿਹੇ ਪਾਕਿਸਤਾਨ ਅਧਾਰਿਤ ਅਤਿਵਾਦੀ ਸੰਗਠਨ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਦੀ ਅਗਵਾਈ ’ਚ ਅਫ਼ਗਾਨਿਸਤਾਨ ਦੇ ਕੁਝ ਸੂਬਿਆਂ ਵਿਚ ਆਪਣੇ ਸਿਖਲਾਈ ਕੈਂਪ ਚਲਾ ਰਹੇ ਹਨ। ਇਨ੍ਹਾਂ ਵਿਚੋਂ ਕੁਝ ਸਿੱਧੇ ਤਾਲਿਬਾਨ ਦੇ ਕੰਟਰੋਲ ਵਿਚ ਵੀ ਹਨ। ਇਸ ਰਿਪੋਰਟ ਮੁਤਾਬਕ ਜੈਸ਼-ਏ-ਮੁਹੰਮਦ ਜੋ ਕਿ ਇਕ ਦਿਓਬੰਦੀ ਗਰੁੱਪ ਹੈ ਤੇ ਵਿਚਾਰਧਾਰਕ ਤੌਰ ’ਤੇ ਤਾਲਿਬਾਨ ਦੇ ਨੇੜੇ ਹੈ, ਨਾਂਗਰਹਾਰ ਵਿਚ ਅੱਠ ਸਿਖ਼ਲਾਈ ਕੈਂਪ ਚਲਾ ਰਿਹਾ ਹੈ ਜਿਨ੍ਹਾਂ ਵਿਚੋਂ ਤਿੰਨ ਸਿੱਧੇ ਤੌਰ ’ਤੇ ਤਾਲਿਬਾਨ ਦੀ ਨਿਗਰਾਨੀ ਵਿਚ ਚੱਲ ਰਹੇ ਹਨ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀ.ਐੱਸ. ਤ੍ਰਿਮੂਰਤੀ ਨੇ ਤਾਲਿਬਾਨ ਨਾਲ ਸਬੰਧਤ ਪਾਬੰਦੀਆਂ ਬਾਰੇ ਕਮੇਟੀ ਦੇ ਮੁਖੀ ਵਜੋਂ ਇਹ ਰਿਪੋਰਟ ਦਾਖਲ ਕੀਤੀ ਹੈ। ਇਹ ਰਿਪੋਰਟ ਹੁਣ ਸਲਾਮਤੀ ਪ੍ਰੀਸ਼ਦ ਦੇ ਧਿਆਨ ਵਿਚ ਲਿਆਂਦੀ ਜਾਵੇਗੀ। -ਪੀਟੀਆਈ
‘ਅਫ਼ਗਾਨਿਸਤਾਨ ਉਤੇ ਤਾਲਿਬਾਨ ਦਾ ਕਬਜ਼ਾ ਮਜ਼ਬੂਤ ਹੋਇਆ’
ਰਿਪੋਰਟ ਮੁਤਾਬਕ 15 ਅਗਸਤ 2021 ਨੂੰ ਅਫ਼ਗਾਨਿਸਤਾਨ ਦਾ ਸ਼ਾਸਨ ਸੰਭਾਲਣ ਤੋਂ ਲੈ ਕੇ ਅਪਰੈਲ 2022 ਤੱਕ ਤਾਲਿਬਾਨ ਨੇ ਮੁਲਕ ਉਤੇ ਆਪਣਾ ਕਬਜ਼ਾ ਮਜ਼ਬੂਤ ਕੀਤਾ ਹੈ। ਇਸ ਦੌਰਾਨ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਹੇਠ ਆਉਂਦੇ 41 ਜਣਿਆਂ ਨੂੰ ਮੰਤਰੀ ਮੰਡਲ ਵਿਚ ਥਾਂ ਦਿੱਤੀ ਗਈ ਹੈ ਤੇ ਕਈ ਹੋਰ ਸੀਨੀਅਰ ਅਹੁਦਿਆਂ ਉਤੇ ਤਾਇਨਾਤ ਕੀਤਾ ਗਿਆ ਹੈ।