ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 31 ਮਈ
ਇੱਥੋਂ ਦੇ ਖਟੀਕ ਮੁਹੱਲੇ ਵਿੱਚ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲੀਸ ਨੇ ਉਸ ਦੀ ਪਤਨੀ ਤੇ ਸੱਸ ਸਣੇ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਸੀਤਾ ਰਾਮ (31) ਵਜੋਂ ਹੋਈ ਹੈ। ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਸੀਤਾ ਰਾਮ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ। ਘਰੇਲੂ ਝਗੜੇ ਕਾਰਨ ਲੰਘੇ ਇਕ ਮਹੀਨੇ ਤੋਂ ਉਸ ਦੀ ਪਤਨੀ ਪੇਕੇ ਗਈ ਹੋਈ ਸੀ ਤੇ 28 ਮਈ ਨੂੰ ਸੀਤਾ ਰਾਮ ਨੇ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਨੋਟ ਵਿੱਚ ਸੀਤਾ ਰਾਮ ਨੇ ਦੋਸ਼ ਲਾਇਆ ਕਿ ਉਸ ਦੀ ਪਤਨੀ ਅਨੂ ਉਸ ਨੂੰ ਤੰਗ ਕਰਦੀ ਸੀ। ਇਸ ਮਗਰੋਂ ਉਸ ਨੂੰ ਮਨਾਉਣ ਲਈ ਉਹ ਪੰਚਾਇਤ ਲੈ ਕੇ ਪਤਨੀ ਦੇ ਪੇਕੇ ਘਰ ਕਰਨਾਲ ਗਿਆ ਸੀ। ਪਤਨੀ ਨੇ ਉਸ ਨੂੰ ਪੰਚਾਇਤ ਸਾਹਮਣੇ ਹੀ ਕਥਿਤ ਤੌਰ ’ਤੇ ਜ਼ਲੀਲ ਕੀਤਾ। ਪੁਲੀਸ ਨੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਪਤਨੀ ਅਨੂ, ਸੱਸ ਸਰੋਜ ਅਤੇ ਦੋ ਮਾਸੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।