ਕ੍ਰਾਮਾਤੋਰਸਕ: ਰੂਸੀ ਫ਼ੌਜ ਦੀ ਘੇਰਾਬੰਦੀ ਕਾਰਨ ਪੂਰਬੀ ਯੂਕਰੇਨ ਦੇ ਸਿਵਿਏਰੋਦੋਨੇਤਸਕ ਸ਼ਹਿਰ ਦਾ ਸੰਪਰਕ ਸੋਮਵਾਰ ਨੂੰ ਬਾਕੀ ਹਿੱਸਿਆਂ ਨਾਲੋਂ ਕੱਟ ਗਿਆ ਹੈ। ਮਾਰੀਓਪੋਲ ਮਗਰੋਂ ਯੂਕਰੇਨ ਦੇ ਸਨਅਤੀ ਡੋਨਬਾਸ ਇਲਾਕੇ ’ਤੇ ਕਬਜ਼ਾ ਕਰਨ ਲਈ ਰੂਸ ਹਰ ਹਰਬਾ ਵਰਤ ਰਿਹਾ ਹੈ। ਲੁਹਾਂਸਕ ਦੇ ਖੇਤਰੀ ਗਵਰਨਰ ਸਰਹੇਈ ਹਾਇਦਾਈ ਨੇ ਕਿਹਾ ਕਿ ਰੂਸੀ ਫ਼ੌਜ ਸਿਵਿਏਰੋਦੋਨੇਤਸਕ ਦੇ ਬਾਹਰਵਾਰ ਪੈਂਦੇ ਇਲਾਕੇ ਤੱਕ ਪਹੁੰਚ ਗਈ ਹੈ ਤੇ ਲਿਸਿਚਾਂਸਕ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਗੋਲਾਬਾਰੀ ਦੌਰਾਨ ਦੋ ਵਿਅਕਤੀ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋਏ ਹਨ। ਯੂਕਰੇਨੀ ਫ਼ੌਜ ਨੇ ਕਿਹਾ ਕਿ ਰੂਸ ਵੱਲੋਂ ਸਿਵਿਏਰੋਦੋਨੇਤਸਕ ਦੇ ਉੱਤਰ-ਪੂਰਬ ਅਤੇ ਦੱਖਣ-ਪੂਰਬੀ ਹਿੱਸੇ ’ਚ ਫ਼ੌਜ ਦੀ ਨਵੇਂ ਸਿਰੇ ਤੋਂ ਤਾਇਨਾਤੀ ਕਰ ਰਿਹਾ ਹੈ। ਸਿਵਿਏਰੋਦੋਨੇਤਸਕ ਰੂਸੀ ਸਰਹੱਦ ਤੋਂ ਕਰੀਬ 143 ਕਿਲੋਮੀਟਰ ਦੀ ਦੂਰੀ ’ਤੇ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਫਰਾਂਸ ਦੇ ਇਕ ਟੀਵੀ ਚੈਨਲ ਨੂੰ ਦੱਸਿਆ ਕਿ ਮਾਸਕੋ ਦੀ ਪਹਿਲ ਦੋਨੇਤਸਕ ਅਤੇ ਲੁਹਾਂਸਕ ਇਲਾਕਿਆਂ ਨੂੰ ਆਜ਼ਾਦ ਕਰਾਉਣਾ ਹੈ। -ਏਪੀ