ਜਗਮੋਹਨ ਸਿੰਘ
ਘਨੌਲੀ, 31 ਮਈ
ਪੰਜਾਬ ਵਿੱਚ ਗਰਮੀ ਵਧਣ ਉਪਰੰਤ ਬਿਜਲੀ ਦੀ ਮੰਗ ਵਧ ਗਈ ਹੈ ਜਿਸ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਪ੍ਰਬੰਧਕਾਂ ਨੇ ਪਲਾਂਟ ਦਾ 3 ਨੰਬਰ ਯੂਨਿਟ ਭਖਾ ਲਿਆ ਹੈ। ਪਲਾਂਟ ਦੇ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 3 ਨੰਬਰ ਯੂਨਿਟ ਨੇ ਅੱਜ ਦੇਰ ਸ਼ਾਮ ਤੋਂ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਸ ਪਲਾਂਟ ਦੇ ਪਹਿਲਾਂ ਚੱਲ ਰਹੇ 5 ਨੰਬਰ ਯੂਨਿਟ ਰਾਹੀਂ ਅੱਜ 183 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਗਿਆ। ਸਰਕਾਰੀ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ 4 ਨੰਬਰ ਯੂਨਿਟ ਵੱਲੋਂ 183 ਮੈਗਾਵਾਟ ਅਤੇ ਪਣ ਬਿਜਲੀ ਘਰਾਂ ਵੱਲੋਂ 138 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ। ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਅੱਜ ਬੰਦ ਰਿਹਾ, ਜਦੋਂਕਿ ਇਸ ਥਰਮਲ ਪਲਾਂਟ ਦੇ 1 ਅਤੇ 2 ਨੰਬਰ ਯੂਨਿਟ ਵੱਲੋਂ 768 ਯੂਨਿਟ ਬਿਜਲੀ ਪੈਦਾ ਕੀਤੀ ਗਈ। ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 1152 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਦੁਆਰਾ 295 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।