ਨਵੀਂ ਦਿੱਲੀ, 30 ਮਈ
ਭਾਰਤ ਅਤੇ ਪਾਕਿਸਤਾਨ ਨੇ ਅੱਜ ਸਿੰਧੂ ਕਮਿਸ਼ਨ ਦੇ ਢਾਂਚੇ ਤਹਿਤ ਪਾਣੀਆਂ ਦੀ ਵੰਡ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ ਹੈ। ਪਾਕਿਸਤਾਨੀ ਹਾਈ ਕਮਿਸ਼ਨ ਮੁਤਾਬਕ ਦਿੱਲੀ ਵਿੱਚ ਮੀਟਿੰਗ ਮੰਗਲਵਾਰ ਨੂੰ ਵੀ ਜਾਰੀ ਰਹੇਗੀ। ਪਾਕਿਸਤਾਨ-ਭਾਰਤ ਸਥਾਈ ਸਿੰਧੂ ਕਮਿਸ਼ਨ (ਪੀਆਈਪੀਆਈਸੀ) ਦੀ 118ਵੀਂ ਮੀਟਿੰਗ ਲਈ ਸਈਦ ਮੁਹੰਮਦ ਮੇਹਰ ਅਲੀ ਸ਼ਾਹ ਦੀ ਅਗਵਾਈ ਹੇਠ ਪਾਕਿਸਤਾਨ ਦਾ ਵਫ਼ਦ ਭਾਰਤ ਆਇਆ ਹੋਇਆ ਹੈ। ਪਾਕਿਸਤਾਨ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਪਾਕਿਸਤਾਨ-ਭਾਰਤ ਸਥਾਈ ਸਿੰਧੂ ਕਮਿਸ਼ਨ ਦੀ 118ਵੀਂ ਮੀਟਿੰਗ ਦਾ ਪਹਿਲਾ ਸੈਸ਼ਨ ਵਿੱਚ ਅੱਜ ਦਿੱਲੀ ਵਿੱਚ ਹੋਇਆ ਅਤੇ ਮੰਗਲਵਾਰ ਨੂੰ ਦੂਜਾ ਸੈਸ਼ਨ ਜਾਰੀ ਰਹੇਗਾ। ਦੱਸਣਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਿੰਧੂ ਜਲ ਸੰਧੀ (ਆਈਡਬਲਿਊਟੀ) 1960 ਵਿੱਚ ਹੋਈ ਸੀ ਜਿਸ ਤਹਿਤ ਦੋਵਾਂ ਦੇਸ਼ਾਂ ਨੂੰ ਸਤਲੁਜ, ਬਿਆਸ, ਰਾਵੀ, ਸਿੰਧੂ ਜੇਹਲਮ ਅਤੇ ਚਨਾਬ ਦੇ ਪਾਣੀਆਂ ਦੀ ਵੰਡ ਕੀਤੀ ਗਈ ਸੀ। ਸਿੰਧੂ ਜਲ ਸੰਧੀ ਦੇ ਆਰਟੀਕਲ VIII(5) ਦੀਆਂ ਤਜਵੀਜ਼ਾਂ ਮੁਤਾਬਕ ਸਥਾਈ ਸਿੰਧੂ ਕਮਿਸ਼ਨ ਦੀ ਸਾਲ ਵਿੱਚ ਘੱਟੋ-ਘੱਟੋ ਇੱਕ ਵਾਰ ਮੀਟਿੰਗ ਹੋਣੀ ਜ਼ਰੂਰੀ ਹੈ।