ਜਕਾਰਤਾ, 28 ਮਈ
ੲੇਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੁਪਰ-4 ਗੇੜ ਵਿੱਚ ਅੱਜ ਇੱਥੇ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾ ਕੇ ਲੀਗ ਮੁਕਾਬਲੇ ’ਚ ਮਿਲੀ ਹਾਰ ਦਾ ਹਿਸਾਬ ਬਰਾਬਰ ਕਰ ਲਿਆ ਹੈ। ਮੌਜੂਦਾ ਚੈਂਪੀਅਨ ਭਾਰਤ ਨੂੰ ਲੀਗ ਮੁਕਾਬਲੇ ਵਿੱਚ ਜਾਪਾਨ ਤੋਂ 2-5 ਨਾਲ ਹਾਰ ਮਿਲੀ ਸੀ। ਅੱਜ ਦੇ ਮੈਚ ਵਿੱਚ ਭਾਰਤ ਵੱਲੋਂ ਮਨਜੀਤ ਨੇ 8ਵੇਂ ਮਿੰਟ ਵਿੱਚ ਅਤੇ ਪਵਨ ਰਾਜਭਰ ਨੇ 35ਵੇਂ ਮਿੰਟ ਵਿੱਚ ਇੱਕ-ਇੱਕ ਮੈਦਾਨੀ ਗੋਲ ਦਾਗਿਆ ਜਦਕਿ ਜਾਪਾਨ ਵੱਲੋਂ ਇਕਲੌਤਾ ਗੋਲ ਤਾਕੁਮਾ ਨਿਵਾ ਨੇ 18ਵੇਂ ਮਿੰਟ ਵਿੱਚ ਕੀਤਾ। ਜਾਪਾਨ ਨੇ ਆਖਰੀ ਹੂਟਰ ਵੱਜਣ ਤੋਂ ਤਿੰਨ ਮਿੰਟ ਪਹਿਲਾਂ ਵੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਭਾਰਤੀ ਟੀਮ ਦੀ ਰੱਖਿਆ ਪੰਕਤੀ ਨੇ ਜਾਪਾਨੀ ਖਿਡਾਰੀਆਂ ਦੀ ਗੋਲ ਕਰਨ ਦੀ ਕੋਸ਼ਿਸ਼ ਅਸਫਲ ਬਣਾ ਦਿੱਤੀ। ਸੁਪਰ-4 ਗੇੜ ਵਿੱਚ ਐਤਵਾਰ ਨੂੰ ਭਾਰਤ ਦਾ ਅਗਲਾ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ। ਇਸੇ ਦੌਰਾਨ ਸੁਪਰ-4 ਗੇੜ ਦੇ ਇੱਕ ਹੋਰ ਮੁਕਾਬਲੇ ਵਿੱਚ ਦੱਖਣੀ ਕੋਰੀਆ ਅਤੇ ਮਲੇਸ਼ੀਆ 2-2 ਗੋਲਾਂ ਨਾਲ ਬਰਾਬਰ ਰਹੇ। ਦੱਸਣਯੋਗ ਹੈ ਕਿ ਸੁਪਰ-4 ਗੇੜ ਵਿੱਚ ਚਾਰੇ ਟੀਮਾਂ ਭਾਰਤ, ਜਾਪਾਨ, ਦੱਖਣੀ ਕੋਰੀਆ ਤੇ ਮਲੇਸ਼ੀਆ ਨੇ ਹਰ ਟੀਮ ਨਾਲ ਇੱਕ-ਇੱਕ ਮੈਚ ਖੇਡਣਾ ਹੈ ਅਤੇ ਸਿਖਰ ’ਤੇ ਰਹਿਣ ਵਾਲੀਆਂ ਦੋ ਟੀਮਾਂ ਫਾਈਨਲ ’ਚ ਜਾਣਗੀਆਂ। -ਪੀਟੀਆਈ