ਪੈਰਿਸ, 29 ਮਈ
ਰੀਅਲ ਮੈਡ੍ਰਿਡ ਨੇ ਇਥੇ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਬ੍ਰਾਜ਼ੀਲ ਦੇ ਖਿਡਾਰੀ ਵਿਨੀਸੀਅਸ ਜੂਨੀਅਰ ਦੇ ਗੋਲ ਬਦੌਲਤ ਲਿਵਰਪੂਲ ਨੂੰ 1-0 ਨਾਲ ਹਰਾ ਦਿੱਤਾ। ਟੀਮ ਨੇ 14ਵੀਂ ਵਾਰ ਖਿਤਾਬ ਜਿੱਤਿਆ। ਵਿਨੀਸੀਅਸ ਨੇ ਮੈਚ ਦੇ 59ਵੇਂ ਮਿੰਟ ਵਿੱਚ ਫੈਡਰਿਕੋ ਵਾਲਵਰਡੇ ਦੇ ਪਾਸ ‘ਤੇ ਗੋਲ ਕੀਤਾ। ਉਸ ਤੋਂ ਇਲਾਵਾ ਰੀਅਲ ਮੈਡ੍ਰਿਡ ਨੂੰ ਚੈਂਪੀਅਨ ਬਣਾਉਣ ਦਾ ਸਿਹਰਾ ਗੋਲਕੀਪਰ ਥੀਬੌਟ ਕੋਰਟੋਇਸ ਨੂੰ ਜਾਂਦਾ ਹੈ, ਜਿਸ ਨੇ ਸ਼ਾਨਦਾਰ ਡਿਫੈਂਸ ਨਾਲ ਸਾਦੀਓ ਮਾਨੇ ਅਤੇ ਮੁਹੰਮਦ ਸਾਲਾਹ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।ਪਿਛਲੇ ਚੈਂਪੀਅਨਜ਼ ਲੀਗ ਫਾਈਨਲ ਵਾਂਗ ਇਹ ਮੈਚ ਵੀ ਦਰਸ਼ਕਾਂ ਦੇ ਹੰਗਾਮੇ ਨਾਲ ਪ੍ਰਭਾਵਿਤ ਹੋਇਆ। ਇਸ ਕਾਰਨ ਇੱਥੋਂ ਦੇ ਸਟੈਡ ਡੀ ਫਰਾਂਸ ਸਟੇਡੀਅਮ ਵਿੱਚ ਫਾਈਨਲ ਮੈਚ ਸ਼ੁਰੂ ਹੋਣ ਵਿੱਚ 37 ਮਿੰਟ ਦੀ ਦੇਰੀ ਹੋਈ। ਮੈਦਾਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੀ ਭੀੜ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।