ਜਨੇਵਾ: ਕੁਝ ਮੰਨੇ-ਪ੍ਰਮੰਨੇ ਲਾਗ਼ ਦੀਆਂ ਬਿਮਾਰੀਆਂ ਦੇ ਮਾਹਿਰਾਂ ਨੇ ਆਲਮੀ ਸਿਹਤ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਹ ‘ਮੰਕੀਪੌਕਸ’ ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਤੇਜ਼ੀ ਨਾਲ ਕਦਮ ਚੁੱਕਣ ਜੋ ਕਿ ਹੁਣ ਤੱਕ 20 ਦੇਸ਼ਾਂ ਵਿਚ ਫੈਲ ਚੁੱਕੀ ਹੈ। ਉਨ੍ਹਾਂ ਕਿਹਾ ਹੈ ਕਿ ਸਰਕਾਰਾਂ ਤੇ ਵਿਸ਼ਵ ਸਿਹਤ ਸੰਗਠਨ ਨੂੰ ਕਰੋਨਾ ਮਹਾਮਾਰੀ ਦੇ ਸ਼ੁਰੂ ਵਿਚ ਕੀਤੀਆਂ ਗਲਤੀਆਂ ਨਹੀਂ ਦੁਹਰਾਉਣੀਆਂ ਚਾਹੀਦੀਆਂ ਜਿਸ ਕਾਰਨ ਕੇਸਾਂ ਦੀ ਸ਼ਨਾਖ਼ਤ ਵਿਚ ਦੇਰੀ ਹੋਈ। ਹਾਲਾਂਕਿ ਇਹ ਬਿਮਾਰੀ ਕੋਵਿਡ ਵਾਂਗ ਨਹੀਂ ਫੈਲਦੀ ਤੇ ਨਾ ਹੀ ਜ਼ਿਆਦਾ ਖ਼ਤਰਨਾਕ ਹੈ। ਉਨ੍ਹਾਂ ਕਿਹਾ ਕਿ ਪਰ ਇਸ ਬਾਰੇ ਸਪੱਸ਼ਟ ਤੌਰ ’ਤੇ ਦੱਸਣ ਦੀ ਲੋੜ ਹੈ ਕਿ ਪੀੜਤਾਂ ਨੂੰ ਵੱਖ ਕਿਵੇਂ ਕੀਤਾ ਜਾਵੇ। ਡਬਲਿਊਐਚਓ ਹਾਲੇ ਇਸ ਗੱਲ ਉਤੇ ਵਿਚਾਰ ਕਰ ਰਿਹਾ ਹੈ ਕਿ ਕੀ ਇਸ ਬਿਮਾਰੀ ਨੂੰ ਸਿਹਤ ਐਮਰਜੈਂਸੀ ਐਲਾਨਣ ਦੀ ਲੋੜ ਹੈ ਜਾਂ ਨਹੀਂ। ਹਾਲਾਂਕਿ ਸੰਗਠਨ ਦੇ ਇਸ ਨਤੀਜੇ ਉਤੇ ਜਲਦੀ ਪਹੁੰਚਣ ਦੇ ਆਸਾਰ ਨਹੀਂ ਹਨ। -ਰਾਇਟਰਜ਼