ਜਕਾਰਤਾ, 29 ਮਈ
ਏਸ਼ੀਆ ਕੱਪ ਹਾਕੀ ਦੇ ਸੁਪਰ-4 ਗੇੜ ’ਚ ਭਾਰਤ ਅਤੇ ਮਲੇਸ਼ੀਆ ਵਿਚਾਲੇ ਮੈਚ 3-3 ਗੋਲਾਂ ਨਾਲ ਬਰਾਬਰ ਰਿਹਾ ਹੈ। ਰਾਜ਼ੀ ਰਹੀਮ ਦੀ ਹੈਟ੍ਰਿਕ ਸਦਕਾ ਮਲੇਸ਼ੀਆ ਭਾਰਤ ਨੂੰ ਬਰਾਬਰੀ ਰੋਕਣ ’ਚ ਸਫਲ ਰਿਹਾ ਹੈ ਪਰ ਫਿਰ ਵੀ ਭਾਰਤੀ ਟੀਮ ਫਾਈਨਲ ’ਚ ਪਹੁੰਚਣ ਦੇ ਕਰੀਬ ਹੈ। ਮਲੇਸ਼ੀਆ ਵੱਲੋਂ ਰਹੀਮ ਨੇ 12ਵੇਂ, 21ਵੇਂ ਅਤੇ 56ਵੇਂ ਮਿੰਟ ਵਿੱਚ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ। ਪਹਿਲਾਂ ਦੋ ਗੋਲਾਂ ਨਾਲ ਪੱਛੜੀ ਭਾਰਤੀ ਟੀਮ ਵੱਲੋਂ ਵਿਸ਼ਨੂਕਾਂਤ ਨੇ 32ਵੇਂ ਮਿੰਟ ਵਿੱਚ, ਐੱਸ.ਵੀ. ਸੁਨੀਲ ਨੇ 53ਵੇਂ ਅਤੇ ਨੀਲਮ ਸੰਜਦੀਪ ਨੇ 55ਵੇਂ ਮਿੰਟ ਵਿੱਚ ਗੋਲ ਦਾਗੇ ਅਤੇ ਮੈਚ ਵਿੱਚ ਵਾਪਸੀ ਕੀਤੀ। ਸੁਪਰ-4 ਅੰਕ ਸੂਚੀ ਵਿੱਚ ਦੱਖਣੀ ਕੋਰੀਆ ਪਲੱਸ ਦੋ ਗੋਲ ਅੰਤਰ ਨੇ ਸਿਖਰ ’ਤੇ ਹੈ ਜਦਕਿ ਭਾਰਤ ਪਲੱਸ ਇੱਕ ਗੋਲ ਅੰਤਰ ਨਾਲ ਦੂਜੇ ਸਥਾਨ ’ਤੇ ਹੈ। ਜਾਪਾਨ ਫਾਈਨਲ ਦੀ ਦੌੜ ਵਿੱਚੋਂ ਬਾਹਰ ਹੋ ਚੁੱਕਾ ਹੈ। ਮਲੇਸ਼ੀਆ ਦਾ ਗੋਲ ਅੰਤਰ ਸਿਫਰ ਹੈ ਅਤੇ ਜਾਪਾਨ ਨੂੰ ਵੱਡੇ ਅੰਤਰ (ਘੱਟੋ ਘੱਟ ਦੋ ਗੋਲਾਂ) ਨਾਲ ਹਰਾ ਕੇ ਉਹ ਫਾਈਨਲ ਵਿੱਚ ਪਹੁੰਚ ਸਕਦਾ ਹੈ ਬਸ਼ਰਤੇ ਭਾਰਤ ਅਤੇ ਦੱਖਣੀ ਕੋਰੀਆ ਦਾ ਮੈਚ ਡਰਾਅ ਹੋ ਜਾਵੇ। -ਪੀਟੀਆਈ