ਬਲਵਿੰਦਰ ਰੈਤ
ਨੂਰਪੁਰ ਬੇਦੀ, 27 ਮਈ
ਪਿਛਲੇ ਦਿਨੀਂ ਵਾਇਰਲ ਹੋਈ ਵੀਡੀਓ ਵਿੱਚ ਸਾਊਦੀ ਅਰਬ ਵਿੱਚ ਫਸੇ ਪੰਜਾਬ ਦੇ ਹੋਰਨਾਂ ਇਲਾਕਿਆਂ ਸਣੇ ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਦੇ ਤਿੰਨ ਨੌਜਵਾਨ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਰਣਜੀਤ ਸਿੰਘ ਪੁੱਤਰ ਰੂਪ ਚੰਦ ਪਿੰਡ ਜਟਵਾੜਾ, ਕਰਨ ਪੁੱਤਰ ਹਰਵਿੰਦਰ ਸਿੰਘ ਪਿੰਡ ਬਰਾਰੀ, ਬਲਜੀਤ ਸਿੰਘ ਪੁੱਤਰ ਦੇਵ ਰਾਜ ਪਿੰਡ ਸੰਦੋਆ ਹਨ। ਇਨ੍ਹਾਂ ਨੌਜਵਾਨਾਂ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਸਣੇ ਸਾਊਦੀ ਅਰਬ ਵਿੱਚ ਕਰੀਬ 28 ਪੰਜਾਬੀ ਨੌਜਵਾਨ ਹਨ ਜਿਨ੍ਹਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਇਨ੍ਹਾਂ ਨੌਜਨਾਵਾਂ ਨੇ ਆਪਣੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਪਰ ਵੀ ਪਾਈ ਹੈ ਜਿਸ ਵਿੱਚ ਉਨ੍ਹਾਂ ਨੇ ਟਰੈਵਲ ਏਜੰਟਾਂ ਉਪਰ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਨੌਜਵਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤ ਲਿਆਂਦਾ ਜਾਵੇ। ਇਹ ਨੌਜਵਾਨ ਫਿਲਹਾਲ ਸਾਊਦੀ ਅਰਬ ਦੇ ਰਿਆਧ ਸ਼ਹਿਰ ਵਿੱਚ ਰਹਿ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਅਪਰੈਲ ਦੇ ਪਹਿਲੇ ਹਫਤੇ ਸਾਊਦੀ ਅਰਬ ਆਏ ਸਨ। ਟਰੈਵਲ ਏਜੰਟਾਂ ਨੇ ਉਨ੍ਹਾਂ ਨੂੰ ‘ਜਾਅਲੀ’ ਡਰਾਈਵਿੰਗ ਲਾਇਸੈਂਸ ਦੇ ਕੇ ਭੇਜਿਆ ਜੋ ਕਿ ਛੋਟੇ ਵਾਹਨਾਂ ਦੇ ਸਨ। ਰਣਜੀਤ ਨੇ ਕਿਹਾ ਕਿ ਉਨ੍ਹਾਂ ਇੱਥੇ ਲੇਬਰ ਕੋਰਟ ਵਿੱਚ ਕੇਸ ਵੀ ਪਾਇਆ ਹੋਇਆ ਹੈ ਜੇ ਉਹ ਕੇਸ ਵਾਪਸ ਲੈਂਦੇ ਹਨ ਤਾਂ ਫਿਰ ਦੁਬਾਰਾ ਦੋ ਸਾਲ ਤੱਕ ਕੰਪਨੀ ਖ਼ਿਲਾਫ਼ ਕੇਸ ਨਹੀਂ ਕਰ ਸਕਦੇ ਅਤੇ ਫਿਰ ਉਨ੍ਹਾਂ ਦੀਆਂ ਸ਼ਰਤਾਂ ਮੁਤਾਬਕ ਕੰਮ ਕਰਨਾ ਪਵੇਗਾ। ਕਰਨ ਵਾਸੀ ਬਰਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਨਾ ਰੁਜ਼ਗਾਰ ਹੈ ਅਤੇ ਨਾ ਚੰਗਾ ਖਾਣਾ। ਹੁਣ ਉਹ ਘਰ ਆਉਣਾ ਚਾਹੁੰਦੇ ਹਨ। ਜਟਵਾੜਾ ਦੇ ਰਣਜੀਤ ਸਿੰਘ ਦੇ ਪਿਤਾ ਰੂਪ ਚੰਦ ਦਾ ਕਹਿਣਾ ਹੈ ਕਿ ਉਸ ਨੇ ਕਰਜ਼ਾ ਚੁੱਕ ਕੇ ਡੇਢ ਲੱਖ ਰੁਪਏ ਏਜੰਟ ਨੂੰ ਦਿੱਤੇ ਸਨ ਪਰ ਉਸ ਨੂੰ ਸਾਊਦੀ ਅਰਬ ਵਿੱਚ ਵਾਅਦੇ ਮੁਤਾਬਕ ਰੁਜ਼ਗਾਰ ਨਹੀਂ ਮਿਲਿਆ। ਕੱਚੇ ਮਕਾਨ ਵਿੱਚ ਜੀਵਨ ਬਤੀਤ ਕਰਨ ਵਾਲੇ ਰੂਪ ਚੰਦ ਦਰਜੀ ਦਾ ਕੰਮ ਕਰਦੇ ਹਨ। ਨੌਜਵਾਨ ਬਲਜੀਤ ਕੁਮਾਰ ਪਿੰਡ ਸੰਦੋਆ ਨੇ ਕਿਹਾ ਕਿ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਇਨਸਾਫ ਲਈ ਬੇਨਤੀ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਉਹ ਸਾਡੀ ਸੁਣਵਾਈ ਜ਼ਰੂਰ ਕਰਨਗੇ।