ਜਗਮੋਹਨ ਸਿੰਘ
ਰੂਪਨਗਰ, 28 ਮਈ
ਪੰਜਾਬ ਅੰਦਰ ਰੋਜ਼ 35 ਹਜ਼ਾਰ ਤੋਂ 40 ਹਜ਼ਾਰ ਟਨ ਤੱਕ ਹੀ ਕਾਨੂੰਨੀ ਤੌਰ ’ਤੇ ਮਾਈਨਿੰਗ ਕੀਤੀ ਜਾਂਦੀ ਸੀ, ਜਿਸ ਵਿੱਚ ਇਸ ਸਾਲ ਭਾਰੀ ਇਜ਼ਾਫਾ ਹੋਣ ਨਲ ਇਹ ਅੰਕੜਾ ਇੱਕ ਲੱਖ ਟਨ ਨੂੰ ਪਾਰ ਕਰ ਚੁੱਕਿਆ ਹੈ। ਇਹ ਗੱਲ ਪੰਜਾਬ ਦੇ ਖਣਨ ਅਤੇ ਭੂ ਵਿਗਿਆਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਹੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਗੈਰ ਕਾਨੂੰਨੀ ਖਣਨ ਅਤੇ ਖਣਨ ਮਾਫੀਏ ਦਾ ਖਾਤਮਾ ਕਰ ਦਿੱਤਾ ਗਿਆ ਹੈ, ਜਿਸ ਦੀ ਬਦੌਲਤ ਸਰਕਾਰੀ ਖਜ਼ਾਨੇ ਦੇ ਮਾਲੀਏ ਵਿੱਚ ਵਾਧਾ ਹੋਣ ਲੱਗਿਆ ਹੈ। ਉਨ੍ਹਾਂ ਦੱਸਿਆ ਕਿ 27 ਮਈ ਤੱਕ 1,03,000 ਟਨ ਜਾਇਜ਼ ਖਣਨ ਹੋ ਚੁੱਕਿਆ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪਿਛਲੇ ਸਾਲ 7 ਵਿੱਚੋਂ 6 ਬਲਾਕ ਚੱਲਦੇ ਸੀ ਤੇ ਇਸ ਸਾਲ ਸਿਰਫ 4 ਬਲਾਕ ਚੱਲਦੇ ਹਨ ਪਰ ਇਸ ਦੇ ਬਾਵਜੂਦ ਕਾਨੂੰਨੀ ਖਣਨ ਵਿੱਚ ਢਾਈ ਗੁਣਾ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਅੰਦਰ ਵੱਡੀ ਗਿਣਤੀ ਵਿੱਚ ਰੋਜ਼ ਸੈਂਕੜੇ ਟਨ ਖਣਨ ਕੀਤੇ ਜਾਣ ਦੇ ਬਾਵਜੂਦ ਕਾਗਜ਼ਾਂ ਵਿੱਚ ਮਈ ਮਹੀਨੇ ਦੌਰਾਨ ਸਿਰਫ 20 ਹਜ਼ਾਰ ਟਨ ਖਣਨ ਦਿਖਾਈ ਗਈ, ਜਦੋਂ ਕਿ ਇਸ ਸਾਲ ਇਹ ਅੰਕੜਾ 8 ਗੁਣਾ ਯਾਨੀ 1,60,000 ਟਨ ਨੂੰ ਪਾਰ ਕਰ ਚੁੱਕਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਜਿੰਨੇ ਵੀ ਖਣਨ ਸਮੱਗਰੀ ਦੇ ਭਰੇ ਹੋਏ ਵਾਹਨ ਸੜਕਾਂ ’ਤੇ ਦੌੜਦੇ ਦਿਖਾਈ ਦਿੰਦੇ ਹਨ, ਉਨ੍ਹਾਂ ਸਾਰਿਆਂ ਕੋਲ ਕਾਨੂੰਨੀ ਦਸਤਾਵੇਜ਼ ਹਨ ਤੇ ਹੁਣ ਗੈਰ ਕਾਨੂੰਨੀ ਖਣਨ ਦਾ ਬਿਲਕੁਲ ਖਾਤਮਾ ਹੋ ਚੁੱਕਾ ਹੈ।