ਨਵੀਂ ਦਿੱਲੀ: ‘ਮੂਡੀਜ਼ ਇਨਵੈਸਟਰ ਸਰਵਿਸ’ ਨੇ ਅੱਜ ਉੱਚੀ ਮਹਿੰਗਾਈ ਦਰ ਦਾ ਹਵਾਲਾ ਦਿੰਦਿਆਂ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਘਟਾ ਕੇ 8.8 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਦੇ 9.1 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ। ਮੂਡੀਜ਼ ਨੇ ਕਿਹਾ ਕਿ ਸਾਲ 2022-23 ਲਈ ਬਰਾਮਦ, ਜੀਐੱਸਟੀ, ਮਾਲ ਦੀ ਢੋਆ-ਢੁਆਈ ਜਿਹੇ ਅੰਕੜੇ ਦੱਸਦੇ ਹਨ ਕਿ ਦਸੰਬਰ 2021 ਦੀ ਤਿਮਾਹੀ ਵਿਚ ਵਿਕਾਸ ਦਰ ਨੇ ਰਫ਼ਤਾਰ ਫੜੀ ਹੈ ਤੇ ਇਹ ਇਸ ਸਾਲ ਪਹਿਲੇ ਚਾਰ ਮਹੀਨੇ ਜਾਰੀ ਰਹੇਗੀ। ਹਾਲਾਂਕਿ ਕੱਚੇ ਤੇਲ, ਖਾਧ ਪਦਾਰਥਾਂ ਤੇ ਖਾਦਾਂ ਦੀ ਕੀਮਤ ਵਿਚ ਤੇਜ਼ੀ ਨਾਲ ਘਰਾਂ ਦੀ ਵਿੱਤੀ ਸਥਿਤੀ ਤੇ ਆਉਣ ਵਾਲੇ ਮਹੀਨਿਆਂ ਵਿਚ ਖ਼ਰਚ ਉਤੇ ਅਸਰ ਪਏਗਾ। ਊਰਜਾ ਤੇ ਖ਼ੁਰਾਕੀ ਮਹਿੰਗਾਈ ਨੂੰ ਕਾਬੂ ਵਿਚ ਰੱਖਣ ਲਈ ਨੀਤੀਗਤ ਦਰ ਵਿਚ ਵਾਧੇ ਨਾਲ ਮੰਗ ’ਚ ਸੁਧਾਰ ਦੀ ਗਤੀ ਹੌਲੀ ਹੋਵੇਗੀ। ਮੂਡੀਜ਼ ਨੇ ਕਿਹਾ, ‘ਅਸੀਂ ਸਾਲ 2022 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਘਟਾ ਕੇ 8.8 ਪ੍ਰਤੀਸ਼ਤ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਮਾਰਚ ਵਿਚ ਇਸ ਦੇ 9.1 ਪ੍ਰਤੀਸ਼ਤ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਸੀ।’ ਹਾਲਾਂਕਿ ਸਾਲ 2023 ਲਈ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ 5.4 ਪ੍ਰਤੀਸ਼ਤ ’ਤੇ ਬਰਕਰਾਰ ਰੱਖਿਆ ਗਿਆ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਕਰਜ਼ੇ ਵਿਚ ਚੰਗਾ ਵਾਧਾ, ਕੰਪਨੀਆਂ ਦੇ ਵੱਡੇ ਪੱਧਰ ਉਤੇ ਨਿਵੇਸ਼ ਦੇ ਐਲਾਨ ਤੇ ਸਰਕਾਰ ਦੇ ਬਜਟ ਵਿਚ ਪੂੰਜੀਗਤ ਖ਼ਰਚ ਦੀ ਵੰਡ ਵਧਾਏ ਜਾਣ ਨਾਲ ਨਿਵੇਸ਼ ’ਚ ਮਜ਼ਬੂਤੀ ਆਉਣ ਦੇ ਸੰਕੇਤ ਮਿਲਦੇ ਹਨ। ਮੂਡੀਜ਼ ਨੇ ਕਿਹਾ, ‘ਜੇਕਰ ਕੱਚੇ ਤੇਲ ਤੇ ਖਾਧ ਪਦਾਰਥਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਨਹੀਂ ਹੁੰਦਾ ਤਾਂ ਅਰਥਚਾਰਾ ਤੇਜ਼ ਰਫ਼ਤਾਰ ਨਾਲ ਅੱਗੇ ਵਧਣਾ ਜਾਰੀ ਰੱਖਣ ਲਈ ਮਜ਼ਬੂਤ ਸਥਿਤੀ ਵਿਚ ਹੋਵੇਗਾ।’
ਮੂਡੀਜ਼ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਆਰਥਿਕ ਅਸਰ ਹਾਲੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਏ। ਇਸ ਤੋਂ ਇਲਾਵਾ ਚੀਨ ਵੱਲੋਂ ਕਰੋਨਾ ਦੇ ਮੱਦੇਨਜ਼ਰ ਲਾਈਆਂ ਸਖ਼ਤ ਪਾਬੰਦੀਆਂ ਦਾ ਅਸਰ ਵੀ ਆਲਮੀ ਵਿਕਾਸ ਦਰ ਉਤੇ ਪਿਆ ਹੈ। ਹਾਲਾਂਕਿ ਆਸ ਜਤਾਈ ਗਈ ਹੈ ਕਿ ਮਹਿੰਗਾਈ ਅਗਲੇ ਸਾਲ ਤੋਂ ਘਟਣੀ ਸ਼ੁਰੂ ਹੋਵੇਗੀ। ਫ਼ਿਲਹਾਲ ਕੀਮਤਾਂ ਉੱਚੀਆਂ ਰਹਿਣਗੀਆਂ ਤੇ ਖ਼ਪਤਕਾਰ ਮੰਗ ਉਤੇ ਨਿਰਭਰ ਰਹਿਣਗੀਆਂ। ਅੱਜ ਰਿਲੀਜ਼ ਹੋਈ ਰਿਪੋਰਟ ਵਿਚ ਮੂਡੀਜ਼ ਨੇ ਆਲਮੀ ਵਿਕਾਸ ਦਰ ਸਬੰਧੀ ਅੰਦਾਜ਼ੇ ਵੀ ਘਟਾ ਦਿੱਤੇ ਹਨ। 2022 ਤੇ 2023 ਵਿਚ ਮਹਿੰਗਾਈ ਵਧਣ ਲਈ ਕਈ ਨਕਾਰਾਤਮਕ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਏਡੀਬੀ ਨੇ ਭਾਰਤ ਦੀ ਵਿਕਾਸ ਦਰ 7.5 ਪ੍ਰਤੀਸ਼ਤ ਜਦਕਿ ਆਰਬੀਆਈ ਨੇ 7.2 ਪ੍ਰਤੀਸ਼ਤ ਰਹਿਣ ਦੀ ਸੰਭਾਵਨਾ ਜਤਾਈ ਸੀ। ਵਿਸ਼ਵ ਬੈਂਕ ਤੇ ਕੌਮਾਂਤਰੀ ਮੁਦਰਾ ਫੰਡ ਨੇ ਵੀ ਭਾਰਤ ਦੀ ਜੀਡੀਪੀ ਬਾਰੇ ਪਹਿਲਾਂ ਲਾਏ ਅੰਦਾਜ਼ੇ ਘਟਾ ਦਿੱਤੇ ਸਨ। -ਪੀਟੀਆਈ