ਦੁਬਈ, 25 ਮਈ
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਜਾਰੀ ਸੱਜਰੀ ਟੈਸਟ ਦਰਜਾਬੰਦੀ ਵਿੱਚ ਸਿਖਰਲੇ 10 ਸਥਾਨਾਂ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਬੱਲੇਬਾਜ਼ਾਂ ਦੀ ਸੂਚੀ ਵਿੱਚ ਮਾਰਨਸ ਲਾਬੂਸ਼ੇਨ ਪਹਿਲੇ ਸਥਾਨ ’ਤੇ ਬਰਕਰਾਰ ਹੈ, ਜਦਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ ਕ੍ਰਮਵਾਰ 8ਵੇਂ ਤੇ 10ਵੇਂ ’ਤੇ ਬਣੇ ਹੋਏ ਹਨ। ਹਾਲਾਂਕਿ ਸ੍ਰੀਲੰਕਾ ਤੇ ਬੰਗਲਾਦੇਸ਼ ਦੇ ਕੁਝ ਖਿਡਾਰੀਆਂ ਦੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ। ਗੇਂਦਬਾਜ਼ਾਂ ਦੀ ਸੂਚੀ ਵਿੱਚ ਪੈੱਟ ਕਮਿੰਸ ਪਹਿਲੇ, ਭਾਰਤੀ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਦੂਜੇ ਅਤੇ ਜਸਪ੍ਰੀਤ ਬੁਮਰਾਹ ਤੀਜੇ ਸਥਾਨ ’ਤੇ ਹਨ। ਆਲਰਾਊਡਰਾਂ ਦੀ ਸੂਚੀ ਵਿੱਚ ਭਾਰਤ ਦਾ ਰਵਿੰਦਰ ਜਡੇਜਾ ਪਹਿਲੇ ਸਥਾਨ ’ਤੇ ਹੈ। -ਪੀਟੀਆਈ