32.5 C
Patiāla
Friday, July 26, 2024

ਮੁਕਤ, ਖੁੱਲ੍ਹੇ ਤੇ ਇਕਜੁੱਟ ਹਿੰਦ-ਪ੍ਰਸ਼ਾਂਤ ਖਿੱਤੇ ਲਈ ਭਾਰਤ ਵਚਨਬੱਧ: ਮੋਦੀ

Must read

ਮੁਕਤ, ਖੁੱਲ੍ਹੇ ਤੇ ਇਕਜੁੱਟ ਹਿੰਦ-ਪ੍ਰਸ਼ਾਂਤ ਖਿੱਤੇ ਲਈ ਭਾਰਤ ਵਚਨਬੱਧ: ਮੋਦੀ


ਟੋਕੀਓ, 23 ਮਈ

ਭਾਰਤ ਨੇ ਖੁੱਲ੍ਹੇ, ਮੁਕਤ ਤੇ ਇਕਜੱੁਟ ਹਿੰਦ-ਪ੍ਰਸ਼ਾਂਤ ਖਿੱਤੇ ਦੀ ਵਚਨਬੱਧਤਾ ਜ਼ਾਹਿਰ ਕਰਦੇ ਹੋਏ ਭਾਈਵਾਲ ਮੁਲਕਾਂ ਨਾਲ ਆਰਥਿਕ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ’ਤੇ ਜ਼ੋਰ ਦਿੱਤਾ ਤਾਂ ਕਿ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ। ਖ਼ੁਸ਼ਹਾਲੀ ਲਈ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ (ਆਈਪੀਈਐੱਫ) ਦੀ ਸ਼ੁਰੂਆਤ ਲਈ ਰੱਖੇ ਸਮਾਗਮ ਵਿੱਚ ਸ਼ਾਮਲ ਹੁੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਇਸ ਅਹਿਮ ਸਮਾਗਮ ਵਿੱਚ ਹੋਰਨਾਂ ਮੁਲਕਾਂ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟਾ ਇਸ ਖੇਤਰ ਨੂੰ ਆਲਮੀ ਆਰਥਿਕ ਵਿਕਾਸ ਦਾ ਇੰਜਨ ਬਣਾਉਣ ਦੀ ਸਾਡੀ ਸਮੂਹਿਕ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, ‘‘ਇਸ ਅਹਿਮ ਪੇਸ਼ਕਦਮੀ ਲਈ ਮੈਂ ਰਾਸ਼ਟਰਪਤੀ ਬਾਇਡਨ ਨੂੰ ਵਧਾਈ ਦਿੰਦਾ ਹਾਂ। ਹਿੰਦ ਪ੍ਰਸ਼ਾਂਤ ਆਰਥਿਕ ਸਰਗਰਮੀਆਂ, ਆਲਮੀ ਵਪਾਰ ਤੇ ਨਿਵੇਸ਼ ਦਾ ਕੇਂਦਰ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕਾਰੋਬਾਰ ਦੇ ਵਹਿਣ ਵਿੱਚ ਭਾਰਤ ਸਦੀਆਂ ਤੋਂ ਪ੍ਰਮੁੱਖ ਕੇਂਦਰ ਰਿਹਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਦੀ ਸਭ ਤੋਂ  ਪੁਰਾਣੀ ਵਪਾਰਕ ਬੰਦਰਗਾਹ ਭਾਰਤ ਵਿੱਚ ਉਨ੍ਹਾਂ ਦੇ ਪਿਤਰੀ ਰਾਜ ਲੋਥਲ ਵਿੱਚ ਹੈ, ਲਿਹਾਜ਼ਾ ਇਹ ਜ਼ਰੂਰੀ ਹੈ ਕਿ ਅਸੀਂ ਇਸ ਖੇਤਰ ਦੀਆਂ ਆਰਥਿਕ ਚੁਣੌਤੀਆਂ ਲਈ ਸਾਂਝਾ ਹੱਲ ਖੋਜੀੲੇ ਤੇ ਰਚਨਾਤਮਕ ਪ੍ਰਬੰਧ ਬਣਾਈਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਸੰਮਲਿਤ ਤੇ ਮਜ਼ਬੂਤ ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ ਦੇ ਨਿਰਮਾਣ ਲਈ ਸਾਰਿਆਂ ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਾਡੇ ਦਰਮਿਆਨ ਲਚਕਦਾਰ ਸਪਲਾਈ ਚੇਨਾਂ ਦੇ ਤਿੰਨ ਮੁੱਖ ਆਧਾਰ- ਵਿਸ਼ਵਾਸ, ਪਾਰਦਰਸ਼ਤਾ ਤੇ ਸਮਾਂਬੱਧਤਾ ਹੋਣੇ ਚਾਹੀਦੇ ਹਨ।’’ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਚੌਖਟਾ ਇਨ੍ਹਾਂ ਤਿੰਨ ਥੰਮ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ ਅਤੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਵਿਕਾਸ, ਸ਼ਾਂਤੀ ਤੇ ਖ਼ੁਸ਼ਹਾਲੀ ਦੇ ਰਾਹ ਖੋਲ੍ਹੇਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਈਪੀਈਐੱਫ ਜ਼ਰੀਏ ਮੈਂਬਰ ਮੁਲਕਾਂ ਦਰਮਿਆਨ ਆਰਥਿਕ ਗੱਠਜੋੜ ਮਜ਼ਬੂਤ ਬਣਾਉਣ ’ਤੇ ਜ਼ੋਰ ਦੇਣ ਦੀ ਗੱਲ ਕਹੀ ਗਈ ਹੈ, ਜਿਸ ਦਾ ਮੰਤਵ ਮਜ਼ਬੂਤੀ, ਆਰਥਿਕ ਵਿਕਾਸ, ਨਿਰਪੱਖਪਤਾ ਤੇ ਮੁਕਾਬਲੇ ਨੂੰ ਹੱਲਾਸ਼ੇਰੀ ਦੇਣਾ ਹੈ। -ਪੀਟੀਆਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਵਿੱਚ ਇਕ ਭਾਰਤੀ ਲੜਕੇ ਵੱਲੋਂ ਬਣਾਈ ਤਸਵੀਰ ’ਤੇ ਆਟੋਗ੍ਰਾਫ਼ ਦਿੰਦੇ ਹੋਏ। -ਫੋਟੋ: ਪੀਟੀਆਈ

ਜਾਪਾਨ ਦੇ ਕਾਰੋਬਾਰੀ ਆਗੂਆਂ ਨੂੰ ਮਿਲੇ ਮੋਦੀ

ਟੋਕੀਓ: ਕੁਆਡ ਸਿਖਰ ਵਾਰਤਾ ਲਈ ਜਾਪਾਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸੌਫ਼ਟਬੈਂਕ ਦੇ ਮਾਸਾਯੋਸ਼ੀ ਸੋਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਓਸਾਮੁ ਸੁਜ਼ੂਕੀ ਸਣੇ ਜਾਪਾਨ ਦੇ ਸਿਖਰਲੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਸ੍ਰੀ ਮੋਦੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਟੈਕਸਟਾਈਲ ਤੋਂ ਆਟੋਮੋਬਾਈਲ, ਉਭਰਦੀਆਂ ਤਕਨੀਕਾਂ, ਊਰਜਾ, ਵਿੱਤ ਤੇ ਸਟਾਰਟਅੱਪਸ ਸਣੇ ਵੱਖ ਵੱਖ ਸੈਕਟਰਾਂ ਵਿੱਚ ਨਿਵੇਸ਼ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਇਲੈਕਟ੍ਰਾਨਿਕ ਜਾਇੰਟ ਐੱਨਈਸੀ ਕਾਰਪੋਰੇਸ਼ਨ ਦੇ ਚੇਅਰਮੈਨ ਨੋਬੁਹਿਰੋ ਐਂਡੋ ਨੂੰ ਮਿਲੇ ਤੇ ਮਗਰੋਂ ਉਹ ਜਾਪਾਨ ਦੇ ਕੱਪੜਾ ਬਰਾਂਡ ਯੁਨੀਕਲੋ’ਸ ਦੇ ਸੀਈਓ ਤਾਦਾਸ਼ੀ ਯਾਨਾਈ ਨੂੰ ਵੀ ਮਿਲੇ। ਉਪਰੰਤ ਸੋਨ ਤੇ ਸੁਜ਼ੂਕੀ ਨਾਲ ਮੁਲਾਕਾਤ ਕਰਕੇ ਨਿਵੇਸ਼ ਮੌਕਿਆਂ ’ਤੇ ਚਰਚਾ ਕੀਤੀ। -ਪੀਟੀਆਈ 

ਵੈਕਸੀਨ ਉਤਪਾਦਨ ’ਚ ਵਾਧੇ ਲਈ ਭਾਰਤ ਦੀ ਸ਼ਲਾਘਾ

ਦਾਵੋਸ: ਵਿਸ਼ਵ ਆਰਥਿਕ ਫੋਰਮ ਦੇ ਸਾਲਾਨਾ ਸੰਮੇਲਨ ਵਿਚ ਕੋਵਿਡ ਵੈਕਸੀਨ ਉਤਪਾਦਨ ਲਈ ਅੱਜ ਭਾਰਤ ਦੀ ਸ਼ਲਾਘਾ ਕੀਤੀ ਗਈ। ਆਗੂਆਂ ਨੇ ਇਸ ਮੌਕੇ ਕਿਹਾ ਕਿ ਭਾਰਤ ਨੇ ਸਮੇਂ ਸਿਰ ਉਤਪਾਦਨ ਸਮਰੱਥਾ ਵਿਚ ਵਾਧਾ ਕੀਤਾ ਤੇ ਬਾਕੀ ਦੁਨੀਆ ਦੀ ਵੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਹੋਰਾਂ ਨੂੰ ਵੀ ਟੀਕਾਕਰਨ ਦੇ ਇਸ ਭਾਰਤੀ ਮਾਡਲ ਦੀ ਰੀਸ ਕਰਨੀ ਚਾਹੀਦੀ ਹੈ ਤਾਂ ਕਿ ਵਿਆਪਕ ਟੀਕਾਕਰਨ ਹੋ ਸਕੇ। ਭਾਰਤ ਨੇ ਇਸ ਮੌਕੇ ਕਿਹਾ ਕਿ ਉਹ ਆਲਮੀ ਪੱਧਰ ’ਤੇ ਵੈਕਸੀਨ ਉਤਪਾਦਨ ਦਾ ਕੇਂਦਰ ਬਣਨ ਲਈ ਵਚਨਬੱਧ ਹੈ ਤੇ ਹੁਣ ਹੋਰਨਾਂ ਮੁਲਕਾਂ ਨੂੰ ਢੁੱਕਵੀਂ ਸਪਲਾਈ ਯਕੀਨੀ ਬਣਾਉਣ ਦਾ ਦਮ ਰੱਖਦਾ ਹੈ। -ਪੀਟੀਆਈ   

ਬਾਇਡਨ ਵੱਲੋਂ ਹਿੰਦ-ਪ੍ਰਸ਼ਾਂਤ ਵਪਾਰ ਸਮਝੌਤੇ ਦੀ ਸ਼ੁਰੂਆਤ

ਟੋਕੀਓ, 23 ਮਈ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਿੰਦ-ਪ੍ਰਸ਼ਾਂਤ ਖਿੱਤੇ ਦੇ 12 ਮੁਲਕਾਂ ਨਾਲ ਅੱਜ ਇਕ ਨਵੇਂ ਵਪਾਰ ਸਮਝੌਤੇ ਦੀ ਸ਼ੁਰੂਆਤ ਕੀਤੀ, ਜਿਸ ਦਾ ਮੁੱਖ ਮਕਸਦ ਇਨ੍ਹਾਂ ਮੁਲਕਾਂ ਦੇ ਅਰਥਚਾਰਿਆਂ ਨੂੰ ਮਜ਼ਬੂਤ ਕਰਨਾ ਹੈ। ਅਮਰੀਕੀ ਸਦਰ ਨੇ ਵਧਦੀ ਮਹਿੰਗਾਈ ਦੇ ਹਵਾਲੇ ਨਾਲ ਅਮਰੀਕੀ ਨਾਗਰਿਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਮੋਰਚੇ ’ਤੇ ਰਾਹਤ ਮਿਲਣ ਤੋਂ ਪਹਿਲਾਂ ਉਨ੍ਹਾਂ ਨੂੰ ਥੋੜ੍ਹੀ ਪੀੜ ਸਹਿਣੀ ਹੋਵੇਗੀ। 

ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨਾਲ ਗੱਲਬਾਤ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਬਾਇਡਨ ਨੇ ਸਵੀਕਾਰ ਕੀਤਾ ਕਿ ਅਮਰੀਕੀ ਅਰਥਚਾਰੇ ਵਿੱਚ ਮੁਸ਼ਕਲਾਂ ਹਨ, ਪਰ ਇਹ ‘ਹੋਰਨਾਂ ਮੁਲਕਾਂ ਦੇ ਮੁਕਾਬਲੇ ਘੱਟ ਹਨ।’ ਉਨ੍ਹਾਂ ਕਿਹਾ ਕਿ ਹਾਲਾਤ ਠੀਕ ਹੋਣ ਨੂੰ ਥੋੜ੍ਹਾਂ ਸਮਾਂ ਲੱਗੇਗਾ, ਪਰ ਉਨ੍ਹਾਂ ਇਸ ਵਿਚਾਰ ਨੂੰ ਖਾਰਜ ਕਰ ਦਿੱਤਾ ਕਿ ਅਮਰੀਕਾ ਵਿੱਚ ਹੁਣ ਮੰਦੀ ਨੂੰ ਟਾਲਿਆ ਨਹੀਂ ਜਾ ਸਕਦਾ। ਵਪਾਸ ਸਮਝੌਤੇ ਦੀ ਸ਼ੁਰੂਆਤ ਮੌਕੇ ਬਾਇਡਨ ਤੇ ਕਿਸ਼ਿਦਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ, ਜਦੋਂਕਿ ਹੋਰਨਾਂ ਮੁਲਕਾਂ ਦੇ ਨੁਮਾਇੰਦੇ ਵਰਚੁਅਲੀ ਇਸ ਵਿੱਚ ਸ਼ਾਮਲ ਹੋਏ। 

ਹਿੰਦ-ਪ੍ਰਸ਼ਾਂਤ ਆਰਥਿਕ ਚੌਖਟੇ ਵਿੱਚ ਅਮਰੀਕਾ ਨਾਲ ਜੁੜਨ ਵਾਲੇ ਦੇਸ਼ਾਂ ਵਿੱਚ ਆਸਟਰੇਲੀਆ, ਬਰੂਨੇਈ, ਭਾਰਤ, ਇੰਡੋਨੇਸ਼ੀਆ, ਜਾਪਾਨ, ਦੱਖਣੀ ਕੋਰੀਆ, ਮਲੇਸ਼ੀਆ, ਨਿਊਜ਼ੀਲੈਂਡ, ਫਿਲਪੀਨਜ਼, ਸਿੰਗਾਪੁਰ, ਥਾਈਲੈਂਡ ਤੇ ਵੀਅਤਨਾਮ ਸ਼ਾਮਲ ਹਨ। ਅਮਰੀਕਾ ਦੀ ਇਨ੍ਹਾਂ ਮੁਲਕਾਂ ਨਾਲ ਆਲਮੀ ਜੀਡੀਪੀ ਵਿੱਚ 40% ਦੀ ਭਾਈਵਾਲੀ ਹੈ। ਇਨ੍ਹਾਂ ਦੇਸ਼ਾਂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਕਰੋਨਾ ਮਹਾਮਾਰੀ ਤੇ ਯੂਕਰੇਨ ਉੱਤੇ ਰੂਸੀ ਹਮਲੇ ਕਰਕੇ ਪੈਦਾ ਅੜਿੱਕਿਆਂ ਮਗਰੋਂ ਹੋੲੇ ਇਸ ਸਮਝੌਤੇ ਨਾਲ ਉਨ੍ਹਾਂ ਨੂੰ ਸਮੂਹਿਕ ਰੂਪ ਵਿੱਚ ਆਪਣੇ ਅਰਥਚਾਰਿਆਂ ਨੂੰ ਭਵਿੱਖ ਲਈ ਤਿਆਰ ਕਰਨ ਵਿੱਚ ਮਦਦ ਮਿਲੇਗੀ। ਬਾਇਡਨ ਨੇ ਕਿਹਾ ਕਿ ਨਵੇਂ ਚੌਖਟੇ ਨਾਲ ਖਿੱਤੇ ਦੇ ਹੋਰਨਾਂ ਮੁਲਕਾਂ ਨਾਲ ਅਮਰੀਕੀ ਸਹਿਯੋਗ ਵੀ ਵਧੇਗਾ। -ਏਪੀ

ੲੇਸ਼ੀਆ-ਪ੍ਰਸ਼ਾਂਤ ਮੁਲਕ ਤਲਖ਼ੀ ਤੋਂ ਬਚਣ: ਚੀਨ

ਪੇਈਚਿੰਗ: ਜਾਪਾਨ ਵਿੱਚ ਭਲਕੇ ਕੁਆਡ ਆਗੂਆਂ ਦੀ ਹੋਣ ਵਾਲੀ ਸਿਖਰ ਵਾਰਤਾ ਤੋਂ ਪਹਿਲਾਂ ਚੀਨ ਨੇ ਏਸ਼ੀਆ-ਪ੍ਰਸ਼ਾਂਤ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਿੱਤੇ ਵਿੱਚ ਫੌਜੀ ਅੱਡਾ ਜਾਂ ਕੋਈ ਹੋਰ ਕੈਂਪ ਬਣਾਉਣ ਸਬੰਧੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਨ। ਚੀਨ ਦੇ ਵਿਦੇਸ਼ ਮੰਤਰੀ ਮੰਤਰੀ ਵਾਂਗ ਯੀ ਨੇ ਕਿਹਾ ਕਿ ਏਸ਼ੀਆ-ਪ੍ਰਸ਼ਾਂਤ ਖਿੱਤੇ ਦੀ ਸ਼ਾਂਤੀ ਤੇ ਖ਼ੁਸ਼ਹਾਲੀ ਨਾਲ ਨਾ ਸਿਰਫ ਖਿੱਤੇ ਦਾ ਬਲਕਿ ਵਿਸ਼ਵ ਦਾ ਭਵਿੱਖ ਜੁੜਿਆ ਹੈ। 

ਭਾਰਤ ਤੇ ਜਾਪਾਨ ‘ਕੁਦਰਤੀ ਭਾਈਵਾਲ’

ਟੋਕੀਓ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਜਾਪਾਨ ‘ਕੁਦਰਤੀ ਭਾਈਵਾਲ’ ਹਨ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਜਾਪਾਨੀ ਨਿਵੇਸ਼ ਦੀ ਅਹਿਮ ਭੂਮਿਕਾ ਹੈ। ਜਾਪਾਨ ਦੀ ਆਪਣੀ ਦੋ ਰੋਜ਼ਾ ਫੇਰੀ ਦੇ ਪਹਿਲੇ ਦਿਨ ਇਥੇ ਭਾਰਤੀ ਭਾਈਚਾਰੇ ਦੇ ਰੂਬਰੂ ਹੁੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਜਾਪਾਨ ਨਾਲ ਰੂਹਾਨੀ ਅਤੇ ਆਪਸੀ ਸਹਿਯੋਗ ਦਾ ਰਿਸ਼ਤਾ ਹੈ। ਜਾਪਾਨ ਦੇ ਆਪਣੇ ਹਮਰੁਤਬਾ ਫੁਮਿਓ ਕਿਸ਼ਿਦਾ ਦੇ ਸੱਦੇ ’ਤੇ ਟੋਕੀਓ ਪੁੱਜੇ ਸ੍ਰੀ ਮੋਦੀ ਨੇ ਕਿਹਾ, ‘‘ਭਾਰਤ ਤੇ ਜਾਪਾਨ ਕੁਦਰਤੀ ਭਾਈਵਾਲ ਹਨ ਅਤੇ ਭਾਰਤ ਦੀ ਵਿਕਾਸ ਯਾਤਰਾ ਵਿੱਚ ਜਾਪਾਨ ਦੀ ਅਹਿਮ ਭੂਮਿਕਾ ਰਹੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਦੇ ਵਿਸ਼ਵ ਨੂੰ ਭਗਵਾਨ ਬੁੱਧ ਵੱਲੋਂ ਵਿਖਾੲੇ ਰਾਹ ’ਤੇ ਤੁਰਨ ਦੀ ਲੋੜ ਹੈ। ਅੱਜ ਕੁੱਲ ਆਲਮ ਨੂੰ ਦਰਪੇਸ਼ ਚੁਣੌਤੀਆਂ, ਫਿਰ ਚਾਹੇ ਉਹ ਹਿੰਸਾ, ਬਦਅਮਨੀ, ਅਤਿਵਾਦ ਤੇ ਵਾਤਾਵਰਨ ਤਬਦੀਲੀ ਹੋਵੇ, ਤੋਂ ਮਾਨਵਤਾ ਨੂੰ ਬਚਾਉਣ ਲਈ ਇਹੀ ਤਰੀਕਾ ਹੈ।’’ ਉਨ੍ਹਾਂ ਕਿਹਾ ਕਿ ਸਮੱਸਿਆ ਕਿੰਨੀ ਵੀ ਵੱਡੀ ਹੋਵੇ, ਭਾਰਤ ਨੇ ਹਮੇਸ਼ਾ ਕੋਈ ਨਾ ਕੋਈ ਹੱਲ ਲੱਭਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਰੋਨਾ ਦੌਰਾਨ ਬੇਯਕੀਨੀ ਦਾ ਮਾਹੌਲ ਸੀ, ਪਰ ਉਸ ਹਾਲਾਤ ਵਿੱਚ ਵੀ ਭਾਰਤ ਨੇ ਆਪਣੇ ਨਾਗਰਿਕਾਂ ਨੂੰ ‘ਭਾਰਤ ਵਿੱਚ ਬਣੀ’ ਵੈਕਸੀਨ ਸਪਲਾਈ ਕੀਤੀ ਅਤੇ 100 ਤੋਂ ਵੱਧ ਮੁਲਕਾਂ ਨੂੰ ਵੀ ਭੇਜੀਆਂ। ਸ੍ਰੀ ਮੋਦੀ ਨੇ ਪਰਵਾਸੀ ਭਾਰਤੀਆਂ ਨੂੰ ਕਿਹਾ, ‘‘ਜਦੋਂ ਵੀ ਮੈਂ ਜਾਪਾਨ ਆਉਂਦਾ ਹਾਂ, ਮੈਂ ਤੁਹਾਡੇ ਇਸ ਸਨੇਹ ਨੂੰ ਵੇਖਦਾ ਹਾਂ।’’ ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ‘ਭਾਰਤ ਚਲੋ ਤੇ ਭਾਰਤ ਨਾਲ ਜੁੜੋ’ ਮੁਹਿੰਮ ਨਾਲ ਜੁੜਨ ਲਈ ਕਿਹਾ। ਸ੍ਰੀ ਮੋਦੀ ਆਪਣੇ ਹੋਟਲ ਦੇ ਬਾਹਰ ਉਡੀਕ ’ਚ ਖੜੇ ਲੜਕੇ ਨੂੰ ਵੀ ਮਿਲੇ। ਉਨ੍ਹਾਂ ਹਿੰਦੀ ਭਾਸ਼ਾ ’ਤੇ ਪਕੜ ਨੂੰ ਲੈ ਕੇ ਲੜਕੇ ਦੀ ਤਾਰੀਫ਼ ਕੀਤੀ ਤੇ ਉਸ ਵੱਲੋਂ ਤਿਆਰ ਰੇਖਾਚਿੱਤਰ ’ਤੇ ਆਟੋਗ੍ਰਾਫ਼ ਵੀ ਦਿੱਤੇ।

 

News Source link

- Advertisement -

More articles

- Advertisement -

Latest article