ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਈ
ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਫੀਡ ਦੇ ਭਾਅ ਵਿੱਚ ਹੋਏ ਵਾਧੇ ਕਾਰਨ ਪੰਜਾਬ ਵਿੱਚ ਦੁੱਧ ਦੇ ਖ਼ਰੀਦ ਭਾਅ ’ਚ 35 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਹੋਰ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 21 ਮਈ ਨੂੰ ਵੀ ਇਹ ਭਾਅ 20 ਰੁਪਏ ਵਧਾਇਆ ਗਿਆ ਸੀ। ਇਸ ਤਰ੍ਹਾਂ ਡੇਅਰੀ ਕਿਸਾਨਾਂ ਦੇ ਦੁੱਧ ਖ਼ਰੀਦ ਭਾਅ ਵਿੱਚ 21 ਮਈ ਤੋਂ ਹੁਣ ਤੱਕ 55 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਹਾਲਾਂਕਿ ਡੇਅਰੀ ਕਿਸਾਨਾਂ ਨੂੰ ਇਸ ਦਾ ਵੱਡਾ ਲਾਭ ਮਿਲੇਗਾ ਪਰ ਇਸ ਦਾ ਭਾਰ ਆਮ ਲੋਕਾਂ ’ਤੇ ਨਹੀਂ ਪਵੇਗਾ ਤੇ ਉਨ੍ਹਾਂ ਨੂੰ ਦੁੱਧ ਪੁਰਾਣੇ ਭਾਅ ’ਤੇ ਹੀ ਮਿਲੇਗਾ। ਇਸ ਫ਼ੈਸਲੇ ਨਾਲ ਗਾਂ ਦੇ ਦੁੱਧ ‘ਤੇ ਤਕਰੀਬਨ 2.60 ਰੁਪਏ ਪ੍ਰਤੀ ਕਿੱਲੋ ਅਤੇ ਮੱਝ ਦੇ ਦੁੱਧ ‘ਤੇ 3.85 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਵੇਗਾ।