ਦਿਲਬਾਗ ਸਿੰਘ ਗਿੱਲ
ਅਟਾਰੀ, 24 ਮਈ
ਗੁਰਦੁਆਰਾ ਕਰਤਾਰਪੁਰ ਸਾਹਿਬ, ਨਾਰੋਵਾਲ ਪਾਕਿਸਤਾਨ ਵਿਚ ਦਰਸ਼ਨਾਂ ਵੇਲੇ ਦੋ ਭਰਾ ਮਿਲੇ। ਇਹ ਭਰਾ ਦੇਸ਼ ਦੀ ਵੰਡ ਵੇਲੇ ਵਿਛੜੇ ਸਨ। ਦੋ ਭਰਾਵਾਂ ਦੇ ਮੇਲ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਫੁੱਲੇਵਾਲ ’ਚ ਰਹਿੰਦੇ ਸਿੱਕਾ ਖਾਨ 26 ਮਾਰਚ ਨੂੰ ਆਪਣੇ ਭਰਾ ਨੂੰ ਮਿਲਣ ਫੈਸਲਾਬਾਦ ਗਿਆ ਸੀ ਜੋ ਅੱਜ ਵਤਨ ਵਾਪਸੀ ਮੌਕੇ ਆਪਣੇ ਭਰਾ ਮੁਹੰਮਦ ਸਦੀਕ ਨੂੰ ਨਾਲ ਲੈ ਕੇ ਵਤਨ ਪਰਤਿਆ। ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤਣ ਮੌਕੇ ਅਟਾਰੀ ਸਰਹੱਦ ਵਿਚ ਪਹੁੰਚੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਅਟਾਰੀ ਸਰਹੱਦ ’ਤੇ ਸਿੱਕਾ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸੀ ਕਿ ਉਸ ਦਾ ਭਰਾ ਪਾਕਿਸਤਾਨ ਵਿੱਚ ਸਹੀ ਸਲਾਮਤ ਹੈ ਜਿਸ ਤੋਂ ਬਾਅਦ ਦੋਵਾਂ ਭਰਾ ਦੀ ਗੱਲਬਾਤ ਹੋਈ ਤੇ ਦੋਵੇਂ ਭਰਾ 10 ਜਨਵਰੀ ਨੂੰ ਕਰਤਾਰਪੁਰ ਸਾਹਿਬ, ਨਾਰੋਵਾਲ (ਪਾਕਿਸਤਾਨ) ਦੇ ਦਰਸ਼ਨਾਂ ਦੌਰਾਨ ਇੱਕ-ਦੂਜੇ ਨੂੰ ਮਿਲੇ। ਉਸ ਨੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਵੰਡ ਸਮੇਂ ਵਿਛੜੇ ਪਰਿਵਾਰਾਂ ਨੂੰ ਮਿਲਣ ਲਈ ਖੁੱਲ੍ਹੇ ਵੀਜ਼ੇ ਦਿੱਤੇ ਜਾਣ।