ਸਤਵਿੰਦਰ ਬਸਰਾ
ਲੁਧਿਆਣਾ, 22 ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 35ਵੀਆਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਦਿਨ ਜਰਖੜ ਹਾਕੀ ਅਕੈਡਮੀ ਨੇ ਜਿੱਥੇ ਸੀਨੀਅਰ ਵਰਗ ਵਿੱਚ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰ ਲਈ ਹੈ, ਉਥੇ ਕਿਲ੍ਹਾ ਰਾਏਪੁਰ ਅਤੇ ਬੈਚਮੇਟ ਕਲੱਬ ਸਾਹਨੇਵਾਲ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਚੁੱਕੇ ਹਨ। ਹਾਕੀ ਫੈਸਟੀਵਲ ਦੌਰਾਨ ਓਲੰਪੀਅਨ ਪ੍ਰਿਥੀਪਾਲ ਸਿੰਘ ਨੂੰ ਉਨ੍ਹਾਂ ਦੀ 39ਵੀਂ ਬਰਸੀ ਮੌਕੇ ਖਿਡਾਰੀਆਂ, ਪ੍ਰਬੰਧਕਾਂ ਅਤੇ ਖੇਡ ਪ੍ਰੇਮੀਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਅੱਜ ਦੇ ਮੈਚਾਂ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਹਰਿੰਦਰ ਸਿੰਘ ਭੁੱਲਰ ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਪੀਏਯੂ ਲੁਧਿਆਣਾ, ਹਿੰਮਤ ਸਿੰਘ ਪਾਇਲਟ ਅਮਰੀਕਾ, ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਟੀਮਾਂ ਨਾਲ ਜਾਣ-ਪਛਾਣ ਕੀਤੀ।
ਅੱਜ ਖੇਡੇ ਗਏ ਮੈਚਾਂ ਵਿੱਚ ਸਬ-ਜੂਨੀਅਰ ਵਰਗ ਵਿੱਚ ਏਕ ਨੂਰ ਅਕੈਡਮੀ ਨੇ ਨਨਕਾਣਾ ਸਾਹਿਬ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਨੂੰ 3-1 ਗੋਲਾਂ ਨਾਲ ਹਰਾਇਆ। ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਬੈਚਮੇਟ ਸਪੋਰਟਸ ਕਲੱਬ ਸਾਹਨੇਵਾਲ ਵਿਚਾਲੇ ਮੁਕਾਬਲਾ 7-7 ਗੋਲਾਂ ਨਾਲ ਬਰਾਬਰ ਰਿਹਾ। ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿਚ ਕਿਲ੍ਹਾ ਰਾਏਪੁਰ ਨੇ ਏਕ ਨੂਰ ਅਕੈਡਮੀ ਨੂੰ 8-1 ਗੋਲਾਂ ਦੀ ਵੱਡੇ ਫਰਕ ਨਾਲ ਹਰਾਇਆ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।