ਮੁੰਬਈ, 22 ਮਈ
ਮੁੰਬਈ ਦੀ 10 ਸਾਲਾ ਸਕੇਟਰ ਰਿਦਮ ਮਮਾਨੀਆ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਬੇਸ ਕੈਂਪ ਤੱਕ ਦੀ ਚੜ੍ਹਾਈ ਸਰ ਕਰਨ ਵਾਲੀ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਪਰਬਤਾਰੋਹੀ ਬਣ ਗਈ ਹੈ। ਉਸ ਨੇ ਇਹ ਚੜ੍ਹਾਈ 11 ਦਿਨਾਂ ਵਿੱਚ ਪੂਰੀ ਕੀਤੀ। ਚੜ੍ਹਾਈ ਮੌਕੇ ਰਿਦਮ ਨਾਲ ਉਸ ਦੇ ਮਾਪੇ- ਹਰਸ਼ਲ ਤੇ ਉਰਮੀ ਵੀ ਮੌਜੂਦ ਸਨ। ਉਰਮੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਰਿਦਮ ਸਬ-ਅਰਬਨ ਬਾਂਦਰਾ ਵਿੱੱਚ ਐੱਮਈਟੀ ਰਿਸ਼ੀਕੁਲ ਵਿਦਿਆਲਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਹੈ। ਉਹ 6 ਮਈ ਨੂੰ ਬਾਅਦ ਦੁਪਹਿਰ ਇਕ ਵਜੇ ਐਵਰੈਸਟ ਦੇ ਬੇਸ ਕੈਂਪ ’ਤੇ ਪੁੱਜੀ ਸੀ।’’ ਉਨ੍ਹਾਂ ਕਿਹਾ ਕਿ ਬੇਸ ਕੈਂਪ 5364 ਮੀਟਰ ਦੀ ਉਚਾਈ ’ਤੇ ਹੈ ਤੇ ਉਸ ਨੂੰ ਚੜ੍ਹਾਈ ਪੂਰਾ ਕਰਨ ਵਿੱਚ 11 ਦਿਨ ਲੱਗੇ। -ਪੀਟੀਆਈ