ਜਸਵੰਤ ਜੱਸ
ਫ਼ਰੀਦਕੋਟ, 21 ਮਈ
ਪਿੰਡ ਗੋਲੇਵਾਲੇ ਦੀ ਪੁਲੀਸ ਚੌਕੀ ਵਿੱਚ ਅੱਜ ਪਿੰਡ ਕਾਬਲਵਾਲਾ ਦੇ ਪੰਚਾਇਤ ਮੈਂਬਰਾਂ ਤੇ ਪੁਲੀਸ ਮੁਲਾਜ਼ਮਾਂ ਵਿੱਚ ਕਥਿਤ ਹੱਥੋਪਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਵਾਹਿਗੁਰੂ ਸਿੰਘ ਵਾਸੀ ਕਾਬਲਵਾਲਾ ਨੇ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੇ ਕੁਝ ਲੋਕਾਂ ਨੇ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਗਾਲਾਂ ਕੱਢੀਆਂ ਤੇ ਪਿੰਡ ਵਿੱਚ ਖਰੂਦ ਮਚਾਇਆ। ਇਸ ਸਬੰਧੀ ਜਸਵਿੰਦਰ ਸਿੰਘ, ਬਲਰਾਜ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ, ਗੁਰਦੇਵ ਸਿੰਘ ਤੇ ਜਸਵੀਰ ਸਿੰਘ ਪੁਲੀਸ ਚੌਕੀ ਵਿੱਚ ਆਪਣਾ ਪੱਖ ਰੱਖਣ ਲਈ ਗੲੇ ਸਨ, ਪਰ ਉਨ੍ਹਾਂ ਦੋਸ਼ ਲਾਇਆ ਕਿ ਉਥੇ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਤੇ ਸ਼ਿਕਾਇਤਕਰਤਾ ਦੀ ਕੁੱਟਮਾਰ ਵੀ ਕੀਤੀ, ਜਿਸ ਦੌਰਾਨ ਉਸ ਦੀ ਪੱਗ ਲੱਥ ਗਈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਾਹਿਗੁਰੂ ਸਿੰਘ ਨੂੰ ਬਿਨਾਂ ਕਾਰਨ ਕਮਰੇ ਵਿੱਚ ਵੀ ਬੰਦ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਨੇ ਪੁਲੀਸ ਮੁਲਾਜ਼ਮਾਂ ’ਤੇ ਸ਼ਿਕਾਇਤਕਰਤਾ ਤੇ ਮੋਹਤਬਰਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਚੌਕੀ ਦੇ ਬਾਹਰ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਵੀ ਜਨਤਕ ਕੀਤੀ ਹੈ, ਜਿਸ ਵਿੱਚ ਪੁਲੀਸ ਮੁਲਾਜ਼ਮ, ਸ਼ਿਕਾਇਤਕਰਤਾ ਦੀ ਕੁੱਟਮਾਰ ਕਰ ਰਹੇ ਹਨ। ਪਿੰਡ ਦੇ ਲੋਕਾਂ ਵੱਲੋਂ ਪੁਲੀਸ ਦੇ ਇਸ ਰਵੱਈਏ ਖ਼ਿਲਾਫ਼ ਡੀਜੀਪੀ ਪੰਜਾਬ ਅਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਵੀ ਭੇਜੀ ਗਈ ਹੈ।
ਦੂਜੇ ਪਾਸੇ ਚੌਕੀ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਆਏ ਲੋਕਾਂ ਨੇ ਉਸ ਨਾਲ ਦੁਰਵਿਹਾਰ ਕੀਤਾ ਤੇ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਚੌਕੀ ਇੰਚਾਰਜ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਕਿਸੇ ਨਾਲ ਵੀ ਦੁਰਵਿਵਹਾਰ ਨਹੀਂ ਕੀਤਾ ਗਿਆ।