ਮਕਬੂਲ ਅਹਿਮਦ
ਕਾਦੀਆਂ, 22 ਮਈ
ਇਥੋਂ ਨੇੜੇ ਸਥਿਤ ਪਿੰਡ ਭੰਗਵਾ ਦੇ ਸਾਬਕਾ ਫ਼ੌਜੀ ਦਾ ਕਤਲ ਕਰ ਦਿੱਤਾ। ਇਸ ਸਬੰਧ ’ਚ ਐੱਸਐੱਚਓ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਕਿ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਖਾਰਾ ਦੇ ਨੇੜੇ ਸੜਕ ਕਿਨਾਰੇ ਪਈ ਹੈ, ਜਿਸ ’ਤੇ ਉਹ ਪੁਲੀਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ। ਸ਼ੁਰੂਆਤੀ ਜਾਂਚ ’ਤੇ ਪਤਾ ਲੱਗਾ ਕਿ ਮ੍ਰਿਤਕ ਦਾ ਨਾਂ ਮਨਦੀਪ ਸਿੰਘ (37) ਪੁੱਤਰ ਬਾਵਾ ਸਿੰਘ ਵਾਸੀ ਪਿੰਡ ਭੰਗਵਾ ਹੈ ਅਤੇ ਉਹ ਸਾਬਕਾ ਫ਼ੌਜੀ ਹੈ। 17 ਸਾਲ ਫ਼ੌਜ ’ਚ ਨੌਕਰੀ ਕਰਨ ਮਗਰੋਂ ਉਸ ਨੇ ਹਾਲ ’ਚ ਹੀ ਚੰਡੀਗੜ੍ਹ ਸਥਿਤ ਪ੍ਰਾਈਵੇਟ ਕੰਪਨੀ ’ਚ ਨੌਕਰੀ ਸ਼ੁਰੂ ਕੀਤੀ ਸੀ। ਉਹ ਆਪਣੇ ਪਿੰਡ ’ਚ ਰਹਿੰਦੇ ਪਰਿਵਾਰ ਨੂੰ ਬਿਨਾਂ ਦੱਸੇ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਭੰਗਵਾ ਆ ਰਿਹਾ ਸੀ ਅਤੇ ਉਸ ਦੀ ਜੇਬ ਤੋਂ ਬਟਾਲਾ ਤੋਂ ਕਾਦੀਆਂ ਦੀ ਬੱਸ ਦੀ ਟਿਕਟ ਵੀ ਮਿਲੀ ਹੈ। ਸ਼ੱਕ ਹੈ ਕਿ ਦੇਰ ਰਾਤ ਹੀ ਰਸਤੇ ’ਚ ਹੀ ਪਿੰਡ ਖਾਰੇ ਕੋਲ ਉਸ ਦਾ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮਨਦੀਪ ਸਿੰਘ ਆਪਣੇ ਪਿਛੇ ਪਤਨੀ ਤੋਂ ਇਲਾਵਾ ਦੋ ਬੇਟੇ ਪਿੱਛੇ ਛੱਡ ਗਿਆ।ਮ੍ਰਿਤਕ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਰੰਜਿਸ਼ ਕਾਰਨ ਕੀਤਾ ਗਿਆ ਹੈ। ਕਤਲ ਕਰਨ ਮਗਰੋਂ ਉਸ ਦੀ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ ਹੈ। ਡੀਐੱਸਪੀ ਕਾਦੀਆਂ ਜਤਿੰਦਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ।