ਬੰਗਲੂਰੂ: ਓਲੰਪਿਕ ’ਚ ਕਾਂਸੀ ਤਗ਼ਮਾ ਜੇਤੂ ਬਿਰੇਂਦਰ ਲਾਕੜਾ ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਹਾਕੀ ਅੀਮ ਆਪਣੇ ਏਸ਼ੀਆ ਕੱਪ ਖ਼ਿਤਾਬ ਦੇ ਬਚਾਅ ਲਈ ਅੱਜ ਜਕਾਰਤਾ ਰਵਾਨਾ ਹੋ ਗਈ ਹੈ। ਭਾਰਤੀ ਟੀਮ ਪੂਲ ‘ਏ’ ’ਚ ਜਪਾਨ, ਪਾਕਿਸਤਾਨ ਤੇ ਮੇਜ਼ਬਾਨ ਇੰਡੋਨੇਸ਼ੀਆ ਨਾਲ ਭਿੜੇਗੀ ਜਦਕਿ ਮਲੇਸ਼ੀਆ, ਕੋਰੀਆ, ਓਮਾਨ ਤੇ ਬੰਗਲਾਦੇਸ਼ ਪੂਲ ‘ਬੀ’ ’ਚ ਸ਼ਾਮਲ ਹਨ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਸੋਮਵਾਰ ਨੂੰ ਪਾਕਿਸਤਾਨ ਖ਼ਿਲਾਫ਼ ਕਰੇਗਾ। ਲਾਕੜਾ ਨੇ ਹਾਕੀ ਇੰਡੀਆ ਦੇ ਪ੍ਰੈੱਸ ਬਿਆਨ ਰਾਹੀਂ ਕਿਹਾ, ‘ਇਹ ਟੀਮ ਲਾਜ਼ਮੀ ਤੌਰ ’ਤੇ ਉਤਸ਼ਾਹਿਤ ਹੈ। ਏਸ਼ੀਆ ਕੱਪ ਕਾਫੀ ਵੱਕਾਰੀ ਟੂਰਨਾਮੈਂਟ ਹੈ ਅਤੇ ਸਾਡੇ ਕੁਝ ਖਿਡਾਰੀ ਪਹਿਲੀ ਵਾਰ ਇਹ ਟੂਰਨਾਮੈਂਟ ਖੇਡਣਗੇ।’ ਜ਼ਿਕਰਯੋਗ ਹੈ ਕਿ ਭਾਰਤ ਨੇ 2017 ਬੰਗਲਾਦੇਸ਼ ਦੇ ਢਾਕਾ ’ਚ ਹੋਏ ਪਿਛਲੇ ਗੇੜ ਦੇ ਫਾਈਨਲ ’ਚ ਮਲੇਸ਼ੀਆ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। -ਪੀਟੀਆਈ