ਸਾਂ ਫਰਾਂਸਿਸਕੋ, 20 ਮਈ
ਟਵਿੱਟਰ ਖ਼ਰੀਦਣ ਦੇ ‘ਕੌੜੇ ਤਜਰਬੇ’ ਵਿਚੋਂ ਲੰਘ ਰਹੇ ਦੁਨੀਆ ਦਾ ਉੱਘਾ ਕਾਰੋਬਾਰੀ ਐਲਨ ਮਸਕ ਹੁਣ ਇਕ ਹੋਰ ਵਿਵਾਦ ਵਿਚ ਉਲਝ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਸਕ ਦੇ ਜਿਨਸੀ ਛੇੜਛਾੜ ਦੇ ਮਾਮਲੇ ਨੂੰ ਲੁਕੋਣ ਲਈ ਉਸ ਦੀ ਕੰਪਨੀ ‘ਸਪੇਸ ਐਕਸ’ ਨੇ ਇਕ ਫਲਾਈਟ ਅਟੈਂਡੈਂਟ ਨੂੰ ਢਾਈ ਲੱਖ ਡਾਲਰ ਅਦਾ ਕੀਤੇ ਸਨ। ਕਥਿਤ ਪੀੜਤਾ ਨੇ ਮਸਕ ’ਤੇ ਉਸ ਨੂੰ ਗਲਤ ਢੰਗ ਨਾਲ ਛੂਹਣ ਦਾ ਦੋਸ਼ ਲਾਇਆ ਸੀ। ਰਿਪੋਰਟ ਮੁਤਾਬਕ ਇਸ ਤੋਂ ਬਾਅਦ ਕੰਪਨੀ ਨੇ ਪੀੜਤਾ ਨੂੰ ਪੈਸੇ ਅਦਾ ਕੀਤੇ ਤਾਂ ਜੋ ਉਹ ਉਨ੍ਹਾਂ ਉਤੇ ਕੇਸ ਨਾ ਕਰੇ। ‘ਬਿਜ਼ਨਸ ਇਨਸਾਈਡਰ’ ਵਿਚ ਛਪੀ ਰਿਪੋਰਟ ਮੁਤਾਬਕ ਮਸਕ ਨੇ ਅਟੈਂਡੈਂਟ ਨੂੰ ਉਸ ਦੀ ਮਾਲਿਸ਼ ਕਰਨ ਲਈ ਕਿਹਾ ਸੀ। ਇਸ ਤੋਂ ਇਲਾਵਾ ਮਸਕ ਨੇ ਜਿਨਸੀ ਸਬੰਧ ਬਣਾਉਣ ਦੀ ਵੀ ਇੱਛਾ ਜ਼ਾਹਿਰ ਕੀਤੀ। ਇਹ ਘਟਨਾ 2016 ਦੀ ਹੈ ਤੇ ਮਸਕ ਦੇ ਇਕ ਪ੍ਰਾਈਵੇਟ ਜੈੱਟ ਵਿਚ ਵਾਪਰੀ ਦੱਸੀ ਗਈ ਹੈ। ਮਸਕ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਵਾਬ ਦੇਣ ਵਿਚ ਥੋੜ੍ਹਾਂ ਸਮਾਂ ਲੱਗੇਗਾ ਕਿਉਂਕਿ ‘ਇਸ ਕਹਾਣੀ ਵਿਚ ਹੋਰ ਵੀ ਕਈ ਮੋੜ ਹਨ। ਜੇ ਮੈਨੂੰ ਜਿਨਸੀ ਦੁਰਵਿਹਾਰ ਦੇ ਇਸ ਮਾਮਲੇ ਵਿਚ ਘੜੀਸਿਆ ਗਿਆ ਹੈ ਤਾਂ ਮੇਰੇ 30 ਸਾਲਾਂ ਦੇ ਕਰੀਅਰ ਵਿਚ ਇਹ ਅਜਿਹਾ ਪਹਿਲਾ ਮਾਮਲਾ ਹੋਵੇਗਾ।’ ਮਸਕ ਨੇ ਇਸ ਮਾਮਲੇ ਨੂੰ ‘ਸਿਆਸਤ ਤੋਂ ਪ੍ਰੇਰਿਤ ਕਰਾਰ’ ਦਿੱਤਾ ਹੈ। -ਆਈਏਐੱਨਐੱਸ