24.2 C
Patiāla
Tuesday, November 12, 2024

ਸਾਨੂੰ ਗੋਲੀਬੰਦੀ ਦੀ ਪੇਸ਼ਕਸ਼ ਨਾ ਕਰੋ: ਯੂਕਰੇਨ

Must read


ਕੀਵ, 19 ਮਈ

ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਸਲਾਹਕਾਰ ਮਿਖਾਇਲੋ ਪੋਡੋਲਯਾਕ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਗੋਲੀਬੰਦੀ ਦੀ ਕਿਸੇ ਵੀ ਪੇਸ਼ਕਸ਼ ਨੂੰ ਉਸ ਸਮੇਂ ਤੱਕ ਸਵੀਕਾਰ ਨਹੀਂ ਕਰੇਗਾ, ਜਦੋਂ ਤੱਕ ਸਾਰੀ ਰੂਸੀ ਫ਼ੌਜ ਵਾਪਸ ਨਹੀਂ ਚਲੀ ਜਾਂਦੀ। ਰੂਸ ਨਾਲ ਕਈ ਗੇੜ ਦੀ ਗੱਲਬਾਤ ’ਚ ਸ਼ਾਮਲ ਪੋਡੋਲਯਾਕ ਦਾ ਇਹ ਬਿਆਨ ਯੂਕਰੇਨ ਦੇ ਵਧ ਰਹੇ ਵਿਸ਼ਵਾਸ ਵੱਲ ਸੰਕੇਤ ਕਰਦਾ ਹੈ ਕਿ ਉਸ ਨੇ ਰੂਸੀ ਹਮਲੇ ਨੂੰ ਠੱਲ੍ਹ ਦਿੱਤਾ ਹੈ।

ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਮਾਰੀਓਪੋਲ ’ਚ ਹੁਣ ਤੱਕ 1730 ਯੂਕਰੇਨੀ ਫ਼ੌਜੀਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਰੈੱਡ ਕਰਾਸ ਨੇ ਕਿਹਾ ਕਿ ਉਨ੍ਹਾਂ ’ਚੋਂ ਸੈਂਕੜੇ ਫ਼ੌਜੀਆਂ ਨੂੰ ਜੰਗੀ ਕੈਦੀ ਵਜੋਂ ਦਰਜ ਕੀਤਾ ਗਿਆ ਹੈ। ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ ਨੇ ਕਿਹਾ ਕਿ ਯੂਕਰੇਨੀ ਜੰਗੀ ਕੈਦੀਆਂ ਦੀ ਰਜਿਸਟਰੇਸ਼ਨ ਦਾ ਕੰਮ ਰੂਸ ਅਤੇ ਯੂਕਰੇਨ ਵਿਚਕਾਰ ਸਮਝੌਤੇ ਮਗਰੋਂ ਮੰਗਲਵਾਰ ਤੋਂ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਐਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਸੀ ਕਿ ਰੈੱਡ ਕਰਾਸ ਨੂੰ ਮਾਰੀਓਪੋਲ ਦੇ ਲੜਾਕਿਆਂ ਤੱਕ ਫੌਰੀ ਪਹੁੰਚ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਆਤਮ ਸਮਰਪਣ ਕੀਤਾ ਹੈ।

ਰੂਸ ਨੇ ਪੁਰਤਗਾਲ ਦੇ ਪੰਜ ਡਿਪਲੋਮੈਟ ਕੱਢੇ: ਰੂਸ ਨੇ ਪੁਰਤਗਾਲ ਦੇ ਪੰਜ ਡਿਪਲੋਮੈਟਾਂ ਨੂੰ ਮੁਲਕ ’ਚੋਂ ਕੱਢ ਦਿੱਤਾ ਹੈ। ਰੂਸ ਨੇ ਇਹ ਕਾਰਵਾਈ ਲਿਸਬਨ ਵੱਲੋਂ ਪਿਛਲੇ ਮਹੀਨੇ ਰੂਸੀ ਸਫ਼ਾਰਤਖਾਨੇ ਦੇ ਅਮਲੇ ਦੇ 10 ਮੈਂਬਰਾਂ ਨੂੰ ਕੱਢਣ ਦੇ ਜਵਾਬ ’ਚ ਕੀਤੀ ਹੈ। ਯੂਰੋਪੀਅਨ ਮੁਲਕਾਂ ਵੱਲੋਂ ਰੂਸੀ ਸਫ਼ਾਰਤਖਾਨਿਆਂ ਦੇ 300 ਤੋਂ ਜ਼ਿਆਦਾ ਅਮਲੇ ਨੂੰ ਕੱਢਿਆ ਜਾ ਚੁੱਕਿਆ ਹੈ। ਰੂਸ ਨੇ ਪੁਰਤਗਾਲੀ ਸਫ਼ਾਰਤਖਾਨੇ ਦੇ ਪੰਜ ਮੈਂਬਰਾਂ ਨੂੰ 14 ਦਿਨਾਂ ਦੇ ਅੰਦਰ ਮੁਲਕ ਛੱਡਣ ਲਈ ਕਿਹਾ ਹੈ। ਰੂਸ ਨੇ ਬੁੱਧਵਾਰ ਨੂੰ ਫਰਾਂਸ, ਸਪੇਨ ਅਤੇ ਇਟਲੀ ਦੇ ਸਫ਼ਾਰਤੀ ਅਮਲੇ ਦੇ 85 ਵਿਅਕਤੀਆਂ ਨੂੰ ਕੱਢਣ ਦੇ ਹੁਕਮ ਜਾਰੀ ਕੀਤੇ ਸਨ। -ਏਪੀ

ਰੂਸੀ ਫ਼ੌਜੀ ਖ਼ਿਲਾਫ਼ ਜੰਗੀ ਅਪਰਾਧ ਦਾ ਮੁਕੱਦਮਾ ਸ਼ੁਰੂ

ਯੂਕਰੇਨ ਵੱਲੋਂ ਰੂਸੀ ਫ਼ੌਜੀ ਸਾਰਜੈਂਟ ਵਾਦਿਮ ਸ਼ਿਸ਼ੀਮਾਰੀਨ (21) ਖ਼ਿਲਾਫ਼ ਚਲਾਏ ਜਾ ਰਹੇ ਜੰਗੀ ਅਪਰਾਧ ਦੇ ਮੁਕੱਦਮੇ ਦੌਰਾਨ ਉਸ ਨੇ ਕਿਹਾ ਕਿ ਆਪਣੇ ਦੋ ਅਧਿਕਾਰੀਆਂ ਦੇ ਹੁਕਮਾਂ ’ਤੇ ਉਸ ਨੇ ਆਮ ਨਾਗਰਿਕ ਨੂੰ ਗੋਲੀ ਮਾਰੀ ਸੀ। ਉਸ ਨੇ ਵਿਧਵਾ ਮਹਿਲਾ ਨੂੰ ਕਿਹਾ ਕਿ ਉਹ ਉਸ ਨੂੰ ਮੁਆਫ਼ ਕਰ ਦੇਵੇ। ਮਹਿਲਾ ਕੈਟਰੀਨਾ ਸ਼ੇਲੀਪੋਵਾ ਨੇ ਕਿਹਾ ਕਿ ਉਸ ਦਾ ਪਤੀ ਓਲੈਕਸਾਂਦਰ ਸ਼ੇਲੀਪੋਵ ਗੋਲੀਆਂ ਦੀ ਆਵਾਜ਼ ਸੁਣ ਕੇ ਘਰ ਤੋਂ ਬਾਹਰ ਗਿਆ ਸੀ। ਜਦੋਂ ਗੋਲੀਆਂ ਦੀ ਆਵਾਜ਼ ਬੰਦ ਹੋ ਗਈ ਤਾਂ ਉਹ ਘਰ ਦੇ ਬਾਹਰ ਗਈ ਜਿਥੇ ਉਸ ਦੇ ਪਤੀ ਦੀ ਲਾਸ਼ ਪਈ ਸੀ। ਸ਼ੇਲੀਪੋਵਾ ਨੇ ਕਿਹਾ ਕਿ ਸ਼ਿਸ਼ੀਮਾਰੀਨ ਨੂੰ ਉਮਰ ਕੈਦ ਹੋਣੀ ਚਾਹੀਦੀ ਹੈ ਪਰ ਉਸ ਨੇ ਇਹ ਵੀ ਆਖਿਆ ਕਿ ਜੇ ਉਸ ਨੂੰ ਯੂਕਰੇਨੀ ਫ਼ੌਜੀਆਂ ਬਦਲੇ ਛੱਡਿਆ ਜਾਂਦਾ ਹੈ ਤਾਂ ਉਹ ਬੁਰਾ ਨਹੀਂ ਮਨਾਏਗੀ।

ਡਬਲਿਊਐੱਚਓ ਮੁਖੀ ਨੇ ਲਾਵਰੋਵ ਨਾਲ ਕੀਤੀ ਗੱਲਬਾਤ

ਜਨੇਵਾ: ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਮੁਖੀ ਟੈਡਰੋਸ ਅਧਾਨੌਮ ਗੈਬ੍ਰਿਸਿਸ ਨੇ ਕਿਹਾ ਹੈ ਕਿ ਉਨ੍ਹਾਂ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਯੂਕਰੇਨ ਦੇ ਹਾਲਾਤ ਅਤੇ ਆਲਮੀ ਸਿਹਤ ਮਾਮਲਿਆਂ ਬਾਰੇ ਰੂਸ ਦੀ ਭੂਮਿਕਾ ਦੇ ਸਬੰਧ ’ਚ ਗੱਲਬਾਤ ਕੀਤੀ ਹੈ। ਉਨ੍ਹਾਂ ਟਵਿੱਟਰ ’ਤੇ ਲਾਵਰੋਵ ਨੂੰ ਕਿਹਾ ਕਿ ਰੂਸ, ਮਾਰੀਓਪੋਲ, ਖੇਰਸਨ, ਦੱਖਣੀ ਜ਼ਾਪੋਰਿਜ਼ਜ਼ੀਆ ਅਤੇ ਹੋਰ ਇਲਾਕਿਆਂ ’ਚ ਸਿਹਤ ਸਹਾਇਤਾ ਪਹੁੰਚਾਉਣ ਲਈ ਸੁਰੱਖਿਅਤ ਰਾਹ ਦੇਵੇ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਆਮ ਨਾਗਰਿਕਾਂ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ। -ਰਾਇਟਰਜ਼





News Source link

- Advertisement -

More articles

- Advertisement -

Latest article